ਲੁਧਿਆਣਾ, (ਸਲੂਜਾ)- ਸਮੋਗ ਦੇ ਕਹਿਰ ਨਾਲ ਵਾਤਾਵਰਣ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਹੁਣ ਤਾਂ ਭਵਿੱਖ ਸਬੰਧੀ ਵੀ ਸਵਾਲ ਉੱਠਣ ਲੱਗੇ ਹਨ। ਇਸੇ ਗੰਭੀਰ ਵਿਸ਼ੇ 'ਤੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਵਿਗਿਆਨਕ, ਕਿਸਾਨਾਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਚਰਚਾ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ, ਕਿਉਂ ਨਾ ਪਰਾਲੀ ਦੀ ਸੰਭਾਲ ਨੂੰ ਲੈ ਕੇ ਪਹਿਲਾਂ ਹੀ ਕੋਈ ਅਜਿਹੀ ਨੀਤੀ ਜਾਂ ਪਲਾਨਿੰਗ ਕਰ ਲਈ ਜਾਵੇ।
ਖੇਤੀਬਾੜੀ ਮਾਹਰ ਇਕਸੁਰ ਬੋਲੇ
ਫਸਲਾਂ ਦੀ ਰਹਿੰਦ ਖੂੰਹਦ ਸਾੜਨ 'ਤੇ ਸਖ਼ਤ ਪਾਬੰਦੀ ਨੂੰ ਅਮਲ ਵਿਚ ਲਿਆਉਣਾ ਹੋਵੇਗਾ, ਕਿਉਂਕਿ ਇਸ ਸਮੇਂ ਜੋ ਵਾਤਾਵਰਣ ਦੇ ਹਾਲਾਤ ਬਣ ਚੁੱਕੇ ਹਨ, ਉਸ ਵਿਚ ਨਾ ਮਨੁੱਖ ਅਤੇ ਨਾ ਹੀ ਜਾਨਵਰ ਸਹੀ ਸਾਹ ਲੈ ਪਾ ਰਹੇ ਹਨ। ਖੇਤੀ ਮਾਹਿਰਾਂ ਨੇ ਇਕਸੁਰ ਵਿਚ ਕਿਹਾ ਕਿ ਜੇਕਰ ਭਵਿੱਖ ਨੂੰ ਬਚਾਉਣਾ ਹੈ ਤਾਂ ਪਰਾਲੀ ਨੂੰ ਸਾੜਨ ਤੋਂ ਕਿਸੇ ਵੀ ਕੀਮਤ 'ਤੇ ਰੋਕਣਾ ਹੋਵੇਗਾ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਕਿਸਾਨਾਂ ਨੂੰ ਭੜਕਾਉਣ ਦੀ ਗੱਲ ਸਾਹਮਣੇ ਆਈ
ਮੀਟਿੰਗ ਵਿਚ ਚਰਚਾ ਦੌਰਾਨ ਪਰਾਲੀ ਨੂੰ ਸਾੜਨ ਦੇ ਕੇਸ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਵਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਇਕ ਸਾਜ਼ਿਸ਼ ਤਹਿਤ ਭੜਕਾਇਆ ਗਿਆ। ਪੰਜਾਬ ਭਰ ਦੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਗੁੰਮਰਾਹ ਹੋਣ ਦੀ ਜਗ੍ਹਾ ਪੰਜਾਬ ਦੇ ਵਾਤਾਵਰਣ ਅਤੇ ਮਨੁੱਖਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਾਲੀ ਨਾ ਸਾੜਨ, ਸਗੋਂ ਪ੍ਰਦੂਸ਼ਣ ਵਿਭਾਗ ਅਤੇ ਪੀ. ਏ. ਯੂ. ਦੇ ਨਿਰਦੇਸ਼ਾਂ ਤਹਿਤ ਪਰਾਲੀ ਦੀ ਵਰਤੋਂ ਆਪਣੇ ਖੇਤਾਂ ਵਿਚ ਹੀ ਕਰਨ। ਇਸ ਨਾਲ ਯਕੀਨਣ ਤੌਰ 'ਤੇ ਜ਼ਮੀਨ ਦੀ ਪੈਦਾਵਾਰ ਸ਼ਕਤੀ ਵਿਚ ਵਾਧਾ ਹੋਵੇਗਾ।
ਕੀ ਕਿਹਾ ਬੋਰਲਾਗ ਦੇ ਵਿਗਿਆਨੀ ਨੇ
ਸਾਊਥ ਏਸ਼ੀਆ ਦੀ ਬੋਰਲਾਗ ਸੰਸਥਾ ਦੇ ਵਿਗਿਆਨੀ ਡਾ. ਐੱਚ. ਐੱਸ. ਐੱਸ. ਸਿੱਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਰਾਲੀ ਨੂੰ ਬਾਹਰ ਲੈ ਕੇ ਜਾਣ ਦੀ ਜਗ੍ਹਾ ਖੇਤਾਂ ਵਿਚ ਮਿਕਸ ਕਰਨਾ ਹੀ ਬਿਹਤਰ ਹੋਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਨਾਜ਼ੁਕ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਪਰ ਸਟਾਰ ਮੈਨੇਜਮੈਂਟ ਸਿਸਟਮ ਵਾਲੀ ਕੰਬਾਈਨ ਨੂੰ ਕਿਸਾਨੀ ਲਈ ਵਰਦਾਨ ਦੱਸਿਆ।
ਕਿਸਾਨ ਘੱਟ ਸਮੇਂ ਵਿਚ ਪੱਕਣ ਵਾਲੀਆਂ ਫਸਲਾਂ ਨੂੰ ਦੇਣ ਪਹਿਲ
ਪੀ. ਏ. ਯੂ. ਦੇ ਡਾਇਰੈਕਟਰ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕਿਸਾਨਾਂ ਨੂੰ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਘੱਟ ਸਮੇਂ ਵਿਚ ਪੱਕਣ ਵਾਲੀਆਂ ਸਿਫਾਰਸ਼ੀ ਕਿਸਮਾਂ ਬੀਜਣ ਨੂੰ ਹੀ ਪਹਿਲ ਦੇਣ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਅਗਲੀ ਫਸਲ ਦੀ ਤਿਆਰੀ ਲਈ ਸਮਾਂ ਮਿਲੇਗਾ, ਬਲਕਿ ਉਹ ਝੋਨੇ ਦੀ ਪਰਾਲੀ ਨੂੰ ਵੀ ਬਿਹਤਰ ਤਰੀਕੇ ਨਾਲ ਸੰਭਾਲ ਸਕਣਗੇ। ਇਸ ਦੇ ਨਾਲ ਹੀ ਪਾਣੀ ਦੀ ਵੀ ਬੱਚਤ ਹੋਵੇਗੀ।
ਛੇੜਛਾੜ ਮਾਮਲਾ : ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਫਿਰ ਰੱਦ
NEXT STORY