ਲੁਧਿਆਣਾ, (ਪੰਕਜ)- 8 ਜੂਨ ਨੂੰ ਮਾਡਲ ਟਾਊਨ ਐਕਸਟੈਂਸ਼ਨ 'ਚ ਉਦਯੋਗਪਤੀ ਜਗਮੀਤ ਪਾਲ ਰਾਜਾ ਵੱਲੋਂ ਆਪਣੀ ਪਤਨੀ, ਬੇਟੀ ਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਦੇ ਬਾਅਦ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਮ੍ਰਿਤਕ ਦੀ ਮਾਂ ਮਹਿੰਦਰ ਕੌਰ ਤੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰ ਸੰਮੇਲਨ ਦਾ ਆਯੋਜਨ ਕਰ ਕੇ ਪੁਲਸ 'ਤੇ ਮੁਲਜ਼ਮ ਪਾਰਟਨਰਾਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਉਥੇ ਦੂਸਰੇ ਪਾਸੇ ਐੱਸ. ਐੱਚ. ਓ. ਮਾਡਲ ਟਾਊਨ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪੁਲਸ ਨੇ ਚਾਰਾਂ ਪਾਰਟਨਰਾਂ ਨੂੰ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ ਤੇ ਇਸ ਦੀ ਜਾਂਚ ਏ. ਡੀ. ਸੀ. ਪੀ. ਸੰਦੀਪ ਗਰਗ ਕਰ ਰਹੇ ਹਨ।
ਇਸ ਮੌਕੇ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ, ਆਰਗੇਨਾਈਜ਼ੇਸ਼ਨ ਦੇ ਸਤਨਾਮ ਧਾਲੀਵਾਲ, ਮਨਜੀਤ ਨਾਗਲਾ, ਰਘਵੀਰ ਸਿੰਘ, ਐਡਵੋਕੇਟ ਗੁਰਦੀਪ ਸਿੰਘ, ਕੋਮਲ ਸ਼ਰਮਾ, ਵਿਨੋਦ ਕੁਮਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਇਸ ਮਾਮਲੇ ਵਿਚ ਵਾਰਦਾਤ ਉਪਰੰਤ ਵਾਲ-ਵਾਲ ਬਚੀ ਮ੍ਰਿਤਕ ਦੀ ਬੇਟੀ ਵੱਲੋਂ ਦਿੱਤੇ ਬਿਆਨਾਂ ਦੇ ਬਾਵਜੂਦ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕੀਤੀ ਹੈ। ਮਹਿੰਦਰ ਕੌਰ ਨੇ ਦੋਸ਼ ਲਾਇਆ ਕਿ ਪਾਰਟਨਰ ਕੇਵਲ ਕ੍ਰਿਸ਼ਨ ਗਰਗ, ਸਰੂਪ ਸਿੰਘ, ਕੰਵਲਜੀਤ ਸ਼ੰਟੀ ਤੇ ਗੁਰਲੀਨ ਡਾਇਮੰਡ ਉਨ੍ਹਾਂ ਦੇ ਬੇਟੇ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਸਨ। ਘਟਨਾ ਤੋਂ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਦਾ ਲੜਕਾ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲਈ ਗਿਆ ਸੀ ਪਰ ਉਨ੍ਹਾਂ ਵੱਲੋਂ ਸਮੇਂ ਸਿਰ ਉਸ ਨੂੰ ਰੋਕ ਲਿਆ ਗਿਆ। ਵਪਾਰ 'ਚ ਉਸ ਦੇ ਪਾਰਟਨਰਾਂ ਵੱਲੋਂ ਕਥਿਤ ਰੂਪ ਵਿਚ ਕੀਤੇ ਗਏ ਧੋਖੇ ਨੇ ਉਸ ਨੂੰ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੱਤਾ ਤੇ ਕੋਈ ਰਸਤਾ ਨਾ ਨਿਕਲਦਾ ਦੇਖ ਉਸ ਨੇ ਇਹ ਕਦਮ ਚੁੱਕਿਆ।
