ਪਟਿਆਲਾ (ਜੋਸਨ)—ਪੰਜਾਬ ਵਿਚ ਵਧਦੀ ਗਰਮੀ ਨੇ ਪਾਰਵਕਾਮ ਦੇ ਵੱਟ ਕੱਢ ਦਿੱਤੇ ਹਨ। ਪਹਿਲੀ ਜੂਨ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਡਿਮਾਂਡ 1866 ਲੱਖ ਯੂਨਿਟ ਨੂੰ ਪਾਰ ਕਰ ਗਈ ਹੈ। ਇਸ ਤੋਂ ਲਗਦਾ ਹੈ ਕਿ 13 ਜੂਨ ਤੋਂ ਜਦੋਂ ਪੈਡੀ ਸੀਜ਼ਨ ਸ਼ੁਰੂ ਹੋਵੇਗਾ ਤਾਂ ਬਿਜਲੀ ਦੀ ਡਿਮਾਂਡ ਇਕਦਮ 2500 ਲੱਖ ਯੂਨਿਟ ਨੂੰ ਪਾਰ ਜਾਵੇਗੀ। ਇਸ ਨਾਲ ਪਾਵਰਕਾਮ ਦਾ ਇਮਤਿਹਾਨ ਸ਼ੁਰੂ ਹੋ ਜਾਵੇਗਾ।
ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊੁਣਾ ਦੁੱਭਰ ਕੀਤਾ ਹੋਇਆ ਹੈ। ਘਰ-ਘਰ ਚਲਦੇ ਏ. ਸੀਜ਼ ਨੇ ਬਿਜਲੀ ਗਰਿੱਡਾਂ ਨੂੰ ਵੱਡੇ ਪੱਧਰ 'ਤੇ ਓਵਰਲੋਡ ਕਰ ਦਿੱਤਾ ਹੈ। ਇਸ ਨਾਲ ਬਹੁਤੇ ਸ਼ਹਿਰਾਂ ਅਤੇ ਕਸਬਿਆਂ ਵਿਚ ਬਿਨਾਂ ਕਿਸੇ ਸ਼ਡਿਊਲ ਤੋਂ ਅਣ-ਐਲਾਨੇ ਕੱਟ ਲਾਏ ਜਾ ਰਹੇ ਹਨ। ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਕੱਟਾਂ ਨੂੰ 'ਫਾਲਟ' ਕਹਿ ਕੇ ਸਾਰ ਦਿੱਤਾ ਜਾਂਦਾ ਹੈ ਪਰ ਅਸਲੀਅਤ ਕੁਝ ਹੋਰ ਹੈ।
ਪਾਵਰਕਾਮ ਨੇ ਅਜੇ ਆਪਣੇ ਥਰਮਲ ਪਲਾਂਟ ਬੰਦ ਰੱਖੇ ਹੋਏ ਹਨ। ਸੰਕਟ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਬਿਜਲੀ ਦੀ ਖਰੀਦ ਹੋ ਰਹੀ ਹੈ। ਕੁੱਲ 1866 ਲੱਖ ਯੂਨਿਟ ਡਿਮਾਂਡ 'ਚੋਂ 1470 ਲੱਖ ਯੂਨਿਟ ਬਿਜਲੀ ਦੀ ਬਾਹਰੋਂ ਖਰੀਦ ਕੀਤੀ ਜਾ ਰਹੀ ਹੈ। ਪਾਵਰਕਾਮ ਆਪਣੇ ਹਾਈਡਰੋ ਪਲਾਂਟਾਂ ਤੋਂ 195 ਲੱਖ ਯੂਨਿਟ ਬਿਜਲੀ ਪ੍ਰਾਪਤ ਕਰ ਰਿਹਾ ਹੈ। ਐੈੱਨ. ਆਰ. ਐੈੱਸ. ਈ. ਤੋਂ 69 ਲੱਖ ਯੂਨਿਟ, ਬੀ. ਬੀ. ਐੈੱਮ. ਬੀ. ਤੋਂ 167 ਲੱਖ ਯੂਨਿਟ ਅਤੇ ਬੈਂਕਿੰਗ ਤੋਂ 33 ਲੱਖ ਯੂਨਿਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ।
