ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸਰਕਾਰੀ ਨੌਕਰੀ ਲੱਗੇ ਦੋ ਪੁੱਤਰਾਂ ਅਤੇ ਗਜ਼ਟਿਡ ਅਫਸਰ ਪੋਤੀ ਦੀ ਕਰੀਬ 80 ਸਾਲਾ ਦਾਦੀ ਜੋ ਲੰਬੇ ਸਮੇਂ ਤੋਂ ਕਿਸੇ ਗਰੀਬ ਵਿਅਕਤੀ ਦੇ ਘਰ ਵਿਚ ਇੱਟਾਂ ਦੇ ਬਣੇ ਛੋਟੇ ਜਿਹੇ ਘੁਰਨੇ ਵਿਚ ਗੁਜ਼ਾਰਾ ਕਰ ਸੀ, ਦੀ ਅਚਾਨਕ ਸ਼ੱਕੀ ਹਾਲਤ ’ਚ ਮੌਤ ਹੋਣ ਤੋਂ ਬਾਅਦ ਡਿਪਟੀ ਕਮਿਸ਼ਨ ਐੱਮ. ਕੇ. ਅਰਾਵਿੰਦ ਕੁਮਾਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਸਦੀ ਪੜਤਾਲ ਲਈ ਐੱਸ. ਡੀ. ਐੱਮ. ਮੁਕਤਸਰ ਦੀ ਡਿਊਟੀ ਲਾ ਦਿੱਤੀ ਹੈ।
ਦੱਸਣਯੋਗ ਹੈ ਕਿ ਪੀੜ੍ਹਤ ਮਹਿਲਾ ਦੀ ਬੇਹੱਦ ਗੰਭੀਰ ਅਤੇ ਤਰਸਯੋਗ ਹਾਲਤ ਬਾਰੇ 14 ਅਗਸਤ ਨੂੰ ਕਿਸੇ ਵਿਅਕਤੀ ਨੇ ਥਾਣਾ ਸਿਟੀ ਮੁਕਤਸਰ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ। ਇਸ ’ਤੇ ਪੁਲਸ ਨੇ ਮੌਕੇ ’ਤੇ ਜਾ ਕੇ ਪੜਤਾਲ ਕਰਨ ਉਪਰੰਤ ਸਮਾਜ ਸੇਵੀ ਸੰਸਥਾ ‘ਸਾਲਾਸਰ ਸੇਵਾ ਸੋਸਾਇਟੀ’ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੀੜਤ ਮਹਿਲਾ ਨੂੰ ਮੁਕਤਸਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਸੀ। ਜਿੱਥੇ ਡਾਕਟਰਾਂ ਨੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਜਿੱਥੇ ਮਾਤਾ ਦੇ ਪੁੱਤਰ ਵੀ ਉਸਦੇ ਨਾਲ ਗਏ। ਪਰ ਅੱਜ ਸਵੇਰੇ ਜਦੋਂ ਪਰਿਵਾਰ ਵੱਲੋਂ ਮਾਤਾ ਦਾ ਜਲਾਲਾਬਾਦ ਰੋਡ ਸਥਿਤ ਸ਼ਿਵਧਾਮ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਲੋਕਾਂ ’ਚ ਡਾਢੀ ਹੈਰਾਨੀ ਪਾਈ ਗਈ। ਸ਼ਿਵਧਾਮ ਦੇ ਪ੍ਰਬੰਧਕ ਸ਼ੰਮੀ ਤੇਹਰੀਆ ਨੇ ਦੱਸਿਆ ਕਿ ਪੀੜਤ ਮਹਿਲਾ ਦਾ ਬਿਜਲੀ ਵਾਲੀ ਭੱਠੀ ’ਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਸ਼ਾਮ ਤੱਕ ਪਰਿਵਾਰ ਉਸਦੀਆਂ ਅਸਥੀਆਂ ਵੀ ਚੁਗਕੇ ਲੈ ਗਿਆ ਸੀ। ਇਸ ਸਬੰਧ ਵਿਚ ਮਾਤਾ ਦੇ ਪੁੱਤਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਗੈਰ ਮਨੁੱਖੀ ਵਤੀਰੇ ਵਾਲੀ ਇਸ ਘਟਨਾ ਸਬੰਧੀ ਉਨ੍ਹਾਂ ਪੜਤਾਲ ਲਈ ਐੱਸ. ਡੀ. ਐੱਮ. ਮੁਕਤਸਰ ਦੀ ਡਿਊਟੀ ਲਾ ਦਿੱਤੀ ਹੈ। ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ, 46 ਨਵੇਂ ਕੇਸਾਂ ਦੀ ਹੋਈ ਪੁਸ਼ਟੀ
NEXT STORY