ਚੰਡੀਗੜ੍ਹ,(ਸ਼ਰਮਾ)– ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਨੂੰ ਨਿਗਮ ਚੋਣਾਂ ਵਿਚ ਆਪਣੀ ਹਾਰ ਮੰਨਦਿਆਂ ਅਤੇ ਸੂਬੇ ਦੇ ਲੋਕਾਂ ਵਿਚ ਆਪਣਾ ਸਮਰਥਨ ਗੁਆਉਂਦਿਆਂ ਕਾਂਗਰਸ ਨੂੰ ਚਿਤਾਵਨੀ ਅਤੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਕਾਂਗਰਸੀਆਂ ਕੋਲ ਦਮ ਹੈ ਤਾਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦਾ ਸਾਹਮਣਾ ਕਰਨ, ਕਿਸਾਨਾਂ ਦੀ ਆੜ ਲੈ ਕੇ ਭਾਜਪਾ ਨੇਤਾਵਾਂ ਦਾ ਰਾਹ ਨਾ ਰੋਕਣ। ਕਿਸਾਨਾਂ ਦੀ ਆੜ ਲੈ ਕੇ ਗੁੰਡਾਗਰਦੀ ਕਰ ਕੇ ਭਾਜਪਾ ਆਗੂਆਂ ਦਾ ਰਾਹ ਨਾ ਰੋਕੋ। ਉਨ੍ਹਾਂ ਕਿਹਾ ਕਿ ਕਿਸਾਨ ਪਸੀਨਾ ਵਹਾਉਂਦਾ ਹੈ, ਲਹੂ ਨਹੀਂ, ਭਾਜਪਾ ਨੇਤਾਵਾਂ ਅਤੇ ਵਰਕਰਾਂ ਦਾ ਰਾਹ ਰੋਕਣਾ ਕਾਂਗਰਸੀਆਂ ਦਾ ਕੰਮ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸ਼ਰੇਆਮ ਗੁੰਡਾਗਰਦੀ ਹੀ ਕਰਨੀ ਹੈ ਤਾਂ ਚੋਣ ਡਰਾਮਾ ਕਰਨ ਦੀ ਕੀ ਲੋੜ ਹੈ? ਸਿੱਧੇ-ਸਿੱਧੇ ਆਹਮੋ-ਸਾਹਮਣੇ ਹੋ ਜਾਂਦੇ ਹਾਂ, ਨਿਹੱਥੇ ਲੋਕਾਂ ’ਤੇ ਹਮਲਾ ਕਰਨਾ ਕਿਥੋਂ ਦੀ ਬਹਾਦਰੀ ਹੈ, ਜੇ ਲੋਕਤੰਤਰ ਦੀ ਹੱਤਿਆ ਹੀ ਕਰਨੀ ਹੈ ਤਾਂ ਚੋਣਾਂ ਕਿਉਂ ਕਰਵਾ ਰਹੇ ਹੋ? ਕੈਪਟਨ ਨੇ ਲੋਕਤੰਤਰ ਨੂੰ ਅਗਵਾ ਕਰ ਇਕ ਬੰਧੂਆ ਮਜ਼ਦੂਰ ਬਣਾ ਲਿਆ ਹੈ। ਪੰਜਾਬ ਪੁਲਸ ਅਤੇ ਡੀ. ਜੀ. ਪੀ. ਪੰਜਾਬ ਕੈਪਟਨ ਦੇ ਪਿੱਠੂ ਬਣੇ ਹੋਏ ਹਨ ਅਤੇ ਸਪੱਸ਼ਟ ਤੌਰ ’ਤੇ ਕੈਪਟਨ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ ਹਨ।
ਅਸ਼ਵਨੀ ਸ਼ਰਮਾ ਨੇ ਆਪਣੀ ਅਬੋਹਰ ਫੇਰੀ ਦੌਰਾਨ ਹਮਲਾਵਰਾਂ ਕੋਲ ਖਤਰਨਾਕ ਹਥਿਆਰ (ਬਰਛੇ, ਲੋਹੇ ਦੀਆਂ ਰੌਡਾਂ, ਪੱਥਰ ਆਦਿ) ਅਤੇ ਹੋਰ ਸਮੱਗਰੀ ਦੀ ਆਮਦ ਅਤੇ ਪੁਲਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਭ ਕੁਝ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਹੈ ਅਤੇ ਇਸ ਵਿਚ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਸਾਫ ਨਜ਼ਰ ਆਉਂਦੀ ਹੈ। ਉਨ੍ਹਾਂ ਪੁਲਸ ਸੁਰੱਖਿਆ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਪੁਲਸ ਨੂੰ ਪੁੱਛਿਆ ਕਿ ਪ੍ਰਦਰਸ਼ਨਕਾਰੀ ਅਤੇ ਗੈਰ-ਸਮਾਜਿਕ ਲੋਕ ਮੇਰੇ ਪ੍ਰੋਗਰਾਮ ਤੱਕ ਕਿਵੇਂ ਪਹੁੰਚੇ? ਉਨ੍ਹਾਂ ਕਿਹਾ ਕਿ ਜਿਥੇ ਵੀ ਥਾਣਾ ਸਦਰ ਦਾ ਇੰਚਾਰਜ ਹੈ, ਉਥੇ ਇਹ ਬਦਮਾਸ਼ ਕਿਵੇਂ ਪਹੁੰਚਦੇ ਹਨ? ਸੂਬਾ ਪ੍ਰਧਾਨ ਨੇ ਸਾਰੇ ਘਟਨਾਕ੍ਰਮ ਦੀ ਜਾਂਚ ਦੀ ਮੰਗ ਕੀਤੀ।
ਅਸ਼ਵਨੀ ਸ਼ਰਮਾ ਨੇ ਸਿੱਧੇ ਤੌਰ ’ਤੇ ਪੁਲਸ ਨੂੰ ਕਿਹਾ ਕਿ ਪੁਲਸ ਉਨ੍ਹਾਂ ਨੂੰ ਦੱਸ ਦੇਵੇ ਕਿ ਅੱਗੇ ਉਨ੍ਹਾਂ ’ਤੇ ਕਿੱਥੇ ਹਮਲਾ ਕੀਤਾ ਜਾਵੇਗਾ। ਉਹ ਕਾਰ ਵਿਚ ਨਹੀਂ ਬੈਠਣਗੇ ਭਾਵੇਂ ਕਿਸਾਨਾਂ ਦੇ ਨਾਮ ’ਤੇ ਕਾਂਗਰਸੀ ਗੁੰਡੇ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਲੈ ਲੈਣ? ਉਨ੍ਹਾਂ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਇਸ ਤੋਂ ਵੱਧ ਹੋਰ ਕੀ ਹੋਵੇਗੀ ਕਿ ਅੱਜ ਪੰਜਾਬ ਨੂੰ ਸਬ ਤੋਂ ਕਮਜ਼ੋਰ ਡੀ. ਜੀ. ਪੀ. ਮਿਲਿਆ ਹੋਇਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਨੇ ਜੋ ਪੰਜਾਬ ਦੇ ਹਾਲਾਤ ਬਣਾ ਦਿੱਤੇ ਹਨ, ਉਸ ਨੂੰ ਦੰਦਾਂ ਨਾਲ ਖੋਲ੍ਹਣਾ ਵੀ ਮੁਸ਼ਕਲ ਹੋਵੇਗਾ। ਅਸੀਂ ਸਾਰੇ ਪੰਜਾਬ ਦੀ ਅਮਨ-ਸ਼ਾਂਤੀ ਲੱਭਦੇ ਰਹਿ ਜਾਵਾਂਗੇ। ਪੰਜਾਬ ਪਹਿਲਾਂ ਹੀ ਬਹੁਤ ਦੁੱਖ ਝੱਲ ਚੁੱਕਾ ਹੈ ਅਤੇ ਹੁਣ ਕੈਪਟਨ ਅਤੇ ਕਾਂਗਰਸ ਪੰਜਾਬ ਨੂੰ 1984 ਦੇ ਕਾਲੇ ਦੌਰ ਵਿਚ ਦੋਬਾਰਾ ਧੱਕ ਰਹੀ ਹੈ। ਭਾਜਪਾ ਨੇ ਹਮੇਸ਼ਾ ਪੰਜਾਬ ਦੀ ਸ਼ਾਂਤੀ ਬਣਾਈ ਰੱਖਣ ਦੀ ਕੋਸਿ਼ਸ਼ ਕੀਤੀ ਹੈ ਅਤੇ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ।
ਪੰਜਾਬ ਤੇ ਖੇਤੀ ਕਾਨੂੰਨ ਭਾਜਪਾ ਦੇ ਸਿਆਸੀ ਪਤਨ ਦਾ ਬਣੇਗਾ ਕਾਰਨ : ਕੈਪਟਨ
NEXT STORY