ਪੈਡੀ ਸੀਜ਼ਨ ਦੌਰਾਨ ਪਾਵਰਕਾਮ ਹੋਵੇਗਾ ਦਾ ਅਸਲ ਇਮਤਿਹਾਨ
ਅਜੇ ਪੰਜਾਬ ਵਿਚ ਪੈਡੀ ਸੀਜ਼ਨ ਸ਼ੁਰੂ ਹੋਣ ਵਿਚ 12 ਦਿਨ ਬਾਕੀ ਹਨ। ਪਾਵਰਕਾਮ ਨੇ ਪੰਜਾਬ ਦੇ ਕਿਸਾਨਾਂ ਨੂੰ 13 ਜੂਨ ਤੋਂ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਨੂੰ ਬਿਜਲੀ ਸ਼ੁਰੂ ਹੋਣ ਦੇ ਨਾਲ ਹੀ ਪਾਵਰਕਾਮ ਦਾ ਇਮਤਿਹਾਨ ਵੀ ਸ਼ੁਰੂ ਹੋ ਜਾਵੇਗਾ। ਪਹਿਲੇ ਦਿਨ ਹੀ ਬਿਜਲੀ ਦੀ ਡਿਮਾਂਡ ਵੱਡੀ ਛਾਲ ਮਾਰ ਕੇ 2500 ਲੱਖ ਯੂਨਿਟ ਨੂੰ ਪਾਰ ਕਰੇਗੀ। ਭਾਵੇਂ ਬਿਜਲੀ ਨਿਗਮ ਦੇ ਪ੍ਰਬੰਧਕ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਪ੍ਰਬੰਧ ਪੂਰੇ ਹਨ ਪਰ ਓਵਰਲੋਡ ਸਿਸਟਮ ਦੇ ਚਲਦੇ ਕੱਟਾਂ ਦਾ ਲੱਗਣਾ ਯਕੀਨੀ ਹੈ।

ਪੂਰੇ ਪ੍ਰਬੰਧ ਨਹੀਂ ਲੱਗਣਗੇ ਕੱਟ: ਚੇਅਰਮੈਨ ਸਰਾਂ
ਪਟਿਆਲਾ, (ਜੋਸਨ)-ਪੰਜਾਬ ਰਾਜ ਪਾਵਰਕਾਮ ਦੇ ਚੇਅਰਮੈਨ-ਕਮ-ਚੀਫ ਮੈਨੇਜਿੰਗ ਡਾਇਰੈਕਟਰ ਇੰਜੀ. ਬਲਦੇਵ ਸਿੰਘ ਸਰਾਂ ਨੇ ਆਖਿਆ ਕਿ ਬਿਜਲੀ ਨਿਗਮ ਨੇ ਪੈਡੀ ਸੀਜ਼ਨ ਅਤੇ ਗਰਮੀ ਦਾ ਮੁਕਾਬਲਾ ਕਰਨ ਲਈ ਪ੍ਰਬੰਧ ਪੂਰੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਪੰਜਾਬ ਵਿਚ ਕੋਈ ਵੀ ਬਿਜਲੀ ਕੱਟ ਨਹੀਂ ਲਾਇਆ ਗਿਆ। ਪੈਡੀ ਸੀਜ਼ਨ ਮੌਕੇ ਵੀ ਪੰਜਾਬ ਵਿਚ ਕੋਈ ਬਿਜਲੀ ਕੱਟ ਨਹੀਂ ਲੱਗੇਗਾ। ਚੇਅਰਮੈਨ ਸਰਾਂ ਨੇ ਆਖਿਆ ਕਿ ਸਮੁੱਚੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਸੰਕਟ ਨਾਲ ਨਿਪਟਣ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪਾਵਰਕਾਮ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉੱਤਰੇਗੀ।
'ਆਪ' ਛੁੱਡ ਚੁੱਕੇ ਵਿਧਾਇਕਾਂ 'ਤੇ ਕਾਰਵਾਈ ਕਰਨ ਦੇ ਮੂਡ 'ਚ ਨਹੀਂ 'ਸਪੀਕਰ'!
NEXT STORY