ਸਾਹਨੇਵਾਲ (ਜਗਰੂਪ)- ਥਾਣਾ ਸਾਹਨੇਵਾਲ ਦੀ ਚੌਂਕੀ ਗਿਆਸਪੁਰਾ ਦੇ ਇਲਾਕੇ ’ਚ ਕੁਝ ਸੜਕ ਛਾਪ ਬਦਮਾਸ਼ਾਂ ਦਾ ਇਕ ਗਿਰੋਹ ਸ਼ਰੇਆਮ ਦੁਕਾਨਦਾਰਾਂ ਕੋਲੋਂ ਕਥਿਤ ਰੂਪ ਨਾਲ ਰੰਗਦਾਰੀ ਮੰਗਦਾ ਹੈ ਅਤੇ ਵਿਰੋਧ ਕਰਨ ਵਾਲਿਆਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕਰਨ ਦੇ ਬਾਅਦ ਲੁੱਟ ਖੋਹ ਕਰ ਸਮਾਨ ਦੀ ਵੀ ਭੰਨਤੋੜ ਕੀਤੀ ਜਾਂਦੀ ਹੈ। ਇਸ ਗਿਰੋਹ ਦੇ ਕਾਰਨ ਜਿਥੇ ਸਥਾਨਕ ਦੁਕਾਨਦਾਰਾਂ ਅੰਦਰ ਦਹਿਸ਼ਤ ਅਤੇ ਡਰ ਦਾ ਮਾਹੌਲ ਹੈ, ਉਥੇ ਹੀ ਚੌਂਕੀ ਪੁਲਸ ਵੀ ਬਦਮਾਸ਼ਾਂ ਦੇ ਇਸ ਗਿਰੋਹ ਅੱਗੇ ਲਾਚਾਰ ਅਤੇ ਬੇਵੱਸ ਵਿਖਾਈ ਦੇ ਰਹੀ ਹੈ। ਇਕ ਤਾਜ਼ਾ ਮਾਮਲੇ ’ਚ ਗਿਆਸਪੁਰਾ ਦੇ ਪਿੱਪਲ ਚੌਕ ਨੇੜੇ ਸਥਿਤ ਸਿੱਧੂ ਫੋਟੋਗਰਾਫਰ ਨਾਮ ਦੀ ਦੁਕਾਨ ਦੇ ਮਾਲਕ ਸਿੱਧੀ ਸ਼ਰਨ ਨੇ ਦੱਸਿਆ ਕਿ ਸੋਮਵਾਰ ਦੀ ਦੁਪਹਿਰ ਖਾਨ ਨਾਮ ਦਾ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਉਨ੍ਹਾਂ ਦੀ ਦੁਕਾਨ ਉਪਰ ਆਇਆ ਅਤੇ ਜਬਰਦਸਤੀ ਦੁਕਾਨ ਦੇ ਗੱਲੇ ’ਚੋਂ 13000 ਦੀ ਨਕਦੀ ਅਤੇ ਦੁਕਾਨ ਤੋਂ ਇਕ ਮੋਬਾਇਲ ਫੋਨ ਚੁੱਕਕੇ ਫਰਾਰ ਹੋ ਗਏ।
ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ। ਜਿਸ ਦੀ ਰੰਜਿਸ਼ ’ਚ ਖਾਨ ਅਤੇ ਸਾਥੀਆਂ ਨੇ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਪ੍ਰਿੰਸ ਸਿੰਘ ਨਾਮ ਦੇ ਨੌਜਵਾਨ ਨੂੰ ਰਸਤੇ ’ਚ ਘੇਰਕੇ ਉਸਦਾ ਮੋਬਾਇਲ ਫੋਨ ਜਬਰਦਸਤੀ ਖੋਹਣ ਦੇ ਬਾਅਦ ਮੋਟਰਸਾਈਕਲ ਦੀ ਭੰਨਤੋੜ ਕਰਦੇ ਹੋਏ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਸਿੱਧੀ ਸ਼ਰਨ ਨੇ ਦੱਸਿਆ ਕਿ ਇਸ ਗਿਰੋਹ ਦੀ ਸਥਾਨਕ ਇਲਾਕੇ ’ਚ ਐਨੀ ਦਹਿਸ਼ਤ ਹੈ ਕਿ ਇਹ ਕਿਸੇ ਵੀ ਦੁਕਾਨਦਾਰ ਤੋਂ ਰੰਗਦਾਰੀ ਦੀ ਮੰਗ ਕਰਦੇ ਹਨ ਅਤੇ ਫਿਰ ਰੰਗਦਾਰੀ ਨਾ ਦੇਣ ’ਤੇ ਇਸੇ ਤਰੀਕੇ ਨਾਲ ਗੁੰਡਾਗਰਦੀ ਅਤੇ ਲੁੱਟ ਖੋਹ ਕੀਤੀ ਜਾਂਦੀ ਹੈ। ਸਿੱਧੀ ਸ਼ਰਨ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਉਸਦੇ ਸਾਥੀ ਪ੍ਰਿੰਸ ਸਿੰਘ ਦੇ ਸਿਰਫ ’ਤੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਦੋਵੇਂ ਘਟਨਾਵਾਂ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈਆਂ ਹਨ। ਇਸ ਪੂਰੇ ਮਾਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਅਜੇ ਤੱਕ ਕਿਸੇ ਵੀ ਹਮਲਾਵਰ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਲੁਧਿਆਣਾ 'ਚ ਕੁੱਤਿਆਂ ਲਈ ਨਿਰਧਾਰਤ ਫੀਡਿੰਗ ਪੁਆਇੰਟਾਂ ਦੀ ਪਛਾਣ ਕਰਨ ਦੇ ਹੁਕਮ
NEXT STORY