ਮੋਗਾ, (ਅਾਜ਼ਾਦ)- ਜ਼ਿਲੇ ਦੇ ਪਿੰਡ ਦੀ ਇਕ ਲਡ਼ਕੀ ਨੂੰ ਹੁਸ਼ਿਆਰਪੁਰ ਸਥਿਤ ਉਸ ਦੇ ਸਹੁਰੇ ਪਰਿਵਾਰ ਵੱਲੋਂ ਨਕਦੀ ਅਤੇ ਕਾਰ ਦੀ ਮੰਗ ਪੂਰੀ ਨਾ ਹੋਣ ’ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਪੀਡ਼ਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 22 ਅਪ੍ਰੈਲ, 2016 ਨੂੰ ਅਮਿਤ ਮਲਿਕ ਪੁੱਤਰ ਓਮ ਪ੍ਰਕਾਸ਼ ਨਿਵਾਸੀ ਨਿਊ ਦੀਪ ਨਗਰ ਹੁਸ਼ਿਆਰਪੁਰ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕਿਆਂ ਵਾਲਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਪਰ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਖੁਸ਼ ਨਹੀਂ ਸੀ ਅਤੇ ਇਸ ਗੱਲ ਨੂੰ ਲੈ ਕੇ ਸਾਡਾ ਝਗੜਾ ਹੋਣ ਲੱਗਾ। ਮੈਂ ਪੇਕਿਆਂ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦਾ ਯਤਨ ਕੀਤਾ। ਸਹੁਰੇ ਪਰਿਵਾਰ ਵੱਲੋਂ ਮੇਰੀ ਕਈ ਵਾਰ ਕੁੱਟ-ਮਾਰ ਵੀ ਕੀਤੀ ਗਈ, ਜਿਸ ’ਤੇ ਮੈਂ ਆਪਣੇ ਪੇਕੇ ਘਰ ਆ ਗਈ। ਕਈ ਵਾਰ ਪੰਚਾਇਤ ਰਾਹੀਂ ਵੀ ਗੱਲਬਾਤ ਹੋਈ ਅਤੇ ਅਸੀਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ’ਚ ਵੀ ਸ਼ਿਕਾਇਤ ਦਰਜ ਕਰਵਾਈ। ਉਸ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਵਾਲੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ, ਜਿਸ ’ਤੇ ਮੈਂ ਉਥੇ ਰਹਿ ਕੇ ਆਈਲੈਟਸ ਵੀ ਕੀਤੀ ਤੇ ਮੇਰੇ 5.0 ਬੈਂਡ ਆਏ ਪਰ ਸਪਾਊਸ ਵੀਜ਼ਾ ਨਾ ਮਿਲਣ ’ਤੇ ਉਨ੍ਹਾਂ ਮੈਨੂੰ ਇਕੱਲੀ ਨੂੰ ਵਿਦੇਸ਼ ਨਾ ਭੇਜਿਆ। ਉਸ ਨੇ ਕਿਹਾ ਕਿ ਇਸ ਦੇ ਬਾਅਦ ਸਹੁਰਾ ਪਰਿਵਾਰ ਮੈਨੂੰ ਪੇਕਿਆਂ ਤੋਂ 15 ਲੱਖ ਰੁਪਏ ਲੈ ਕੇ ਆਉਣ ਨੂੰ ਕਹਿਣ ਲੱਗਾ ਕਿ ਅਸੀਂ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਹੈ ਅਤੇ ਕਾਰ ਦੀ ਵੀ ਮੰਗ ਕੀਤੀ ਅਤੇ ਆਖਿਰ ਉਨ੍ਹਾਂ ਮੈਨੂੰ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਮੇੇਰੇ ਪਤੀ ਨੇ ਤਲਾਕ ਦਾ ਕੇਸ ਵੀ ਮੇਰੇ ਖਿਲਾਫ ਦਾਇਰ ਕੀਤਾ। ਹੁਣ ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜਬੂਰ ਹਾਂ। ਸਹੁਰੇ ਪਰਿਵਾਰ ਨੇ ਮੇਰਾ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ ਲਿਆ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਪੀਡ਼ਤਾ ਦੇ ਪਤੀ ਅਮਿਤ ਮਲਿਕ, ਦਿਓਰ ਗਗਨ ਮਲਿਕ, ਕੁਲਦੀਪ ਕੌਰ ਉਰਫ ਜੋਤੀ ਪਤਨੀ ਗਗਨ ਮਲਿਕ ਸਾਰੇ ਨਿਵਾਸੀ ਨਿਊ ਦੀਪ ਨਗਰ ਹੁਸ਼ਿਆਰਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਮੁਖਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਭਾਜਪਾ ਵਰਕਰਾਂ ਨੇ ਕਾਂਗਰਸ ਸਰਕਾਰ ਖਿਲਾਫ ਲਾਇਆ ਧਰਨਾ
NEXT STORY