ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ 2 ਨਸ਼ਾ ਸਮੱਗਲਰਾਂ ਨੂੰ ਡੇਢ ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਥਾਣਾ ਦੁੱਗਰੀ ਅਧੀਨ ਆਉਂਦੀ ਗਿੱਲ ਨਹਿਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਸਾਹਮਣਿਓਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਜਦੋਂ ਪੁਲਸ ਪਾਰਟੀ ਨੇ ਕਾਰ ਨੂੰ ਚੈਕਿੰਗ ਲਈ ਰੋਕਣਾ ਚਾਹਿਆ ਤਾਂ ਉਕਤ ਕਾਰ ਚਾਲਕ ਨੇ ਇਕਦਮ ਆਪਣੀ ਕਾਰ ਪਿੱਛੇ ਮੋੜ ਕੇ ਭੱਜਣ ਦਾ ਯਤਨ ਕੀਤਾ ਪਰ ਪੁਲਸ ਦੀ ਮੁਸਤੈਦੀ ਕਾਰਨ ਤੁਰੰਤ ਕਾਰ ਨੂੰ ਕਾਬੂ ਕਰ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 300 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨਾਂ ਦੀ ਪਛਾਣ ਸਤਬੀਰ ਸਿੰਘ (27) ਪੁੱਤਰ ਪਾਲ ਸਿੰਘ ਵਾਸੀ ਈਸ਼ਰ ਨਗਰ ਡਾਬਾ ਅਤੇ ਹਰਜੀਤ ਸਿੰਘ ਹਨੀ (29) ਪੁੱਤਰ ਦਰਸ਼ਨ ਸਿੰਘ ਵਾਸੀ ਈਸ਼ਰ ਨਗਰ, ਡਾਬਾ ਵਜੋਂ ਕੀਤੀ ਗਈ ਹੈ। ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਥਾਣਾ ਦੁੱਗਰੀ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿੱਲੀ ਤੋਂ ਨਾਈਜੀਰੀਅਨ ਕੋਲੋਂ ਲੈ ਕੇ ਆਏ ਸਨ ਖੇਪ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਸਤਬੀਰ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਇਹ ਨਸ਼ੇ ਦੀ ਖੇਪ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਸਸਤੇ ਮੁੱਲ 'ਤੇ ਖਰੀਦ ਕੇ ਲਿਆਏ ਹਨ ਅਤੇ ਲੁਧਿਆਣਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਰਚੂਨ ਵਿਚ ਮਹਿੰਗੇ ਮੁੱਲ 'ਤੇ ਗਾਹਕਾਂ ਨੂੰ ਵੇਚਣ ਜਾ ਰਹੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਨਸ਼ਾ ਸਮੱਗਲਰ ਨਸ਼ਾ ਕਰਨ ਦੇ ਆਦੀ ਹਨ।
ਦੋਵਾਂ 'ਤੇ ਕਈ ਪਰਚੇ ਦਰਜ
ਹਰਬੰਸ ਸਿੰਘ ਨੇ ਦੱਸਿਆ ਕਿ ਦੋਨੋਂ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਜਦੋਂਕਿ ਇਨ੍ਹਾਂ 'ਤੇ ਨਸ਼ਾ ਸਮੱਗਲਿੰਗ ਦੇ ਕਈ ਕੇਸ ਲੁਧਿਆਣਾ ਦੇ ਵੱਖ-ਵੱਖ ਪੁਲਸ ਥਾਣਿਆਂ ਵਿਚ ਦਰਜ ਹਨ। ਦੋਵੇਂ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਏ ਹਨ ਅਤੇ ਬਾਹਰ ਆਉਣ ਤੋਂ ਬਾਅਦ ਫਿਰ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਥੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY