ਲੁਧਿਆਣਾ (ਧੀਮਾਨ) : ਪੰਜਾਬ ਵਿਚ ਬਿਜਲੀ ਦੀ ਕਮੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਇੰਜੀਨੀਅਰਿੰਗ ਇੰਡਸਟਰੀ ਹੋਈ ਹੈ। ਕਾਰਨ, ਇਸੇ ਇੰਡਸਟਰੀ ’ਚ 100 ਕਿੱਲੋਵਾਟ ਤੋਂ ਜ਼ਿਆਦਾ ਦਾ ਬਿਜਲੀ ਲੋਡ ਵਰਤਿਆ ਜਾਂਦਾ ਹੈ ਅਤੇ ਪਾਵਰਕਾਮ ਨੇ ਅਜਿਹੇ ਲਾਰਜ ਯੂਨਿਟ ’ਤੇ ਬਿਜਲੀ ਕੱਟ ਲਗਾ ਦਿੱਤਾ ਹੈ। ਇਸ ਕੱਟ ਨੂੰ ਇਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ, ਮਤਲਬ ਪਾਵਰਕਾਮ ਦੇ ਨਵੇਂ ਫਰਮਾਨ ਮੁਤਾਬਕ ਆਗਾਮੀ ਐਤਵਾਰ ਤੱਕ ਇੰਜੀਨੀਅਰਿੰਗ ਇਡਸਟਰੀ ਵਿਚ ਮਸ਼ੀਨਾਂ ਦਾ ਖੜਕਾ ਨਹੀਂ ਸੁਣਾਈ ਦੇਵੇਗਾ। ਬਿਜਲੀ ਕੱਟ ਨੂੰ ਲੈ ਕੇ ਕਾਰੋਬਾਰੀਆਂ ਨੇ ਕੈਪਟਨ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਸਰਪਲੱਸ ਦਾ ਦਾਅਵਾ ਕਰਨ ਵਾਲੀ ਸਰਕਾਰ ਦੀ ਪੋਲ ਪਾਵਰਕਾਮ ਦੀ ਨਾਕਾਮੀ ਨੇ ਖੋਲ੍ਹ ਦਿੱਤੀ ਹੈ, ਜਿਸ ਦਾ ਹਰਜਾਨਾ ਕਾਰੋਬਾਰੀਆਂ ਨੂੰ ਇੰਡਸਟਰੀ ਬੰਦ ਰੱਖ ਕੇ ਭੁਗਤਣਾ ਪੈ ਰਿਹਾ ਹੈ। ਪਹਿਲੇ ਦਿਨ ਹੀ ਇੰਡਸਟਰੀ ਨਾ ਚੱਲਣ ਕਾਰਨ ਕਾਰੋਬਾਰੀਆਂ ਨੂੰ ਬਿਨਾਂ ਉਤਪਾਦਨ ਕੀਤੇ ਕਰੋੜਾਂ ਰੁਪਏ ਦੇ ਖ਼ਰਚੇ ਸਹਿਣੇ ਪਏ ਹਨ, ਜਿਸ ਵਿਚ ਲੇਬਰ ਦੀ ਤਨਖ਼ਾਹ ਅਤੇ ਬੈਂਕ ਵਿਆਜ ਸ਼ਾਮਲ ਹਨ। ਇਸ ਤੋਂ ਇਲਾਵਾ ਜੋ ਮਾਲ ਵਿਕਣਾ ਸੀ, ਉਸ ਦਾ ਵੀ ਨੁਕਸਾਨ ਹੋਇਆ। ਇਸ ਸਬੰਧੀ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਗਰਗ, ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ, ਫਾਸਟਨਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ, ਲੁਧਿਆਣਾ ਹੈਂਡ ਟੂਲਸ ਇੰਡਸਟਰੀ ਦੇ ਪ੍ਰਧਾਨ ਐੱਸ. ਸੀ. ਰੱਲਹਨ ਕਹਿੰਦੇ ਹਨ ਕਿ ਪਹਿਲਾਂ ਕੋਵਿਡ ਕਾਰਨ ਉਤਪਾਦਨ ਨਹੀਂ ਹੋ ਸਕਿਆ ਅਤੇ ਹੁਣ ਇੰਡਸਟਰੀ ’ਚ ਜਾਨ ਆਈ ਸੀ ਕਿ ਪਾਵਰਕਾਮ ਨੇ ਬਿਜਲੀ ਕੱਟ ਲਗਾ ਕੇ ਕਾਰੋਬਾਰੀਆਂ ਨੂੰ ਫਿਰ ਘਰ ਬਿਠਾ ਦਿੱਤਾ ਹੈ।
ਪੰਜਾਬ ਵਿਚ ਕਰੀਬ 200 ਰੋਲਿੰਗ ਮਿੱਲਾਂ, 150 ਫਰਨੇਸ ਇਕਾਈਆਂ, 400 ਹੈਮਰ ਇੰਡਸਟਰੀ, 150 ਫਾਸਟਨਰ ਯੂਨਿਟ ਅਤੇ 100 ਦੇ ਕਰੀਬ ਆਟੋ ਅਤੇ ਟਰੈਕਟਰ ਪਾਰਟਸ ’ਚ ਬਿਲਕੁਲ ਵੀ ਉਤਪਾਦਨ ਨਹੀਂ ਹੋ ਸਕਿਆ। ਇਥੇ ਦੱਸ ਦੇਈਏ ਕਿ 100 ਕਿਲੋਵਾਟ ਤੋਂ ਜ਼ਿਆਦਾ ਲੋਡ ਦੀ ਵਰਤੋਂ ਇਨ੍ਹਾਂ ਹੀ ਇੰਡਸਟਰੀ ਵਿਚ ਹੁੰਦੀ ਹੈ। ਜਿਨ੍ਹਾਂ ਯੂਨਿਟਾਂ ’ਚ ਇਸ ਤੋਂ ਘੱਟ ਬਿਜਲੀ ਲੋਡ ’ਤੇ ਉਤਪਾਦਨ ਹੁੰਦਾ ਹੈ, ਉਸ ਇੰਡਸਟਰੀ ਵਿਚ ਅੱਜ ਉਤਪਾਦਨ ਬੇਸ਼ੱਕ ਹੋਇਆ ਪਰ ਉਨ੍ਹਾਂ ਕੋਲ ਵੀ ਜਦੋਂ ਕੱਚਾ ਮਾਲ ਲੋਹਾ ਹੀ ਨਹੀਂ ਪੁੱਜੇਗਾ ਤਾਂ ਉਹ ਵੀ ਉਤਪਾਦਨ ਕਿਵੇਂ ਕਰਨਗੇ। ਹੁਣ ਪਾਵਰਕਾਮ ਨੇ ਇਕ ਦਿਨ ਦਾ ਹੋਰ ਕੱਟ ਵਧਾ ਕੇ ਕਾਰੋਬਾਰੀਆਂ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕਾਰੋਬਾਰੀ ਕਹਿੰਦੇ ਹਨ ਕਿ ਇਸ ਹਿਸਾਬ ਨਾਲ ਤਾਂ ਪੰਜਾਬ ’ਚ ਕਾਰੋਬਾਰ ਕਰ ਸਕਣਾ ਮੁਸ਼ਕਲ ਹੈ। ਇਸ ’ਤੇ ਕੈਪਟਨ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਕੋਈ ਰਸਤਾ ਕੱਢਣਾ ਚਾਹੀਦਾ ਹੈ, ਨਹੀਂ ਤਾਂ ਆਪਣੀ ਜੇਬ ’ਚੋਂ ਕਦੋਂ ਤੱਕ ਕਾਰੋਬਾਰੀ ਬਿਨਾਂ ਕੰਮ ਕੇ ਕਰੋੜਾਂ ਰੁਪਏ ਦੇ ਖ਼ਰਚੇ ਸਹਿਣਗੇ।
ਬਿਆਸ ਦਰਿਆ ਤੋਂ ਬਾਅਦ ਹੁਣ ਮੁਕੇਰੀਆਂ ’ਚ ਸੁਖਬੀਰ ਬਾਦਲ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੇਡ
NEXT STORY