ਚੰਡੀਗੜ੍ਹ (ਹਾਂਡਾ) : ਸੈਕਟਰ-63 'ਚ ਫਲੈਟ ਨੰਬਰ-2210 ਈ 'ਚ ਕੁਝ ਬਾਹਰੀ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ 'ਚ ਇਕ ਕੁੜੀ ਦੇ ਫਲੈਟ 'ਚ ਸਾਰੀ ਰਾਤ ਰੱਜ ਕੇ ਭੜਥੂ ਪਾਇਆ, ਜਿਸ ਕਾਰਨ ਗੁਆਂਢ ਦੇ ਲੋਕ ਸਾਰੀ ਰਾਤ ਸਹਿਮੇ ਰਹੇ। ਇਸ ਹੰਗਾਮੇ 'ਚ ਸ਼ੀਸ਼ੇ ਵੀ ਤੋੜੇ ਗਏ ਅਤੇ ਇਕ ਨੌਜਵਾਨ ਨੂੰ ਸੱਟ ਵੀ ਲੱਗੀ। ਸਵੇਰੇ ਪੁਲਸ ਕੰਟਰੋਲ ਰੂਮ 'ਚ ਫੋਨ ਕੀਤਾ ਅਤੇ ਚਾਰ ਲੜਕਿਆਂ ਨੂੰ ਨਸ਼ੇ ਦੀ ਹਾਲਤ 'ਚ ਫਲੈਟ ਤੋਂ ਬਾਹਰ ਕੱਢਿਆ ਗਿਆ। ਲੜਕੀ ਅਤੇ ਚਾਰੇ ਲੜਕਿਆਂ ਨੂੰ ਪੁਲਸ ਸੈਕਟਰ-49 ਦੇ ਥਾਣੇ ਲੈ ਗਈ ਪਰ ਬਿਨਾਂ ਮੈਡੀਕਲ ਅਤੇ ਕਾਰਵਾਈ ਕੀਤੇ ਵਾਪਸ ਭੇਜ ਦਿੱਤਾ।
ਜਗ੍ਹਾ-ਜਗ੍ਹਾ ਡੁੱਲ੍ਹਿਆ ਸੀ ਖੂਨ
ਇਹ ਘਟਨਾ ਮੰਗਲਵਾਰ ਰਾਤ ਦੀ ਹੈ, ਜਦੋਂ ਫਲੈਟ ਨੰਬਰ-2210 ਈ 'ਚ ਕਿਰਾਏ 'ਤੇ ਰਹਿਣ ਵਾਲੀ ਲੜਕੀ ਦੇ ਫਲੈਟ 'ਚੋਂ ਆਵਾਜ਼ਾਂ ਆ ਰਹੀਆਂ ਸਨ। ਨੌਜਵਾਨਾਂ ਵਿਚਕਾਰ ਲੜਾਈ ਹੋ ਰਹੀ ਸੀ। ਅਚਾਨਕ ਕੱਚ ਟੁੱਟਣ ਦੀ ਆਵਾਜ਼ ਆਈ ਅਤੇ ਲੜਕੀ ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਆਵਾਜ਼ਾਂ ਸੁਣ ਕੇ ਲੋਕ ਇਕੱਠੇ ਹੋ ਗਏ ਪਰ ਨੌਜਵਾਨਾਂ ਦੀ ਹਾਲਤ ਦੇਖ ਕਿਸੇ ਨੇ ਦਰਵਾਜ਼ਾ ਖੜਕਾਉਣ ਦੀ ਹਿੰਮਤ ਨਹੀਂ ਦਿਖਾਈ। ਸਵੇਰੇ ਸਾਢੇ 5 ਵਜੇ ਕੁਝ ਗੁਆਂਢੀਆਂ ਨੇ ਫਿਰ ਲੜਕੀ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਫਲੈਟ 'ਚ ਜਾ ਕੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਫਲੈਟ ਦੇ ਅੰਦਰ ਜਗ੍ਹਾ-ਜਗ੍ਹਾ ਖੂਨ ਡੁੱਲ੍ਹਿਆ ਪਿਆ ਸੀ ਅਤੇ ਕੱਚ ਟੁੱਟਿਆ ਹੋਇਆ ਸੀ। ਲੋਕਾਂ ਨੇ 100 ਨੰਬਰ 'ਤੇ ਕਾਲ ਕੀਤੀ ਅਤੇ ਫਲੈਟ ਦੀ ਮਾਲਕਣ ਨੂੰ ਵੀ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ, ਜੋ ਕਿ ਆਪਣੇ ਭਤੀਜੇ ਨਾਲ ਮੌਕੇ 'ਤੇ ਪਹੁੰਚੀ।
ਪਿਤਾ ਦੇ ਇਲਾਜ ਦੀ ਗੱਲ ਕਹਿ ਕੇ ਲਿਆ ਸੀ ਫਲੈਟ
ਫਲੈਟ ਦੀ ਮਾਲਕਣ ਨੇ ਦੱਸਿਆ ਕਿ 20 ਮਈ ਨੂੰ ਹੀ ਉਕਤ ਲੜਕੀ ਨੂੰ ਉਨ੍ਹਾਂ ਨੇ ਫਲੈਟ ਕਿਰਾਏ 'ਤੇ ਦਿੱਤਾ ਸੀ। ਲੜਕੀ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੂੰ ਕੈਂਸਰ ਹੈ, ਜਿਨ੍ਹਾਂ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ। ਉਹ ਇਥੇ ਰਹਿ ਕੇ ਇਲਾਜ ਕਰਵਾਉਣਗੇ। ਨੌਜਵਾਨਾਂ ਦੀ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਫਲੈਟ ਮਾਲਕਣ ਨੇ ਕੀਤੀ ਤਾਂ ਉਸ ਨੂੰ ਨੌਜਵਾਨਾਂ ਨੇ ਉਥੇ ਮੌਜੂਦ ਲੋਕਾਂ ਅਤੇ ਪੀ. ਸੀ. ਆਰ. ਮੁਲਾਜ਼ਮਾਂ ਦੇ ਸਾਹਮਣੇ ਹੀ ਨਤੀਜਾ ਭੁਗਤਣ ਦੀਆਂ ਧਮਕੀਆਂ ਦਿੱਤੀਆਂ। ਫਲੈਟ ਮਾਲਕਣ ਸੈਕਟਰ-49 ਦੇ ਪੁਲਸ ਥਾਣੇ ਗਈ ਅਤੇ ਨੌਜਵਾਨਾਂ ਦੀ ਸ਼ਿਕਾਇਤ ਦੇਣੀ ਚਾਹੀ ਪਰ ਪੁਲਸ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ।
ਪੁਲਸ ਦੀ ਨਜ਼ਰ 'ਚ ਇਹ ਕ੍ਰਾਈਮ ਨਹੀਂ
ਇਸ ਸਬੰਧੀ ਪੁਲਸ ਸਟੇਸ਼ਨ ਸੈਕਟਰ-49 ਦੀ ਐੱਸ. ਐੱਚ. ਓ. ਜਸਵਿੰਦਰ ਕੌਰ ਤੋਂ ਕਾਰਵਾਈ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਕੰਮ ਸਿਰਫ ਕਮਰੇ 'ਚ ਡੁੱਲ੍ਹੇ ਖੂਨ ਦਾ ਕਾਰਣ ਜਾਣਨਾ ਸੀ, ਜੋ ਕਿ ਨੌਜਵਾਨ ਨੇ ਦੱਸਿਆ ਕਿ ਉਸ ਦੇ ਸ਼ੀਸ਼ਾ ਲੱਗਿਆ ਹੈ। ਕਿਉਂ ਅਤੇ ਕਿਸ ਹਾਲਤ 'ਚ ਲੱਗਾ, ਇਹ ਸਵਾਲ ਉਹ ਟਾਲ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਹੰਗਾਮਾ ਘਰ ਦੇ ਅੰਦਰ ਹੋਇਆ, ਇਸ ਲਈ ਕੋਈ ਮਾਮਲਾ ਨਹੀਂ ਬਣਦਾ। ਰਾਤ ਸ਼ਰਾਬ ਦੇ ਨਸ਼ੇ 'ਚ ਪੂਰੇ ਬਲਾਕ 'ਚ ਹੰਗਾਮੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਲੋਕਾਂ ਨੇ ਰਾਤ ਜਾਗ ਕੇ ਕੱਟੀ ਪਰ ਪੁਲਸ ਦੀ ਨਜ਼ਰ 'ਚ ਇਹ ਕ੍ਰਾਈਮ ਨਹੀਂ ਹੈ।
ਰੈਜ਼ੀਡੈਂਟ ਸੋਸਾਇਟੀ 'ਤੇ ਸੁੱਟੀ ਜ਼ਿੰਮੇਵਾਰੀ
ਐੱਸ. ਐੱਚ. ਓ. ਦਾ ਕਹਿਣਾ ਸੀ ਕਿ ਡੀ. ਐੱਸ. ਪੀ. ਦੱਖਣ ਨੇ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਰੈਜ਼ੀਡੈਂਟ ਵੈੱਲਫੇਅਰ ਸੋਸਾਇਟੀ ਆਪਣੇ ਪੱਧਰ 'ਤੇ ਸੁਲਝਾਏ ਪਰ ਸਵਾਲ ਇਹ ਉੱਠਦਾ ਹੈ ਕਿ ਸ਼ਰਾਬੀ ਨੌਜਵਾਨਾਂ ਨਾਲ ਕੌਣ ਪੰਗਾ ਲਵੇਗਾ। ਜੇਕਰ ਸ਼ਰਾਬ ਦੇ ਨਸ਼ੇ 'ਚ ਨੌਜਵਾਨ ਕੋਈ ਵੱਡੀ ਵਾਰਦਾਤ ਕਰ ਦੇਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ ਨੂੰ ਬਿਨਾਂ ਕਾਰਵਾਈ ਕੀਤੇ ਛੱਡਿਆ ਗਿਆ ਹੋਵੇ, ਪਹਿਲਾਂ ਵੀ ਅਜਿਹਾ ਹੀ ਹੁੰਦਾ ਰਿਹਾ ਹੈ, ਜਿਸ ਸਬੰਧੀ ਐੱਸ. ਐੱਸ. ਪੀ. ਨੂੰ ਵੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਸੈਕਟਰ ਵਾਸੀਆਂ 'ਚ ਪੁਲਸ ਦੇ ਰਵੱਈਏ ਕਾਰਨ ਭਾਰੀ ਰੋਸ ਹੈ।
ਤੇਜ਼ ਤੂਫਾਨ ਨੇ ਬਠਿੰਡਾ 'ਚ ਮਚਾਈ ਤਬਾਹੀ (ਵੀਡੀਓ)
NEXT STORY