ਹੁਸ਼ਿਆਰਪੁਰ (ਘੁੰਮਣ)— ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 23 ਮਾਰਚ ਨੂੰ ਖਟਕੜਕਲਾਂ ਤੋਂ ਸ਼ੁਰੂ ਕੀਤਾ ਜਾ ਰਿਹਾ ਬਹੁਪੱਖੀ ਪ੍ਰੋਗਰਾਮ 'ਨਸ਼ੇ ਰੋਕੂ ਅਫਸਰ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਕਾਰਗਰ ਸਾਬਤ ਹੋਵੇਗਾ। ਉਹ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਅਤੇ ਸੁਸਾਇਟੀਆਂ ਦੇ ਮੁੱਖੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪੁਲਸ ਮੁਖੀ ਜੇ. ਏਲਨਚੇਲਿਅਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 23 ਮਾਰਚ ਨੂੰ ਜ਼ਿਲਾ ਅਤੇ ਸਬ-ਡਿਵੀਜ਼ਨ ਪੱਧਰ 'ਤੇ ਵਿਸ਼ੇਸ਼ ਸਮਾਗਮਾਂ ਰਾਹੀਂ ਖਟਕੜਕਲਾਂ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੇ ਸਿੱਧੇ ਪ੍ਰਸਾਰਣ ਰਾਹੀਂ ਵਲੰਟੀਅਰਾਂ ਨੂੰ ਨਸ਼ਿਆਂ ਖਿਲਾਫ ਸਹੁੰ ਚੁਕਾਈ ਜਾਵੇਗੀ ਅਤੇ ਵਲੰਟੀਅਰਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਕੰਮ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਨਸ਼ਿਆਂ ਖਿਲਾਫ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਹਰੇਕ ਵਿਅਕਤੀ ਦੀ ਸ਼ਮੂਲੀਅਤ ਜ਼ਰੂਰੀ ਹੈ ਅਤੇ ਸਭ ਨੂੰ ਸਾਫ-ਸੁਥਰੇ ਸਮਾਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵੱਧ ਤੋਂ ਵੱਧ ਨਸ਼ਾ ਰੋਕੂ ਅਫਸਰ ਬਣਾਉਣ ਲਈ ਰਜਿਸਟਰੇਸ਼ਨ ਕਰਵਾਈ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਰਾਂ, ਕਸਬਿਆਂ, ਪਿੰਡਾਂ, ਸ਼ਹਿਰਾਂ ਅਤੇ ਬਲਾਕ ਪੱਧਰ 'ਤੇ ਬੈਠਕਾਂ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਸਮਾਜ-ਸੇਵੀ ਸੰਸਥਾਵਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਦੇ ਹੋਏ ਵਲੰਟੀਅਰਾਂ ਦੀ ਇਨਰੋਲਮੈਂਟ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਜਿਸਟਰੇਸ਼ਨ ਕਰਨ ਤੋਂ ਬਾਅਦ ਇਹ ਵਲੰਟੀਅਰਜ਼ ਜ਼ਿਲੇ 'ਚ ਆਪਣੇ-ਆਪਣੇ ਖੇਤਰਾਂ, ਆਪਣੇ-ਆਪਣੇ ਮੁਹੱਲੇ, ਪਿੰਡ, ਵਾਰਡ ਪੱਧਰ 'ਤੇ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬੱਚਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਾ ਛੁਡਾਉਣ ਲਈ ਵੀ ਸਹਾਇਤਾ ਕਰਨਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਮੁਹਿੰਮ 'ਚ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਅਫਸਰ ਬਣਨ ਲਈ ਨਿਰਧਾਰਤ ਕੀਤਾ ਗਿਆ ਪ੍ਰੋਫਾਰਮਾ ਭਰਨਾ ਹੋਵੇਗਾ, ਜਿਸ 'ਚ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਵੈਇੱਛਤ ਅਤੇ ਬਿਨਾਂ ਕਿਸੇ ਮਿਹਨਤਾਨੇ ਦੇ ਹੋਣ ਸਬੰਧੀ ਸ਼ਰਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤਹਿਤ 18 ਤੋਂ 50 ਸਾਲ ਤੱਕ ਦੇ ਹਰੇਕ ਨਾਗਰਿਕ ਨੂੰ ਇਹ ਵਿਲੱਖਣ ਮੌਕਾ ਦਿੱਤਾ ਗਿਆ ਹੈ ਕਿ ਉਹ ਸਮਾਜ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਕਰਨ ਲਈ ਅਰੰਭੀ ਇਸ ਮੁਹਿੰਮ ਦਾ ਤਨ ਅਤੇ ਮਨ ਨਾਲ ਹਿੱਸਾ ਬਣਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਪੋ ਵਲੰਟੀਅਰ ਬਣਨ ਲਈ ਗੂਗਲ ਪਲੇਅ ਸਟੋਰ 'ਤੇ ਮੌਜੂਦ ਐਂਡਰਾਇਡ ਐਪ 'ਡੇਪੋ ਰਜਿਸਟ੍ਰੇਸ਼ਨ' ਡਾਊਨਲੋਡ ਕਰਕੇ ਜਾਂ ਸਾਂਝ ਕੇਂਦਰ ਦੀ ਵੈਬਸਾਈਟ 'ਤੇ ਡੇਪੋ ਰਜਿਸਟ੍ਰੇਸ਼ਨ ਦਾ ਲਿੰਕ ਕਲਿੱਕ ਕਰਕੇ ਆਨਲਾਈਨ ਅਰਜ਼ੀ ਭਰੀ ਜਾ ਸਕਦੀ ਹੈ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਲੰਟੀਅਰਾਂ ਦੀ ਰਜਿਸਟਰੇਸ਼ਨ ਕਰਨ ਉਪਰੰਤ ਸਾਰੇ ਫਾਰਮ ਸਬੰਧਤ ਐੱਸ. ਡੀ. ਐਮਜ਼ ਦੇ ਦਫਤਰਾਂ 'ਚ ਸਮੇਂ ਸਿਰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜ਼ਿਲੇ ਦੇ ਪੁਲਸ ਸਾਂਝ ਕੇਂਦਰਾਂ 'ਤੇ ਵੀ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਜ਼ੀ ਨਾਲ ਇਕ ਫੋਟੋ ਅਤੇ ਕੋਈ ਇਕ ਸ਼ਨਾਖਤੀ ਸਬੂਤ (ਅਧਾਰ ਕਾਰਡ ਜਾਂ ਡਰਾਇਵਿੰਗ ਲਾਇਸੰਸ ਜਾਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਜਾਂ ਦਫਤਰੀ ਪਛਾਣ ਪੱਤਰ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਈ ਵੀ ਸ਼ਨਾਖ਼ਤੀ ਦਸਤਾਵੇਜ਼) ਦੇਣਾ ਲਾਜ਼ਮੀ ਹੈ।
ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐੱਸ. ਡੀ. ਐੱਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐੱਸ. ਡੀ. ਐੱਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐੱਸ. ਡੀ. ਐੱਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲਾ ਮਾਲ ਅਫਸਰ ਸ੍ਰੀ ਅਮਨਪਾਲ ਸਿੰਘ, ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸ਼ਰਾਬ ਦੀਆਂ 264 ਬੋਤਲਾਂ ਸਮੇਤ 2 ਕਾਬੂ
NEXT STORY