ਸਮਾਣਾ (ਦਰਦ) : ਸਿਵਲ ਹਸਪਤਾਲ ਸਮਾਣਾ ’ਚ ਇਕ ਡਾਕਟਰ ਵੱਲੋਂ ਹਸਪਤਾਲ ’ਚ ਕੰਮ ਕਰਦੇ ਸਟਾਫ਼ ਕਲਰਕ ਨੂੰ ਥੱਪੜ ਮਾਰ ਦਿੱਤਾ ਗਿਆ, ਜਿਸ ਤੋਂ ਭੜਕੇ ਕਲੈਰੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦੇ ਮੈਂਬਰਾਂ ਨੇ ਅਮਰਜੈਂਸੀ ਸਾਹਮਣੇ ਉਕਤ ਡਾਕਟਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਉਕਤ ਡਾਕਟਰ ਨੂੰ ਮੁਅੱਤਲ ਕਰ ਕੇ ਉਸ ਖਿਲਾਫ਼ ਪੁਲਸ ਰਿਪੋਰਟ ਦਰਜ ਕਰਨ ਦੀ ਮੰਗ ਕੀਤੀ।
ਇਸ ਘਟਨਾ ਨਾਲ ਹਸਪਤਾਲ ’ਚ ਇਲਾਜ ਲਈ ਆਏ ਸੈਂਕੜੇ ਮਰੀਜ਼ਾਂ ਦੇ ਨਾਲ-ਨਾਲ ਕੋਰੋਨਾ ਨਮੂਨੇ ਦੇਣ ਆਏ ਦਰਜ਼ਨਾਂ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਿਨ੍ਹਾਂ ਇਲਾਜ ਕਰਵਾਏ ਹੀ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦਾ ਦਫ਼ਤਰ ਕਲਰਕ ਅਨੁਰਾਗ ਐਤਵਾਰ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਡਿਊਟੀ ’ਤੇ ਤਾਇਨਾਤ ਡਾ. ਨਰੇਸ਼ ਬਾਂਸਲ ਕੋਲ ਕੰਮ ਲਈ ਗਿਆ ਸੀ।
ਕੰਮ ਤੋਂ ਜਵਾਬ ਮਿਲਣ ਉਪਰੰਤ ਉਕਤ ਕਲਰਕ ਦਾ ਰਿਸ਼ਤੇਦਾਰ ਕਿਸੇ ਨਿੱਜੀ ਹਸਪਤਾਲ ’ਚ ਆਪਣਾ ਕੰਮ ਕਰਵਾ ਕੇ ਸੋਮਵਾਰ ਸਵੇਰੇ ਡਾ. ਨਰੇਸ਼ ਬਾਂਸਲ ਕੋਲ ਮਰੀਜ਼ ਦੀ ਐਂਟਰੀ ਕਰਵਾਉਣ ਗਿਆ ਤਾਂ ਗੁੱਸੇ ’ਚ ਆਇਆ ਡਾਕਟਰ ਉਨ੍ਹਾਂ ਲੋਕਾਂ ਨੂੰ ਆਪਣੇ ਕਮਰੇ ’ਚ ਬਿਠਾ ਕੇ ਖੁਦ ਕਲਰਕ ਅਨੁਰਾਗ ਦੇ ਕਮਰੇ ’ਚ ਜਾ ਪਹੁੰਚਿਆ ਅਤੇ ਉਥੇ ਮੌਜੂਦ ਅਨੁਰਾਗ ਦੇ ਮੂੰਹ ’ਤੇ ਥਪੜ ਜੜ ਦਿੱਤਾ। ਹਾਜ਼ਰ ਸਟਾਫ਼ ਕਰਮਚਾਰੀਆਂ ਨੇ ਤੁਰੰਤ ਬਚਾਅ ਕਰ ਕੇ ਉਨ੍ਹਾਂ ਨੂੰ ਲੜਨ ਤੋਂ ਬਚਾਇਆ। ਇਸ ਤੋਂ ਬਾਅਦ ਇਕੱਤਰ ਹੋਏ ਕਲੈਰੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦੇ ਮੈਂਬਰਾਂ ਨੇ ਕੰਮਕਾਜ ਬੰਦ ਕਰ ਕੇ ਹਸਪਤਾਲ ਦੇ ਅਮਰਜੈਂਸੀ ਦੇ ਬਾਹਰ ਇਕੱਤਰ ਉਕਤ ਡਾਕਟਰ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਇਕ ਕੋਰੋਨਾ ਮਰੀਜ਼ ਨੂੰ ਲੈ ਕੇ ਪਹੁੰਚੀ ਐਂਬੂਲੈਂਸ ਗੱਡੀ ਨੂੰ ਵੀ ਪਟਿਆਲਾ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਪੁਲਸ ਦੇ ਦਖ਼ਲ ਤੋਂ ਬਾਅਦ ਐਂਬੂਲੈਂਸ ਪਟਿਆਲਾ ਭੇਜੀ ਗਈ। ਐੱਸ. ਐੱਮ. ਓ. ਡਾ. ਸਤਿੰਦਰਪਾਲ ਸਿੰਘ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਉਪਰੰਤ ਵੀ ਮਾਮਲਾ ਨਾ ਹੱਲ ਹੋਣ ’ਤੇ ਪਟਿਆਲਾ ਤੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੂੰ ਤੁਰੰਤ ਸਮਾਣਾ ਆਉਣਾ ਪਿਆ। ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਕੇ ਦੁਪਹਿਰ ਬਾਅਦ ਲਿਖਤੀ ਮੁਆਫ਼ੀਨਾਮੇ ਉਪਰੰਤ ਸਮਝੌਤਾ ਕਰਵਾਇਆ ਅਤੇ ਮਾਮਲੇ ਨੂੰ ਨਿਪਟਾਇਆ।
ਮਾਨਸਿਕ ਪਰੇਸ਼ਾਨੀ ਦੇ ਚੱਲਦਿਆ ਸਾਬਕਾ ਫ਼ੌਜੀ ਨੇ ਖੁਦ ਨੂੰ ਮਾਰੀ ਗੋਲੀ
NEXT STORY