ਉਨ੍ਹਾਂ ਦੋਸ਼ ਲਾਇਆ ਕਿ ਐੱਫ. ਆਈ. ਆਰ. ਵਿਚ ਮੁਲਜ਼ਮਾਂ ਨੂੰ ਨਾਮਜ਼ਦ ਨਾ ਕਰਨ 'ਤੇ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ, ਜਿਸ 'ਤੇ ਅਦਾਲਤ ਨੇ ਥਾਣਾ ਮੁਖੀ ਨੂੰ 30 ਅਗਸਤ ਨੂੰ ਰਿਪੋਰਟ ਸਬਮਿਟ ਕਰਨ ਲਈ ਕਿਹਾ ਹੈ।
ਮੁਲਜ਼ਮਾਂ 'ਤੇ ਮ੍ਰਿਤਕ ਦੇ ਸਹੁਰਿਆਂ ਨਾਲ ਮਿਲੀਭੁਗਤ ਦਾ ਦੋਸ਼- ਮਹਿੰਦਰ ਕੌਰ ਨੇ ਦੋਸ਼ ਲਾਇਆ ਕਿ ਪਰਿਵਾਰ ਨੂੰ ਬਰਬਾਦ ਕਰਨ ਵਾਲਿਆਂ ਨੇ ਉਸ ਦੇ ਬੇਟੇ ਦੇ ਸਹੁਰਿਆਂ ਨਾਲ ਮਿਲੀਭੁਗਤ ਕਰ ਕੇ ਉਲਟਾ ਉਸ ਦੇ ਖਿਲਾਫ ਕੂੜ-ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਸੱਚ ਕਦੀ ਨਹੀਂ ਛਿਪਦਾ। ਉਸ ਦੀ ਪੋਤੀ ਨੇ ਆਪਣੇ ਬਿਆਨਾਂ ਵਿਚ ਪਿਤਾ ਵੱਲੋਂ ਚੁੱਕੇ ਗਏ ਉਕਤ ਕਦਮ ਲਈ ਚਾਰਾਂ ਪਾਰਟਨਰਾਂ ਨੂੰ ਮੁਲਜ਼ਮ ਠਹਿਰਾਇਆ ਹੈ। ਅਦਾਲਤ ਸਾਹਮਣੇ ਦਰਜ ਕਰਵਾਏ ਬਿਆਨਾਂ ਵਿਚ ਉਸ ਨੇ ਸਾਫ ਕਿਹਾ ਕਿ ਉਸ ਦੇ ਪਿਤਾ ਪਾਰਟਨਰਾਂ ਦੀ ਧੋਖਾਦੇਹੀ ਤੋਂ ਪ੍ਰੇਸ਼ਾਨ ਸਨ।
ਨਾਮਜ਼ਦ ਹੋ ਚੁੱਕੇ ਹਨ ਪਾਰਟਨਰ- ਜਦੋਂ ਇਸ ਸਬੰਧ ਵਿਚ ਥਾਣਾ ਮਾਡਲ ਟਾਊਨ ਦੇ ਮੁਖੀ ਸੁਰਿੰਦਰ ਚੋਪੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਸ ਬਿਨਾਂ ਕਿਸੇ ਦਬਾਅ ਦੇ ਕਾਨੂੰਨ ਤਹਿਤ ਕਾਰਵਾਈ ਕਰ ਰਹੀ ਹੈ। ਪੁਲਸ ਨੇ ਪਾਰਟਨਰਾਂ ਨੂੰ ਧਾਰਾ 306 ਤਹਿਤ ਨਾਮਜ਼ਦ ਕੀਤਾ ਹੋਇਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਏ. ਡੀ. ਸੀ. ਪੀ. ਸੰਦੀਪ ਗਰਗ ਵੱਲੋਂ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਪਾਰਟਨਰਾਂ ਦਾ- ਇਸ ਸਬੰਧ ਵਿਚ ਜਦੋਂ ਸ਼ਾਰੂ ਸਟੀਲ ਦੇ ਕੇ. ਕੇ. ਗਰਗ ਨਾਲ ਸੰਪਰਕ ਬਣਾਇਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਵਜ੍ਹਾ ਪਾਰਟਨਰਾਂ ਨੂੰ ਫਸਾਇਆ ਜਾ ਰਿਹਾ ਹੈ। ਪਾਰਟਨਰਸ਼ਿਪ ਦਾ ਫੈਸਲਾ ਸ਼ਹਿਰ ਦੇ ਨਾਮੀ ਲੋਕਾਂ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿਚ ਸਾਰਿਆਂ ਨੂੰ ਬਰਾਬਰ ਨਫਾ ਨੁਕਸਾਨ ਡਿਵਾਈਡ ਕੀਤਾ ਗਿਆ ਸੀ। ਫਿਰ ਵੀ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਤੇ ਸੱਚਾਈ ਵੀ ਸਾਰਿਆਂ ਨੂੰ ਪਤਾ ਹੈ।
ਬਸਪਾ ਅੰਬੇਡਕਰ ਨੇ ਪੈਦਲ ਮਾਰਚ ਦੌਰਾਨ ਕੱਢੇ ਹਾੜ੍ਹੇ
NEXT STORY