ਹੁਸ਼ਿਆਰਪੁਰ, (ਅਮਰਿੰਦਰ)- ਝੂਠਾ ਕੇਸ ਪਾਉਣ ਦੇ ਮਾਮਲੇ 'ਚ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਵਿਚ ਦੋਸ਼ੀ ਪੁਲਸ ਅਧਿਕਾਰੀਆਂ ਲੁਧਿਆਣਾ 'ਚ ਤਾਇਨਾਤ ਏ. ਸੀ. ਪੀ. ਲਖਬੀਰ ਸਿੰਘ, ਏ.ਐੱਸ.ਆਈ. ਪ੍ਰਦੀਪ ਕੁਮਾਰ ਅਤੇ ਹੈੱਡ ਕਾਂਸਟੇਬਲ ਸਤੀਸ਼ ਕੁਮਾਰ ਨੇ ਅੱਜ ਆਪਣੇ ਵਕੀਲਾਂ ਨਾਲ ਪੇਸ਼ ਹੋ ਕੇ ਆਪਣਾ-ਆਪਣਾ ਪੱਖ ਰੱਖਿਆ। ਮਾਮਲੇ ਦੀ ਸੁਣਵਾਈ ਤੋਂ ਬਾਅਦ ਪੀੜਤ ਪੱਖ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਸਰਬਜੀਤ ਸਿੰਘ ਭੂੰਗਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਪੁਲਸ ਅਧਿਕਾਰੀਆਂ ਵੱਲੋਂ ਅੱਜ ਦੱਸਿਆ ਗਿਆ ਕਿ 10 ਅਕਤੂਬਰ 2017 ਨੂੰ ਅਦਾਲਤ 'ਚ ਦੋਸ਼ੀ ਬਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਬਾਇੱਜ਼ਤ ਬਰੀ ਕਰਨ ਦੇ ਫੈਸਲੇ ਖਿਲਾਫ਼ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਗਈ ਹੈ। ਇਸ 'ਤੇ ਅਦਾਲਤ ਨੇ ਇਸ ਮਾਮਲੇ 'ਚ ਬਹਿਸ ਲਈ 20 ਜਨਵਰੀ ਮੁਕੱਰਰ ਕੀਤੀ ਹੈ।
ਕੀ ਹੈ ਮਾਮਲਾ : ਪੀੜਤ ਬਿਕਰਮਜੀਤ ਸਿੰਘ ਦੀ ਹਾਜ਼ਰੀ 'ਚ ਐਡਵੋਕੇਟ ਸਰਬਜੀਤ ਸਿੰਘ ਭੂੰਗਾ ਨੇ ਦੱਸਿਆ ਕਿ ਉਸ ਸਮੇਂ ਥਾਣਾ ਮਾਡਲ ਟਾਊਨ 'ਚ ਤਾਇਨਾਤ ਏ.ਐੱਸ.ਆਈ. (ਉਸ ਸਮੇਂ ਹੌਲਦਾਰ) ਪ੍ਰਦੀਪ ਕੁਮਾਰ ਨੇ ਇਕ ਸਾਜ਼ਿਸ਼ ਤਹਿਤ ਰਾਜਬੀਰ ਕੌਰ ਦੇ ਪਤੀ ਬਿਕਰਮਜੀਤ ਸਿੰਘ 'ਤੇ ਝੂਠੀ ਕਾਰਵਾਈ ਕਰਦੇ ਹੋਏ 2 ਫ਼ਰਵਰੀ 2014 ਨੂੰ ਨਸ਼ੀਲੇ ਪਦਾਰਥ ਰੱਖਣ ਦਾ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ 'ਚ ਬਿਕਰਮਜੀਤ ਸਿੰਘ ਨੂੰ ਕਰੀਬ 7 ਮਹੀਨੇ ਜੇਲ 'ਚ ਰਹਿਣਾ ਪਿਆ। ਇਸ ਮਾਮਲੇ 'ਚ ਮਾਣਯੋਗ ਅਦਾਲਤ ਨੇ 10 ਅਕਤੂਬਰ 2017 ਨੂੰ ਬਿਕਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਪੁਲਸ ਵੱਲੋਂ ਉਸ ਨੂੰ ਝੂਠੇ ਕੇਸ 'ਚ ਫਸਾਉਣ ਦਾ ਸਖਤ ਨੋਟਿਸ ਲੈਂਦਿਆਂ ਧਾਰਾ 193 ਅਧੀਨ ਏ. ਸੀ.ਪੀ. ਲਖਬੀਰ ਸਿੰਘ (ਤਤਕਾਲੀਨ ਇੰਸਪੈਕਟਰ) ਦੇ ਨਾਲ-ਨਾਲ ਏ.ਐੱਸ.ਆਈ. ਪ੍ਰਦੀਪ ਕੁਮਾਰ ਅਤੇ ਹੈੱਡ ਕਾਂਸਟੇਬਲ ਸਤੀਸ਼ ਕੁਮਾਰ ਨੂੰ ਸੰਮਨ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਅਦਾਲਤ 'ਚ ਤਲਬ ਕੀਤਾ ਸੀ।
ਲੋਕਤੰਤਰ ਨਹੀਂ ਹੁਣ ਵੋਟਤੰਤਰ ਬਣ ਚੁੱਕਿਐ ਸਾਡਾ ਦੇਸ਼
NEXT STORY