ਜਗਦੀਪ ਧਨਖੜ ਦੇ ਅਸਤੀਫ਼ੇ ’ਤੇ ਮੇਰੇ ਦਿਮਾਗ ਵਿਚ ਇਕ ਸ਼ੇਰ ਆਇਆ - ‘ਬੜੇ ਬੇਆਬਰੂ ਹੋਕੇ ਤੇਰੇ ਕੂਚੇ ਸੇ ਹਮ ਨਿਕਲੇ’। ਧਨਖੜ ਅੱਜ ਕਿੱਥੇ ਹਨ, ਇਹ ਕਿਸੇ ਨੂੰ ਨਹੀਂ ਪਤਾ। ਕੋਈ ਕਹਿ ਰਿਹਾ ਹੈ ਕਿ ਉਹ ਕੁਝ ਸਮੇਂ ਲਈ ਅੰਡਰਗਰਾਊਂਡ ਹੋ ਗਏ। ਹਕੀਕਤ ਕੀ ਹੈ ਕਿਸੇ ਨੂੰ ਨਹੀਂ ਪਤਾ ਪਰ ਉਨ੍ਹਾਂ ਦੇ ਅਸਤੀਫੇ ਨੇ ਉਪ ਰਾਸ਼ਟਰਪਤੀ ਦੀ ਚੋਣ ਜ਼ਰੂਰ ਕਰਾ ਦਿੱਤੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਸਰਕਾਰ ਅਤੇ ਭਾਜਪਾ ਨੇ ਉਨ੍ਹਾਂ ਦੇ ਅਸਤੀਫੇ ਤੋਂ ਸਬਕ ਲਿਆ ਅਤੇ ਅਜਿਹਾ ਉਮੀਦਵਾਰ ਦਿੱਤਾ ਹੈ ਜਿਸ ਦੀ ਦਿਖ ਕਾਫੀ ਸਾਫ-ਸੁਥਰੀ ਅਤੇ ਬੇਦਾਗ ਹੈ।
ਕਈ ਰਾਜਾਂ ਦੇ ਰਾਜਪਾਲ ਰਹਿਣ ਦੇ ਬਾਅਦ ਵੀ ਉਹ ਕਿਸੇ ਵਿਵਾਦ ’ਚ ਨਹੀਂ ਫਸੇ। ਸੀ. ਪੀ.ਰਾਧਕ੍ਰਿਸ਼ਨਨ ਦੀ ਸ਼ਲਾਘਾ ਉਨ੍ਹਾਂ ਦੇ ਵਿਰੋਧੀ ਵੀ ਕਰਦੇ ਹਨ। ਉਹ ਤਾਮਿਲਨਾਡੂ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਹਨ ਅਤੇ ਡੀ. ਐੱਮ. ਕੇ. ਦਾ ਕਹਿਣਾ ਹੈ ਕਿ ਉਹ ਸਹੀ ਆਦਮੀ ਹਨ ਪਰ ਗਲਤ ਪਾਰਟੀ ’ਚ ਹਨ। ਕਦੇ ਇਹ ਗੱਲ ਅਟਲ ਬਿਹਾਰੀ ਵਾਜਪਾਈ ਦੇ ਬਾਰੇ ਕਹੀ ਜਾਂਦੀ ਸੀ। ਰਾਧਾਕ੍ਰਿਸ਼ਨਨ ਦੀ ਚੋਣ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਹੁਣ ਭਾਜਪਾ ਦਲ-ਬਦਲੂਆਂ ਨੂੰ ਸੰਵਿਧਾਨਿਕ ਅਹੁਦਿਆਂ ’ਤੇ ਬਿਠਾਉਣ ਤੋਂ ਪਹਿਲਾਂ ਕਈ ਵਾਰ ਸੋਚੇਗੀ। ਧਨਖੜ ਭਾਜਪਾ ’ਚ ਕਈ ਦੂਜੀਆਂ ਪਾਰਟੀਆਂ ਦਾ ਸਵਾਦ ਚੱਖਣ ਤੋਂ ਬਾਅਦ ਆਏ ਸਨ। ਉਨ੍ਹਾਂ ਦੀ ਸਿਆਸੀ ਟ੍ਰੇਨਿੰਗ ਨਾ ਤਾਂ ਭਾਜਪਾ ’ਚ ਹੋਈ ਅਤੇ ਨਾ ਹੀ ਆਰ.ਆਰ.ਐੱਸ. ’ਚ ਲਿਹਾਜ਼ਾ ਉਨ੍ਹਾਂ ’ਚ ਸੰਘ ਦੇ ਅਨੁਸ਼ਾਸਨ ਬੋਧ ਦੀ ਘਾਟ ਸੀ। ਮੋਦੀ ਦੇ ਆਉਣ ਤੋਂ ਬਾਅਦ ਧਨਖੜ ਨੂੰ ਗਵਰਨਰ ਅਤੇ ਉਪ ਰਾਸ਼ਟਰਪਤੀ ਦਾ ਅਹੁਦਾ ਮਿਲ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦੇ ਅਤੇ ਧਨਖੜ ਦੇ ਕੱਦ ’ਚ ਕੋਈ ਜੋੜ ਨਹੀਂ ਸੀ।
ਪਰ ਧਨਖੜ ਨੂੰ ਮਮਤਾ ਬੈਨਰਜੀ ਨੂੰ ਬੇਹੱਦ ਪ੍ਰੇਸ਼ਾਨ ਕਰਨ ਦਾ ਪੁਰਸਕਾਰ ਮਿਲਿਆ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਫਿਰ ਸਰਕਾਰ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪੋਜ਼ੀਸ਼ਨ ਨੂੰ ਪੂਰੀ ਤਰ੍ਹਾਂ ਨਾਲ ਬੁਲਡੋਜ਼ ਕੀਤਾ ਪਰ ਉਹ ਇਹ ਭੁੱਲ ਗਏ ਕਿ ਉਹ ਸਰਕਾਰ ਦੇ ਲਈ ਉਦੋਂ ਤੱਕ ਹੀ ਉਪਯੋਗੀ ਹਨ ਜਦੋਂ ਤੱਕ ਉਹ ਸਰਕਾਰ ਦੇ ਇਸ਼ਾਰੇ ’ਤੇ ਨੱਚਣ ਲਈ ਤਿਆਰ ਹਨ। ਜਿਉਂ ਹੀ ਉਨ੍ਹਾਂ ਨੇ ਆਪਣੇ ਖੰਭ ਕੱਢੇ, ਉਨ੍ਹਾਂ ਨੂੰ ਕਤਰ ਦਿੱਤਾ ਗਿਆ। ਹੁਣ ਰਾਧਾ ਕ੍ਰਿਸ਼ਨਨ ਧਨਖੜ ਵਾਂਗ ਪੂਰੀ ਤਰ੍ਹਾਂ ਨਤਮਸਤਕ ਹੋਣਗੇ, ਇਹ ਨਹੀਂ ਕਿਹਾ ਜਾ ਸਕਦਾ ਹੈ। ਉਹ ਅਹੁਦੇ ਦੀ ਸ਼ਾਨ ਦੇ ਵਿਰੁੱਧ ਕੁਝ ਕਰਨਗੇ, ਇਸ ’ਤੇ ਮੈਨੂੰ ਸ਼ੱਕ ਹੈ।
ਉਨ੍ਹਾਂ ਦੀ ਚੋਣ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਮੋਦੀ ਸਰਕਾਰ ਇਸ ਸਮੇਂ ਸੰਘ ਦੇ ਦਬਾਅ ’ਚ ਹੈ। ਇਸ ਲਈ ਮੋਦੀ ਸਰਕਾਰ ਨੇ ਇਕ ਅਜਿਹੇ ਸਕਸ਼ ਨੂੰ ਚੁਣਿਆ ਜੋ ਪੂਰੀ ਤਰ੍ਹਾਂ ਸੰਘ ਦੀ ਵਿਚਾਰਧਾਰਾ, ਸੰਸਕ੍ਰਿਤੀ ਅਤੇ ਅਨੁਸ਼ਾਸਨ ਨਾਲ ਬੱਝਾ ਹੈ। ਉਹ ਧਨਖੜ ਵਾਂਗ ਬਾਹਰੀ ਨਹੀਂ ਹਨ ਅਤੇ ਨਾ ਹੀ ਇਕ ਹੱਦ ਦੇ ਬਾਅਦ ਮੋਦੀ ਅਤੇ ਸਰਕਾਰ ਦੀ ਸੁਣਨਗੇ। ਉਹ ਪਿਛਲੇ 11 ਸਾਲਾਂ ਦੇ ਮੋਦੀ ਦੇ ਕਾਰਜਕਾਲ ਨੂੰ ਦੇਖਦੇ ਹੋਏ ਹਵਾ ਦਾ ਇਕ ਤਾਜ਼ਾ ਬੁੱਲਾ ਹੋ ਸਕਦੇ ਹਨ।
ਆਪੋਜ਼ੀਸ਼ਨ ਜਾਂ ਵਿਰੋਧੀ ਧਿਰ ਨੇ ਉਨ੍ਹਾਂ ਦੇ ਵਿਰੁੱਧ ਵੀ ਸੁਦਰਸ਼ਨ ਰੈੱਡੀ ਨੂੰ ਉਤਾਰਿਆ ਹੈ। ਜੋ ਸੁਪਰੀਮ ਕੋਰਟ ਦੇ ਜੱਜ ਰਹਿ ਚੁੱਕੇ ਹਨ ਅਤੇ ਆਪਣੇ ਫੈਸਲਿਆਂ ਲਈ ਜਾਣੇ ਜਾਂਦੇ ਹਨ। ਜਿੱਥੇ ਉਨ੍ਹਾਂ ਨੇ ਨਕਸਲਵਾਦ ਨਾਲ ਨਜਿੱਠਣ ਲਈ ਸਲਵਾ ਜੁੜਮ ਨੂੰ ਗੈਰ-ਸੰਵਿਧਾਨਿਕ ਐਲਾਨਿਆ ਸੀ । ਉੇੱਥੇ ਹੀ ਮਨਮੋਹਨ ਿਸੰਘ ਨੂੰ ਕਟਹਿਰੇ ’ਚ ਖੜ੍ਹਾ ਕਰਦੇ ਹੋਏ ਬਲੈਕ ਮਨੀ ਦੀ ਜਾਂਚ ਲਈ ਐੱਸ.ਆਈ.ਟੀ. ਬਣਾਉਣ ਦਾ ਫੈਸਲਾ ਦਿੱਤਾ ਸੀ। ਭਾਜਪਾ ਉਨ੍ਹਾਂ ਨੂੰ ਨਕਸਲਵਾਦ ਦੇ ਸਮਰਥਕ ਦੇ ਤੌਰ ’ਤੇ ਪੇਸ਼ ਕਰ ਰਹੀ ਹੈ, ਉੱਥੇ ਹੀ ਉਹ ਇਸ ਨੂੰ ਮਨੁੱਖੀ ਅਧਿਕਾਰ ਹਨਨ ਦਾ ਸਵਾਲ ਖੜ੍ਹਾ ਕਰ ਰਹੇ ਹਨ। ਜ਼ਾਹਿਰ ਹੈ ਕਿ ਭਾਜਪਾ ਖਿੱਚੀ-ਖਿਚਾਈ ਲਕੀਰ ’ਤੇ ਚੱਲ ਰਹੀ ਹੈ। ਉਸ ਦਰਸ਼ਨ ਰੈੱਡੀ ਦੇ ਬਹਾਨੇ ਇਕ ਵਾਰ ਫਿਰ ਰਾਸ਼ਟਰਵਾਦ ਦਾ ਮੁੱਦਾ ਖੜ੍ਹਾ ਕਰਕੇ ਵਿਰੋਧੀ ਧਿਰ ਨੂੰ ਅਰਾਜਕਤਾਵਾਦੀ ਅਤੇ ਅੱਤਵਾਦ, ਨਕਸਲਵਾਦ ਦੇ ਸਮਰਥਕ ਦੀ ਉਨ੍ਹਾਂ ਦੀ ਤਸਵੀਰ ਪੇਂਟ ਕਰਨਾ ਚਾਹੁੰਦੀ ਹੈ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਉਪ ਰਾਸ਼ਟਰਪਤੀ ਦੀ ਚੋਣ ਰਾਸ਼ਟਰਵਾਦ ਬਨਾਮ ਨਕਸਲਵਾਦ ’ਚ ਤਬਦੀਲ ਹੋਵੇਗੀ।
ਉਪ ਰਾਸ਼ਟਰਪਤੀ ਦੇ ਅਹੁਦੇ ਨੇ ਦੋ ਗੱਲਾਂ ਮੋਦੀ ਨੂੰ ਲੈ ਕੇ ਸਪੱਸ਼ਟ ਕਰ ਦਿੱਤੀਆਂ ਹਨ ਕਿ ਭਾਜਪਾ ਸੰਗਠਨ ’ਤੇ ਉਨ੍ਹਾਂ ਦੀ ਪਕੜ ਕਮਜ਼ੋਰ ਰਹੀ ਹੈ ਅਤੇ ਉਨ੍ਹਾਂ ਦੇ ਕੋਲ ਕੋਈ ਨਵਾਂ ਨੈਰਟਿਵ ਨਹੀਂ ਹੈ। ਰਾਧਾ ਕ੍ਰਿਸ਼ਨਨ ਦੀ ਚੋਣ ਦੇ ਨਾਲ ਹੀ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੋਦੀ ਸ਼ਾਹ ਦੀ ਜੋੜੀ ਇਕੋ-ਇਕ ਡੇਢ ਸਾਲ ਤੋਂ ਭਾਜਪਾ ਦਾ ਨਵਾਂ ਚੇਅਰਮੈਨ ਨਹੀਂ ਨਿਯੁਕਤ ਕਰ ਸਕੀ ਹੈ। ਜੇ.ਪੀ. ਨੱਡਾ ਦਾ ਕਾਰਜਕਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਖਤਮ ਹੋ ਗਿਆ ਸੀ। ਆਰ.ਆਰ.ਐੱਸ. ਨੇ ਅੰਗਦ ਵਾਂਗ ਆਪਣਾ ਪੈਰ ਅੜਾ ਦਿੱਤਾ ਹੈ। ਉਸ ਨੇ ਤੈਅ ਕਰ ਲਿਆ ਹੈ ਕਿ ਹੁਣ ਭਾਜਪਾ ਦਾ ਚੇਅਰਮੈਨ ਉਹ ਹੋਵੇਗਾ ਜੋ ਮੋਦੀ ਸ਼ਾਹ ਦੇ ਇਸ਼ਾਰੇ ’ਤੇ ਉਠਕ-ਬੈਠਕ ਨਹੀਂ ਕਰੇਗਾ। ਉਹ ਪਾਰਟੀ ਨਾਲ ਜੁੜੇ ਮਾਮਲਿਆਂ ’ਚ ਮੋਦੀ ਸ਼ਾਹ ਨਾਲ ਸਲਾਹ ਮਸ਼ਵਰਾ ਤਾਂ ਕਰੇ ਪਰ ਫੈਸਲੇ ਖੁਦ ਕਰੇ। ਪਾਰਟੀ ਦਾ ਨਵਾਂ ਚੇਅਰਮੈਨ ਇਹ ਤੈਅ ਕਰ ਦੇਵੇਗਾ ਕਿ ਮੋਦੀ ਸ਼ਾਹ ਦੀ ਪਕੜ ਹੁਣ ਭਾਜਪਾ ਸੰਗਠਨ ’ਤੇ ਕਿੰਨੀ ਰਹਿ ਗਈ ਹੈ।
ਇੱਧਰ ਭਾਜਪਾ ਅਤੇ ਮੋਦੀ ਲਗਾਤਾਰ ਰਾਹੁਲ ਦੇ ਹਮਲਿਆਂ ਨੂੰ ਸਹਿ ਰਹੇ ਹਨ। ਰਾਹੁਲ ਲੋਕ ਸਭਾ ਚੋਣਾਂ ਦੇ ਸਮੇਂ ਤੋਂ ਲਗਾਤਾਰ ਨੈਰੇਟਿਵ ਸੈੱਟ ਕਰ ਰਹੇ ਹਨ ਅਤੇ ਭਾਜਪਾ ਅਤੇ ਸਰਕਾਰ ਸਿਰਫ ਰਿਐਕਟ ਕਰ ਰਹੇ ਹਨ। ‘ਸੰਵਿਧਾਨ ਬਚਾਓ ਦਾ ਨਾਅਰਾ ਹੋਵੇ ਜਾਂ ਫਿਰ ਜਾਤੀ ਜਨਗਣਨਾ ਦਾ ਸਵਾਲ ਅਤੇ ਹੁਣ ‘ਨਰਿੰਦਰ ਸਰੇਂਡਰ’ ਅਤੇ ‘ਵੋਟ ਚੋਰੀ’ ਦਾ ਮੁੱਦਾ, ਭਾਜਪਾ ਸਿਰਫ ਬਚਾਅ ਕਰ ਰਹੀ ਹੈ। ਉਹ ਨਾ ਤਾਂ ਨੈਰੇਟਿਵ ਬਣਾ ਪਾ ਰਹੀ ਹੈ ਅਤੇ ਨਾ ਹੀ ਉਹ ਰਾਹੁਲ ਦੇ ਸਵਾਲਾਂ ਦਾ ਉਚਿਤ ਜਵਾਬ ਦੇ ਪਾ ਰਹੀ ਹੈ। ਵੋਟ ਚੋਰ ਗੱਦੀ ਛੋੜ ਦਾ ਨਾਅਰਾ ਸਰਕਾਰ ਅਤੇ ਮੋਦੀ ਦੀ ਦਿਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਭਾਜਪਾ ਅੱਜ ਵੀ ਉਹੀ ਰਿਪੀਟ ਕਰ ਰਹੀ ਹੈ ਕਿ ਰਾਹੁਲ ਅਤੇ ਆਪੋਜ਼ੀਸ਼ਨ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਹਨ। ‘ਵੋਟ ਚੋਰ’ ’ਤੇ ਵੀ ਉਹ ਲੋਕ ਸਭਾ ਚੋਣਾਂ ਵਾਂਗ ਘੁਸਪੈਠੀਆਂ ਦਾ ਮੁੱਦਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰਧਾਨ ਮੰਤਰੀ ਬਣਨ ਦੇ 11 ਸਾਲ ਬਾਅਦ ਹੁਣ ਪ੍ਰਧਾਨ ਮੰਤਰੀ ਥੱਕਣ ਲੱਗੇ ਹਨ। ਉਨ੍ਹਾਂ ਦੀ ਸਿਆਸੀ ਭਾਸ਼ਾ ਅਤੇ ਜੁਮਲੇ ਪੁਰਾਣੇ ਪੈ ਚੁੱਕੇ ਹਨ। ਘੁਸਪੈਠੀਆ ਸ਼ਬਦ ਲੋਕ ਸਭਾ ਚੋਣਾਂ ’ਚ ਪ੍ਰਭਾਵੀ ਨਹੀਂ ਰਿਹਾ ਹੈ। ਰੈੱਡੀ ਨੂੰ ਨਕਸਲ ਸਮਰਥਕ ਦੱਸ ਕੇ ਉਹ ਆਪਣੀ ਕਮਜ਼ੋਰੀ ਹੀ ਉਜਾਗਰ ਕਰ ਰਹੇ ਹਨ। ਰੈੱਡੀ ਦੀ ਸਾਫ-ਸੁਥਰੀ ਦਿਖ ਹੈ। ਉਂਝ ਵੀ ਉਪ ਰਾਸ਼ਟਰਪਤੀ ਦੀ ਚੋਣ ’ਚ ਜਨਤਾ ਨੇ ਤਾਂ ਵੋਟ ਦੇਣੀ ਹੀ ਨਹੀਂ ਹੁੰਦੀ ਕਿ ਲੋਕ ਭਾਵਨਾ ’ਚ ਵਹਿ ਜਾਣਗੇ। ਇਹ ਚੋਣ ਤਾਂ ਸੰਸਦ ਮੈਂਬਰਾਂ ਨੇ ਕਰਨੀ ਹੈ। ਉਹ ਪਾਰਟੀ ਲਾਈਨ ਨਾਲ ਬੱਝੇ ਹਨ ਅਤੇ ਮੋਦੀ ਦੇ ਆਉਣ ਦੇ ਬਾਅਦ ਦੇਸ਼ ਦੀ ਰਾਜਨੀਤੀ ਇਸ ਕਦਰ ਵਿਚਾਰਧਾਰਾ ਦੇ ਪੱਧਰ ’ਤੇ ਵੰਡੀ ਗਈ ਹੈ ਅਤੇ ਅਜਿਹੀ ਵਿਚਾਰਕ ਖੇਮੇਬੰਦੀ ਹੋ ਚੁੱਕੀ ਹੈ ਕਿ ਹੁਣ ਵੀ.