ਚੰਡੀਗੜ੍ਹ (ਅੰਕੁਰ) - ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 21 ਦਸੰਬਰ ਨੂੰ ਕਰਵਾਉਣ ਦੇ ਫ਼ੈਸਲੇ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਮਨਾਉਂਦੀ ਹੈ, ਉਦੋਂ ਇਹ ਚੋਣਾਂ ਕਰਵਾਏ ਜਾਣ ਦੇ ਫ਼ੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਚੋਣ ਕਮਿਸ਼ਨ ਨੇ 21 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਦਕਿ ਇਹ ਦਿਹਾੜਾ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਚੋਣਾਂ ਦਸੰਬਰ ਦੇ ਦੂਜੇ ਅੱਧ ਵਿਚ ਨਾ ਕਰਵਾਉਣ ਲਈ ਕੀਤੀਆਂ ਅਪੀਲਾਂ ਦੇ ਬਾਵਜੂਦ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਵਜੋਂ ਚੁਣਿਆ ਹੈ।
ਡਾ. ਚੀਮਾ ਨੇ ਕਮਿਸ਼ਨ ਨੂੰ ਆਖਿਆ ਕਿ ਉਹ ਆਪਣਾ ਹੁਕਮ ਵਾਪਸ ਲਵੇ ਅਤੇ ਚੋਣਾਂ ਜਨਵਰੀ ’ਚ ਕਰਵਾਉਣ ਦੇ ਤਾਜ਼ਾ ਹੁਕਮ ਜਾਰੀ ਕਰੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਇਹ ਚੋਣਾਂ ਲੜੇਗਾ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਸਮੇਤ ਹੋਰ ਰਣਨੀਤੀ ਤੈਅ ਕਰਨ ਲਈ ਲੋੜੀਂਦੀਆਂ ਮੀਟਿੰਗਾਂ ਵੀ ਹੋਣਗੀਆਂ।
ਗੰਭੀਰ ਰੂਪ ਧਾਰਨ ਕਰ ਰਿਹੈ ਪ੍ਰਦੂਸ਼ਣ, ਲਗਾਤਾਰ ਵਧ ਰਹੀਆਂ ਬੀਮਾਰੀਆਂ
NEXT STORY