ਲੁਧਿਆਣਾ,(ਹਿਤੇਸ਼)- ਰਾਹੁਲ ਗਾਂਧੀ ਦੇ ਦੋ ਦਿਨਾਂ ਪੰਜਾਬ ਦੌਰੇ ਨੂੰ ਚਾਹੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਦੇ ਵਿਰੋਧ ਦਾ ਨਾਮ ਦਿੱਤਾ ਗਿਆ ਹੈ ਪਰ ਇਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਦਾ ਸਭ ਤੋਂ ਅਹਿਮ ਪਹਿਲੂ ਇਸ ਦੌਰੇ ਲਈ ਪੰਜਾਬ ਕਾਂਗਰਸ ਵੱਲੋਂ ਫਾਈਨਲ ਕੀਤਾ ਗਿਆ ਰੂਟ ਹੈ, ਜਿਸ ਵਿਚ ਟਰੈਕਟਰ ਰੈਲੀ ਕੱਢਣ ਲਈ ਦੋਆਬਾ-ਮਾਝਾ ਦਾ ਇਕ ਵੀ ਇਲਾਕਾ ਸ਼ਾਮਲ ਨਹੀਂ ਕੀਤਾ ਗਿਆ ਜਦੋਂਕਿ ਸਾਰਾ ਫੋਕਸ ਮਾਲਵਾ ਦੇ ਅਧੀਨ ਆਉਂਦੇ ਇਲਾਕੇ ਵਿਚ ਹੀ ਰੱਖਿਆ ਗਿਆ ਹੈ, ਜਿਸ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ ਕਿਉਂਕਿ ਮਾਲਵਾ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਇਥੇ ਸੰਨ੍ਹ ਲਗਾਉਣ ਵਿਚ ਕਾਮਯਾਬ ਹੋਈ ਸੀ। ਹੁਣ ਖੇਤੀ ਬਿੱਲ ਦੇ ਮੁੱਦੇ ’ਤੇ ਐੱਨ. ਡੀ. ਏ. ਤੋਂ ਬਾਹਰ ਆਉਣ ਦੇ ਬਾਵਜੂਦ ਕਿਸਾਨਾਂ ਵਿਚ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਹੋਈ ਹੈ ਅਤੇ ਮਾਲਵਾ ਦੇ ਸ਼ਹਿਰੀ ਇਲਾਕੇ ਵਿਚ ਭਾਜਪਾ ਦਾ ਸਾਥ ਛੱਡਣ ਦਾ ਨੁਕਸਾਨ ਹੋਣਾ ਵੀ ਤੈਅ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੇਡਰ ਵੀ ਮਾਲਵਾ ਦੇ ਇਲਾਕਿਆਂ ਵਿਚ ਪਹਿਲਾਂ ਜਿੰਨਾ ਮਜ਼ਬੂਤ ਨਹੀਂ ਰਿਹਾ, ਜਿਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਖੇਤੀ ਬਿੱਲ ਦੇ ਵਿਰੋਧ ਦੀ ਮੁਹਿੰਮ ਦੇ ਬਹਾਨੇ ਇਕ ਤੀਰ ਨਾਲ 2 ਨਿਸ਼ਾਨੇ ਲਾਉਣ ਦੀ ਰਣਨੀਤੀ ਬਣਾਈ ਗਈ ਹੈ, ਜਿਸ ਵਿਚ ਕਿਸਾਨਾਂ ਨੂੰ ਨਾਲ ਜੋੜਨ ਦੇ ਨਾਲ ਰਾਹੁਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਰਕਰਾਂ ਦੇ ਵਿਚ ਲਿਜਾ ਕੇ ਉਨ੍ਹਾਂ ਵਿਚ ਜੋਸ਼ ਭਰਨ ਦਾ ਟਾਰਗੈਟ ਰੱਖਿਆ ਗਿਆ ਹੈ।
ਅੱਜ ਪੰਜਾਬ ਦੌਰੇ 'ਤੇ ਆਉਣਗੇ ਰਾਹੁਲ ਗਾਂਧੀ, ਕਿਸਾਨਾਂ ਦੇ ਸਮਰਥਨ 'ਚ ਕਰਨਗੇ ਟ੍ਰੈਕਟਰ ਰੈਲੀ
NEXT STORY