ਵੀ. ਗਿਰੀ ਦੀ ਚੋਣ ਦੀ ਸਮੇਂ ਦੀ ‘ਅੰਤਰ-ਆਤਮਾ ਦੀ ਆਵਾਜ਼’ ’ਤੇ ਵੋਟ ਦੇਣ ਦਾ ਸਵਾਲ ਖੜ੍ਹਾ ਨਹੀਂ ਹੋਵੇਗਾ। ਅਜਿਹੇ ’ਚ ਆਈਡੈਂਟੀ ਦੇ ਆਧਾਰ ’ਤੇ ਪਾਲਿਟਿਕਸ ਦਾ ਜਾਇਜ਼ਾ ਕਰਨ ਵਾਲੇ ਜੋ ਇਹ ਸੋਚ ਰਹੇ ਹਨ ਕਿ ਰਾਧਾਕ੍ਰਿਸ਼ਨਨ ਦੇ ਨਾਂ ’ਤੇ ਡੀ.ਐੱਮ.ਕੇ. ਆਪਣੀ ਵੋਟ ਰੈੱਡੀ ਨੂੰ ਨਹੀਂ ਦੇਵੇਗੀ ਅਤੇ ਸੁਦਰਸ਼ਨ ਰੈੱਡੀ ਦੇ ਨਾਂ ’ਤੇ ਟੀ. ਡੀ. ਪੀ., ਰਾਧਾਕ੍ਰਿਸ਼ਨਨ ’ਤੇ ਮੋਹਰ ਲਗਾਏਗੀ, ਇਸ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।
ਉਪ ਰਾਸ਼ਟਰ ਦੀ ਚੋਣ ’ਚ ਕੋਈ ਵੱਡਾ ਉਲਟ ਫੇਰ ਹੋਣ ਵਾਲਾ ਨਹੀਂ ਹੈ। ਰਾਧਾਕ੍ਰਿਸ਼ਨਨ ਦੀ ਜਿੱਤ ਪੱਕੀ ਹੈ। ਭਾਜਪਾ ਦੇ ਕੋਲ ਦੋਹਾਂ ਸਦਨਾਂ ’ਚ ਸਹਿਯੋਗੀਆਂ ਦੀ ਮਦਦ ਨਾਲ ਬਹੁਮਤ ਹੈ ਪਰ ਇਹ ਚੋਣ ਇਕ ਤਰ੍ਹਾਂ ਨਾਲ ਭਾਜਪਾ ਦੇ ਚੇਅਰਮੈਨ ਦੀ ਨਿਯੁਕਤੀ ਤੋਂ ਪਹਿਲਾਂ ਦਾ ਸੈਮੀਫਾਈਨਲ ਹੈ। ਮੋਦੀ ਨੇ ਧਨਖੜ ਵਰਗੇ ਲੋਕਾਂ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਠਾ ਕੇ ਅਤੇ ਫਿਰ ਅਸਤੀਫਾ ਦਿਵਾ ਕੇ ਆਪਣੀ ਕਮਜ਼ੋਰੀ ਅਤੇ ਸੰਘ ਪਰਿਵਾਰ ਦੇ ਅੰਦਰ ਅੰਤਰਵਿਰੋਧਾਂ ਦਾ ਇਜ਼ਹਾਰ ਕਰ ਦਿੱਤਾ ਹੈ। ਬੱਸ ਸਮੇਂ ਦੀ ਉਡੀਕ ਹੈ।
-ਆਸ਼ੂਤੋਸ਼
ਬਿਹਾਰ ’ਚ ਕਾਂਗਰਸ ਦੀ ਚੋਣਾਂ ’ਚ ਹਾਰ ਦਾ ਖਦਸ਼ਾ ਅਤੇ ਨੈਰੇਟਿਵ ਦੀ ਰਾਜਨੀਤੀ
NEXT STORY