ਸੰਗਰੂਰ, (ਬਾਵਾ)— ਸਰਕਾਰ ਨੇ ਸੂਬੇ ਵਿਚ ਚਾਈਨਾ ਡੋਰ ਵੇਚਣ ਅਤੇ ਸਟੋਰ ਕਰਨ 'ਤੇ ਭਾਵੇਂ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਇਸ ਦੀ ਸੂਬੇ ਵਿਚ ਵਰਤੋਂ ਬੰਦ ਨਹੀਂ ਹੋਈ। ਹਾਲਾਤ ਇਹ ਹਨ ਕਿ ਸਾਲ ਵਿਚ ਕਈ-ਕਈ ਵਾਰ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਚਾਈਨਾ ਡੋਰ ਵੇਚਣ ਅਤੇ ਸਟੋਰ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ ਕਰਨੇ ਪੈਂਦੇ ਹਨ।
ਇਸ ਡੋਰ ਦੀ ਵਰਤੋਂ ਕਰਨ ਵਾਲੇ ਸ਼ਾਇਦ ਇਹ ਨਹੀਂ ਜਾਣਨਾ ਚਾਹੁੰਦੇ ਕਿ ਇਸ ਡੋਰ ਕਾਰਨ ਸੂਬੇ 'ਚ ਜਿਥੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ ਉਥੇ ਪੰਛੀਆਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ । ਆਮ ਡੋਰ ਦੇ ਮੁਕਾਬਲੇ ਇਹ ਡੋਰ ਬਹੁਤ ਜ਼ਿਆਦਾ ਮਜ਼ਬੂਤ ਹੋਣ ਕਾਰਨ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਇਸ ਦੀ ਵਰਤੋਂ ਨੂੰ ਲੋੜ ਤੋਂ ਵੱਧ ਤਰਜੀਹ ਦਿੰਦੇ ਹਨ ਤਾਂ ਜੋ ਉਹ ਪਤੰਗਬਾਜ਼ੀ ਦੇ ਮੁਕਾਬਲੇ ਦੌਰਾਨ ਵਿਰੋਧੀ ਦੀ ਪਤੰਗ ਕੱਟ ਕੇ ਆਪਣਾ ਰੋਅਬ ਵਿਰੋਧੀਆਂ 'ਤੇ ਜਮਾ ਸਕਣ । ਚਾਈਨਾ ਡੋਰ ਦੀ ਵਰਤੋਂ ਕਾਰਨ ਭਾਵੇਂ ਉਹ ਕਿਸੇ ਹੱਦ ਤੱਕ ਆਪਣੇ ਇਸ ਮੰਤਵ ਵਿਚ ਕਾਮਯਾਬ ਹੋ ਜਾਂਦੇ ਹਨ ਪਰ ਅਣਜਾਣਪੁਣੇ 'ਚ ਉਹ ਆਮ ਲੋਕਾਂ ਦਾ ਕਿੰਨਾ ਨੁਕਸਾਨ ਕਰ ਰਹੇ ਹਨ, ਸ਼ਾਇਦ ਉਹ ਇਹ ਨਹੀਂ ਜਾਣਦੇ ।
ਜਾਣਕਾਰੀ ਅਨੁਸਾਰ ਚਾਈਨਾ ਡੋਰ ਪਲਾਸਟਿਕ ਦੇ ਧਾਗੇ ਅਤੇ ਲੋਹੇ ਦੇ ਪਾਊਡਰ ਨਾਲ ਸੂਤੀ ਹੁੰਦੀ ਹੈ । ਇਹ ਪਲਾਸਟਿਕ ਦਾ ਧਾਗਾ ਜਿਥੇ ਵਾਤਾਵਰਣ ਨੂੰ ਵਿਗਾੜਦਾ ਹੈ ਉਥੇ ਰਾਹਗੀਰਾਂ ਦੀਆਂ ਗਰਦਨਾਂ ਦਾ 'ਫਾਹਾ' ਬਣਨ ਤੋਂ ਇਲਾਵਾ ਅਨੇਕਾਂ ਪੰਛੀਆਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ । ਇਸ ਡੋਰ 'ਤੇ ਲੋਹੇ ਦਾ ਪਾਊਡਰ ਲੱਗਿਆ ਹੁੰਦਾ ਹੈ, ਜਿਸ ਵਿਚ ਬਿਜਲੀ ਦੀਆਂ ਤਾਰਾਂ ਨੂੰ ਛੂਹਣ ਕਾਰਨ ਕਰੰਟ ਵੀ ਆ ਸਕਦਾ ਹੈ, ਜਿਸ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਚਾਈਨਾ ਤਾਂ ਸਿਰਫ ਨਾਂ ਹੈ, ਬਣਦੀ ਤਾਂ ਲੋਕਲ ਲੈਵਲ 'ਤੇ ਹੈ
ਦੁਕਾਨਦਾਰ :L ਪੰਜਾਬ ਪੁਲਸ ਵੱਲੋਂ ਪਿਛਲੇ ਸਾਲ ਵੱਡੀ ਗਿਣਤੀ 'ਚ ਚਾਈਨਾ ਡੋਰ ਦੇ ਰੋਲ ਬਰਾਮਦ ਕੀਤੇ ਗਏ ਸਨ, ਜੋ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਸ ਨੂੰ ਸਥਾਨਕ ਪੱਧਰ 'ਤੇ ਹੀ ਬਣਾਇਆ ਜਾ ਰਿਹਾ ਹੈ । ਬਰਾਮਦ ਕੀਤੇ ਚਾਈਨਾ ਡੋਰ ਦੇ ਇਨ੍ਹਾਂ ਰੋਲਾਂ 'ਚੋਂ ਜ਼ਿਆਦਾਤਰ ਰੋਲ 'ਮੋਨੋਕਾਈਟ' ਬ੍ਰਾਂਡ ਦੇ ਹਨ, ਤੇ ਬੈਂਗਲੁਰੂ ਦਾ ਪਤਾ ਲਿਖਿਆ ਹੋਇਆ ਹੈ । ਇਨ੍ਹਾਂ ਰੋਲਾਂ 'ਤੇ ਨਿਰਮਾਣਕਰਤਾਵਾਂ ਦਾ ਫੋਨ ਨੰਬਰ ਵੀ ਲਿਖਿਆ ਹੁੰਦਾ ਹੈ ਪਰ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਤੋਂ ਇਲਾਵਾ ਗਾਜ਼ੀਆਬਾਦ ਤੋਂ 'ਬਾਈਬਰੋ' ਅਤੇ ਨੋਇਡਾ ਤੋਂ 'ਮੋਨੋਫਿਲ' ਬ੍ਰਾਂਡ ਦੇ ਰੋਲ ਵੀ ਪੁਲਸ ਵੱਲੋਂ ਬਰਾਮਦ ਕੀਤੇ ਗਏ ਸਨ ਪਰ ਇਨ੍ਹਾਂ ਮਾਮਲਿਆਂ 'ਚ ਸਿਰਫ ਰਿਟੇਲਰਾਂ 'ਤੇ ਹੀ ਮਾਮਲੇ ਦਰਜ ਹੋਏ ਹਨ । ਨਾਮ ਨਾ ਛਪਣ ਦੀ ਸ਼ਰਤ 'ਤੇ ਇਕ ਪਤੰਗ ਵਿਕਰੇਤਾ ਨੇ ਦੱਸਿਆ ਕਿ ਇਹ ਡੋਰ ਸਥਾਨਕ ਪੱਧਰ 'ਤੇ ਬਣਨ ਕਾਰਨ ਸਸਤੇ ਭਾਅ 'ਤੇ ਵੇਚੀ ਜਾ ਰਹੀ ਹੈ। ਇਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ ਪਰ ਚਾਈਨਾ ਦੀ ਨਹੀਂ ਹੈ ਕਿਉਂਕਿ ਪਤੰਗ ਵਿਕਰੇਤਾ ਤੱਕ ਇਹ ਡੋਰ ਬੈਂਗਲੁਰੂ, ਗਾਜ਼ੀਆਬਾਦ ਆਦਿ ਤੋਂ ਪਹੁੰਚਦੀ ਹੈ।
ਆਨਲਾਈਨ ਆਰਡਰ 'ਤੇ ਹੁੰਦੀ ਐ ਹੋਮ ਡਲਿਵਰੀ
ਪਤੰਗ ਡੋਰ ਦਾ ਕਾਰੋਬਾਰ ਕਰਦੇ ਇਕ ਵਪਾਰੀ ਨੇ ਦੱਸਿਆ ਕਿ ਹੁਣ ਜਦੋਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤਾਂ ਸੰਗਰੂਰ ਵਿਚ ਦੂਜੇ ਜ਼ਿਲੇ ਦੇ ਪਤੰਗ ਅਤੇ ਡੋਰ ਦੇ ਸਪਲਾਇਅਰ ਸ਼ਹਿਰਾਂ ਵਿਚ ਵੱਡੀਆਂ-ਵੱਡੀਆਂ ਦੁਕਾਨਾਂ ਕਿਰਾਏ 'ਤੇ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਹਨ। ਪੁਲਸ ਦੀਆਂ ਨਜ਼ਰਾਂ ਤੋਂ ਬਣਨ ਲਈ ਇਹ ਸਪਲਾਇਰ ਡੋਰ ਦੀ ਡਲਿਵਰੀ ਹੁਣ ਨਾ ਤਾਂ ਆਪਣੀ ਦੁਕਾਨ ਵਿਚ ਕਰਵਾ ਰਹੇ ਹਨ ਅਤੇ ਨਾ ਹੀ ਗੋਦਾਮ 'ਚ । ਹੁਣ ਮਾਲ ਦਾ ਆਨਲਾਈਨ ਆਰਡਰ ਲੈਣ ਤੋਂ ਬਾਅਦ ਸਪਲਾਈ ਸਿੱਧੀ ਦੁਕਾਨਦਾਰ/ਗਾਹਕ ਦੇ ਘਰ ਕੀਤੀ ਜਾਂਦੀ ਹੈ। ਇਹ ਡੋਰ ਸਿਰਫ ਉਨ੍ਹਾਂ ਹੀ ਲੋਕਾਂ ਨੂੰ ਮਿਲ ਰਹੀ ਹੈ, ਜਿਹੜੇ ਗਰੁੱਪ ਦੇ ਮੈਂਬਰ ਜਾਂ ਫਿਰ ਜਿਹੜੇ ਕਿ ਉਨ੍ਹਾਂ ਦੀ ਯਕੀਨ ਦੇ ਲਾਇਕ ਹਨ ।
ਮਜ਼ਦੂਰਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ
NEXT STORY