ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਸ਼ਹਿਰ ਦੇ ਕਈ ਇਲਾਕਿਆਂ 'ਚ ਅਕਸਰ ਬੰਦ ਰਹਿੰਦੇ ਸੀਵਰੇਜ ਨੇ ਨਗਰ ਨਿਗਮ ਦੇ ਸਫਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਅੰਮ੍ਰਿਤਸਰ ਰੋਡ ਸਥਿਤ ਵਾਰਡ ਨੰਬਰ 1 ਦਾ ਹੈ, ਜਿਥੇ ਸੀਵਰੇਜ ਬੰਦ ਹੋਣ ਕਾਰਨ ਮੁੱਖ ਮਾਰਗ 'ਤੇ ਗੰਦਾ ਪਾਣੀ ਖੜ੍ਹਾ ਹੋ ਰਿਹਾ ਹੈ, ਜਿਸ ਕਾਰਨ ਲੋਕ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਇਸ ਸਮੱਸਿਆ ਦੇ ਹੱਲ ਲਈ ਨੇੜਲੇ ਖੇਤਰ ਦੇ ਦੁਕਾਨਦਾਰਾਂ ਵੱਲੋਂ ਮਾਮਲਾ ਨਿਗਮ ਅਧਿਕਾਰੀਆਂ ਦੇ ਸਾਹਮਣੇ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ ਹੈ ਪਰ ਅਜੇ ਤੱਕ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।
ਗੰਦਾ ਪਾਣੀ ਬੀਮਾਰੀਆਂ ਨੂੰ ਦੇ ਰਿਹੈ ਸੱਦਾ : ਵਿੱਕੀ
ਅੱਜ ਵਾਰਡ ਨੰਬਰ-1 ਤੋਂ ਕੌਂਸਲਰ ਮਨਪ੍ਰੀਤ ਕੌਰ ਦੇ ਪਤੀ ਅਤੇ ਨੌਜਵਾਨ ਨੇਤਾ ਜਸਪ੍ਰੀਤ ਸਿੰਘ ਵਿੱਕੀ ਨੇ ਸੜਕ 'ਤੇ ਖੜ੍ਹਾ ਗੰਦਾ ਪਾਣੀ ਦਿਖਾਉਂਦੇ ਹੋਏ ਕਿਹਾ ਕਿ ਨਗਰ ਕੌਂਸਲ ਦੇ ਨਿਗਮ ਬਣਨ ਉਪਰੰਤ ਸ਼ਹਿਰ ਵਾਸੀਆਂ ਨੂੰ ਇਹ ਉਮੀਦ ਸੀ ਕਿ ਮੋਗਾ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਵੇਗਾ ਪਰ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹਾਊਸ ਦੀ ਮੀਟਿੰਗ ਨਹੀਂ ਹੋਈ ਅਤੇ ਹੁਣ ਜੋ 33 ਕਰੋੜ ਰੁਪਏ ਦੇ ਵਿਕਾਸ ਕਾਰਜ 31 ਅਗਸਤ 2017 ਨੂੰ ਪਾਸ ਹੋਏ ਸਨ, ਉਹ ਅਜੇ ਤੱਕ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਤੋਂ ਪਾਸ ਹੋ ਕੇ ਨਹੀਂ ਆਏ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਰੋਡ 'ਤੇ ਖੜ੍ਹਾ ਗੰਦਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਨੇਤਾ ਮੋਗਾ ਦਾ ਸਰਬਪੱਖੀ ਵਿਕਾਸ ਕਰਨ ਦੇ ਦਾਅਵੇ ਕਰ ਰਿਹਾ ਹੈ, ਉਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਖਤਮ ਹੋਣ ਉਪਰੰਤ ਕਿਸੇ ਵੀ ਪਾਰਟੀ ਦੇ ਨੇਤਾ ਨੇ ਇਸ ਵਾਰਡ 'ਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰ ਕੇ ਉਠਾਇਆ ਜਾਵੇਗਾ। ਇਸ ਮੌਕੇ ਵਾਰਡ ਵਾਸੀ ਜਸਵੀਰ ਸਿੰਘ, ਲਖਵਿੰਦਰ ਸਿੰਘ, ਡਾ. ਰੇਸ਼ਮ ਸਿੰਘ, ਹਰਬੰਸ ਸਿੰਘ, ਗੋਪਾਲ ਸਰੂਪ, ਭੁਪਿੰਦਰ ਸਿੰਘ, ਤਰਸੇਮ ਸਿੰਘ ਸੇਮਾ, ਦਲਜੀਤ ਦੀਪਾ, ਜਗਦੀਸ਼ ਨੈਸਲੇ, ਅਮਨਦੀਪ ਅਮਨਾ, ਜਗਸੀਰ ਸੀਰਾ, ਸਰਬਜੀਤ ਸਿੰਘ, ਪਰਮਿੰਦਰ ਸਿੰਘ ਸੰਘਾ, ਰਾਕੇਸ਼ ਕਪੂਰ ਆਦਿ ਹਾਜ਼ਰ ਸਨ।
ਝੂਠਾ ਕੇਸ ਪਾਉਣ ਦੇ ਮਾਮਲੇ ਦੀ ਸੁਣਵਾਈ 20 ਨੂੰ
NEXT STORY