ਚੰਡੀਗੜ੍ਹ (ਪਰਾਸ਼ਰ) — ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੇ। ਇਸਦੀ ਥਾਂ ਉਹ ਲੋਕਾਂ ਨੂੰ ਦੱਸੇ ਕਿ ਉਸਨੇ ਪਿਛਲੇ 3 ਮਹੀਨਿਆਂ ਦੌਰਾਨ ਪੰਜਾਬ ਲਈ ਕਿਹੜਾ ਕੰਮ ਕੀਤਾ ਹੈ। ਪੰਜਾਬ ਕਾਂਗਰਸ 'ਤੇ ਜਨਤਾ ਨੂੰ ਕਦੇ ਵੀ ਪੂਰੇ ਨਾ ਹੋ ਸਕਣ ਵਾਲੇ ਸੁਪਨੇ ਦਿਖਾਉਣ ਦਾ ਦੋਸ਼ ਲਾਉਂਦੇ ਹੋਏ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਹੁਣ ਤਕ ਕੁਝ ਵੀ ਕੀਤਾ ਹੈ ਤਾਂ ਲੋਕਾਂ ਨੂੰ ਦੱਸੇ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਕੰਮਾਂ ਬਾਰੇ ਕੁਝ ਨਹੀਂ ਸੁਣਨਾ ਚਾਹੁੰਦੇ, ਜਿਨ੍ਹਾਂ ਦਾ ਤੁਸੀਂ ਹਾਲੇ ਕਰਨ ਦਾ ਇਰਾਦਾ ਰੱਖਦੇ ਹੋ। ਉਨ੍ਹਾਂ ਕੰਮਾਂ ਬਾਰੇ ਐਲਾਨ ਕਰਨ ਲਈ ਤੁਹਾਨੂੰ ਸਰਕਾਰੀ ਪੈਸਾ ਬਰਬਾਦ ਕਰਨ ਦੀ ਲੋੜ ਨਹੀਂ ਹੈ। ਸਿਰਫ ਇਹ ਦੱਸੋ ਕਿ ਤੁਸੀਂ ਹੁਣ ਤਕ ਕਿਹੜਾ ਚੋਣ ਵਾਅਦਾ ਪੂਰਾ ਕੀਤਾ ਹੈ।
ਕਾਂਗਰਸ ਸਰਕਾਰ ਵਲੋਂ ਇਸ਼ਤਿਹਾਰਬਾਜ਼ੀ 'ਚ ਬੋਲੇ ਗਏ ਝੂਠਾਂ ਬਾਰੇ ਜਾਣਕਾਰੀ ਦਿੰਦੇ ਹੋਏ ਢੀਂਡਸਾ ਨੇ ਕਿਹਾ ਕਿ ਤੁਸੀਂ ਹਾਲੇ ਤਕ ਇਕ ਵੀ ਕਿਸਾਨ ਦਾ ਕਰਜ਼ਾ ਮਾਫ ਨਹੀਂ ਕੀਤਾ ਹੈ। ਤੁਸੀਂ ਪਿਛਲੇ 3 ਸਾਲਾਂ ਦੌਰਾਨ ਗ੍ਰਿਫਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਦੇ ਮੁਖੀਆਂ ਦੀ ਸੂਚੀ ਵੀ ਹਾਲੇ ਤਿਆਰ ਕਰਨੀ ਹੈ। ਤੁਸੀਂ ਹਾਲੇ ਤਕ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਇਸ ਤਰ੍ਹਾਂ ਦੀ ਝੂਠੀ ਇਸ਼ਤਿਹਾਰਬਾਜ਼ੀ ਨਾਲ ਕਿਸ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹੋ।
ਅਕਾਲੀ ਸੰਸਦ ਮੈਂਬਰ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਇਕ ਵੀ ਪ੍ਰਾਪਤੀ ਨਾ ਕਰਨ ਵਾਲੀ ਕਾਂਗਰਸ ਸਰਕਾਰ ਦੀ ਇਸ਼ਤਿਹਾਰਬਾਜ਼ੀ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਸਿਹਰਾ ਆਪਣੇ ਸਿਰ ਲਿਆ ਜਾ ਰਿਹਾ ਹੈ। ਕਾਂਗਰਸ ਸਰਕਾਰ ਵਲੋਂ ਇਕ ਝੂਠਾ ਦਾਅਵਾ ਇਹ ਕੀਤਾ ਗਿਆ ਹੈ ਕਿ ਨਸ਼ਿਆਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਪੁਲਸ ਵਲੋਂ ਪੂਨਰਵਾਸ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਸਾਰੇ ਜਾਣਦੇ ਹਨ ਕਿ ਨਸ਼ਿਆਂ ਖਿਲਾਫ ਇਕ ਪੂਨਰਵਾਸ ਪ੍ਰੋਗਰਾਮ ਬਾਦਲ ਸਰਕਾਰ ਵਲੋਂ ਪੀ. ਜੀ. ਆਈ. ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ। ਕਾਂਗਰਸ ਸਰਕਾਰ ਨੇ ਇਸ ਪ੍ਰੋਗਰਾਮ 'ਚ ਕੋਈ ਇਜ਼ਾਫਾ ਨਹੀਂ ਕੀਤਾ। ਅਕਾਲੀ ਨੇਤਾ ਨੇ ਕਿਹਾ ਕਿ ਕਾਂਗਰਸ ਵਲੋਂ ਆਪਣੀ ਗੱਡੀ ਆਪਣਾ ਰੁਜ਼ਗਾਰ ਸਕੀਮ ਦੇ ਨਾਂ 'ਤੇ ਮਾਰੀ ਜਾ ਰਹੀ ਡੀਂਗ ਨੂੰ ਪੰਜਾਬੀ ਨੌਜਵਾਨਾਂ ਦੀ ਪਿੱਠ 'ਚ ਛੁਰਾ ਮਾਰਨ ਦੇ ਬਰਾਬਰ ਹੈ।
ਬਠਿੰਡਾ ਮਗਰੋਂ 3 ਹੋਰ ਥਰਮਲ ਪਲਾਂਟ ਹੋਏ ਮੁਕੰਮਲ ਬੰਦ
NEXT STORY