ਕਪੂਰਥਲਾ, (ਗੁਰਵਿੰਦਰ ਕੌਰ)- ਵਾਰਡ ਨੰ. 28 ਮੁਹੱਲਾ ਮਹਿਤਾਬਗੜ੍ਹ ਨਜ਼ਦੀਕ ਬਾਬਾ ਗਿਆਨ ਨਾਥ ਦਾ ਡੇਰਾ ਬਾਈਪਾਸ 'ਤੇ ਕੂੜੇ ਤੇ ਗੰਦਗੀ ਦੇ ਢੇਰ ਕਈ ਦਿਨਾਂ ਤੋਂ ਲੱਗੇ ਹੋਣ ਕਾਰਨ ਇਥੋਂ ਦੇ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਨਿਵਾਸੀ ਸੋਨੂੰ, ਤੋਤੀ, ਬਿੱਟੂ, ਸਤਪਾਲ, ਅਸ਼ੋਕ ਕੁਮਾਰ ਤੇ ਭੋਲਾ ਆਦਿ ਨੇ ਦੱਸਿਆ ਕਿ ਇਸ ਇਲਾਕੇ 'ਚ ਪਿਛਲੇ ਕਈ ਦਿਨਾਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਵਾਰ-ਵਾਰ ਕਹਿਣ 'ਤੇ ਵੀ ਚੁੱਕਿਆ ਨਹੀਂ ਗਿਆ ਹੈ ਤੇ ਬਰਸਾਤੀ ਮੌਸਮ ਹੋਣ ਕਾਰਨ ਇਥੇ ਗੰਦਗੀ ਦਾ ਆਲਮ ਛਾਇਆ ਹੋਇਆ ਹੈ ਤੇ ਕੂੜੇ ਤੇ ਗੰਦਗੀ 'ਚੋਂ ਆਉਂਦੀ ਬਦਬੂ ਨੇ ਉਨ੍ਹਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਮੇਨ ਗਟਰ ਨੂੰ ਜੇ. ਸੀ. ਬੀ. ਮਸ਼ੀਨ ਨਾਲ ਪੁੱਟਿਆ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਬੱਕਰਖਾਨੇ ਚੌਕ ਤੋਂ ਮਹਿਤਾਬਗੜ੍ਹ ਤਕ ਸੜਕ ਦੀ ਹਾਲਤ ਵੀ ਬਹੁਤ ਖਸਤਾ ਹੈ। ਸੜਕ 'ਚ ਵੱਡੇ-ਵੱਡੇ ਖੱਡੇ ਬਣੇ ਹੋਏ ਹਨ ਜਿਹੜੇ ਕਿ ਮੀਂਹ ਪੈਣ ਦੇ ਕਾਰਨ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਇਥੋਂ ਲੰਘਦੇ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਏ ਦਿਨ ਇਸ ਖਸਤਾ ਹਾਲਤ ਸੜਕ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਕਪੂਰਥਲਾ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਰਕੋਤ ਸਮੱਸਿਆਵਾਂ ਦਾ ਪਹਿਲਤਾ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੂੜੇ ਤੇ ਗੰਦਗੀ ਦੇ ਢੇਰਾਂ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਰੋਜ਼ਾਨਾ ਚੁੱਕਣ ਦਾ ਉਚਿਤ ਪ੍ਰਬੰਧ ਕਰਵਾਇਆ ਜਾਵੇ।
ਅਕਾਲੀ ਵਰਕਰ ਨੇ ਆਪਣੇ ਹੀ ਵਿਧਾਇਕ ਭੂੰਦੜ ਨੂੰ ਦੱਸਿਆ ਮਾਸਟਰ ਮਾਈਂਡ
NEXT STORY