ਸੰਗਤ ਮੰਡੀ (ਮਨਜੀਤ) : ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਫੁਰਮਾਨ 'ਚ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਅੱਠਵੀਂ ਪਾਸ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਅਨਪੜ੍ਹ ਜਾਂ ਪੰਜਵੀਂ ਪਾਸ ਲੋਕ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਕੇਂਦਰਾਂ ਦੇ ਗੇੜੇ ਮਾਰ-ਮਾਰ ਕੇ ਖੱਜਲ-ਖੁਆਰ ਹੋ ਰਹੇ ਹਨ। ਇਸ ਫੁਰਮਾਨ ਨਾਲ ਉਹ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ ਜੋ ਅਨਪੜ੍ਹ ਹਨ ਤੇ ਵਧੀਆ ਡਰਾਈਵਿੰਗ ਕਰ ਲੈਂਦੇ ਹਨ ਪਰ ਉਨ੍ਹਾਂ ਦੇ ਲਾਇਸੈਂਸ ਬਣਾਉਣ ਦੇ ਅੱਗੇ ਉਨ੍ਹਾਂ ਦੀ ਅਨਪੜ੍ਹਤਾ ਆ ਜਾਂਦੀ ਹੈ। ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਾ ਹੋਣ ਕਾਰਨ ਜਿਥੇ ਟ੍ਰੈਫਿਕ ਕਰਮਚਾਰੀਆਂ ਦੀ ਡਾਂਟ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਚਲਾਨ ਵੀ ਭੁਗਤਣਾ ਪੈਂਦਾ ਹੈ। ਜਦ ਇਸ ਸਬੰਧੀ ਪਿੰਡ ਮੁਹਾਲਾਂ ਦੇ ਜੱਗਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਨਸ਼ੇ-ਪੱਤੇ ਤੋਂ ਬਿਲਕੁਲ ਰਹਿਤ ਹਨ ਤੇ ਉਨ੍ਹਾਂ ਨੂੰ ਵਧੀਆ ਡਰਾਈਵਿੰਗ ਵੀ ਆਉਂਦੀ ਹੈ ਪਰ ਉਹ ਪੰਜਵੀਂ ਪਾਸ ਹਨ, ਜਿਸ ਕਾਰਨ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਨਿਯਮ ਵੱਲ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਜਾਂ ਫਿਰ ਵਿਭਾਗ ਵੱਲੋਂ ਅਨਪੜ੍ਹਾਂ ਤੋਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਲੈ ਕੇ ਉਨ੍ਹਾਂ ਦੇ ਲਾਇਸੈਂਸ ਬਣਾਉਣੇ ਚਾਹੀਦੇ ਹਨ।
ਕੀ ਕਹਿੰਦੇ ਨੇ ਡਰਾਈਵਿੰਗ ਕੇਂਦਰ ਦੇ ਇੰਚਾਰਜ
ਜਦੋਂ ਇਸ ਸਬੰਧੀ ਪਿੰਡ ਨਰੂਆਣਾ ਵਿਖੇ ਖੁੱਲ੍ਹੇ ਡਰਾਈਵਿੰਗ ਸਿਖਲਾਈ ਕੇਂਦਰ ਦੇ ਇੰਚਾਰਜ ਨਵਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਪਾਲਿਸੀ ਹੈ ਕਿ ਅੱਠਵੀਂ ਪਾਸ ਤੋਂ ਘੱਟ ਕਿਸੇ ਵੀ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣੇਗਾ। ਇਸ 'ਚ ਉਹ ਕੁੱਝ ਨਹੀਂ ਕਰ ਸਕਦੇ ਪਰ ਪਹਿਲੀ ਕੰਡੀਸ਼ਨ 8ਵੀਂ ਪਾਸ ਹੋਣਾ ਹੈ ਬਾਕੀ ਟੈਸਟ ਉਸ ਤੋਂ ਬਾਅਦ ਲਏ ਜਾਂਦੇ ਹਨ।
ਡਿਲਵਰੀ ਤੋਂ ਬਾਅਦ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ਨੂੰ ਠਹਿਰਾਇਆ ਜਿੰਮੇਵਾਰ
NEXT STORY