ਸ੍ਰੀ ਮੁਕਤਸਰ ਸਾਹਿਬ (ਪਵਨ) - ਸਥਾਨਕ ਅਕਾਲ ਅਕੈਡਮੀ ’ਚ ਸਵੇਰ ਦੇ ਸਮੇਂ ਉਦੋਂ ਹੰਗਾਮਾ ਹੋ ਗਿਆ, ਜਦੋਂ ਨਿਰਧਾਰਤ ਸਮੇਂ ਤੋਂ ਕਰੀਬ 26 ਮਿੰਟ ਲੇਟ ਪਹੁੰਚੇ ਵਿਦਿਆਰਥੀ ਨੂੰ ਸਕੂਲ ਪ੍ਰਿੰਸੀਪਲ ਨੇ ਪ੍ਰੀਖਿਆ ਕੇਂਦਰ ’ਚੋਂ ਬਾਹਰ ਕੱਢ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਬਾਮ ਨਿਵਾਸੀ ਸ਼ਹਿਨਾਜ਼ ਪੁੱਤਰ ਗੁਰਤੇਜ ਸਿੰਘ ਦਾ ਦਸਵੀਂ ਦਾ ਪੇਪਰ ਸੀ। ਉਹ ਘਰ ਤੋਂ ਮੋਟਰਸਾਈਕਲ ’ਤੇ ਪੇਪਰ ਦੇਣ ਲਈ ਨਿਕਲਿਆ ਸੀ। ਪਿੰਡ ਝੀਂਡਵਾਲੀ ਨੇੜੇ ਉਸ ਦਾ ਬੱਸ ਨਾਲ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪਿੱਛੇ ਤੋਂ ਆ ਰਹੇ ਅਕਾਲ ਅਕੈਡਮੀ ਦੇ ਵੈਨ ਚਾਲਕ ਨੇ ਉਸ ਨੂੰ ਚੁੱਕਿਆ ਅਤੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਉਣ ਮਗਰੋਂ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਨੇ ਉਸ ਦੀ ਮੱਲਮ ਪੱਟੀ ਕਰਵਾਉਣ ਤੋਂ ਬਾਅਦ ਉਸ ਨੂੰ ਸਕੂਲ ਪਹੁੰਚਾ ਦਿੱਤਾ। ਜਦੋਂ ਉਹ ਸਕੂਲ ਪਹੁੰਚਿਆ ਤਾਂ 10. 26 ਮਿੰਟ ਹੋਏ ਸੀ। ਉਹ ਸਕੂਲ ਦੇ ਅੰਦਰ ਦਾਖਲ ਹੋ ਗਿਆ ਅਤੇ ਪਰੀਖਿਆ ਕੇਂਦਰ ’ਚ ਬਿਠਾ ਦਿੱਤਾ।
ਇਸ ਗੱਲ ਦਾ ਜਦੋਂ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਉਸ ਨੇ ਵਿਦਿਆਰਥੀ ਨੂੰ ਉਠਾ ਕੇ ਬਾਹਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਪ੍ਰੀਖਿਆ ਨਹੀਂ ਦੇ ਸਕਦਾ। ਇਸ ਗੱਲ ’ਤੇ ਪਰਿਵਾਰ ਅਤੇ ਹੋਰਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ ਪਰ ਪ੍ਰਿੰਸੀਪਲ ਨੇ ਉਸ ਦੀ ਇਕ ਨਹੀਂ ਸੁਣੀ। ਜਿਸ ਸਕੂਲ ਦਾ ਇਹ ਬੱਚਾ ਸੀ, ਉਸ ਸਕੂਲ ਦੇ ਪ੍ਰਿੰਸੀਪਲ ਦੀ ਵੀ ਉਸ ਨੇ ਇਕ ਨਹੀਂ ਸੁਣੀ, ਜਿਸ ਕਾਰਨ ਵਿਦਿਆਰਥੀ ਬਿਨਾ ਪ੍ਰੀਖਿਆ ਦਿੱਤੇ ਵਾਪਸ ਚਲਾ ਗਿਆ। ਪ੍ਰਿੰਸੀਪਲ ਸਿੰਬਲਜੀਤ ਕੌਰ ਦਾ ਕਹਿਣਾ ਹੈ ਕਿ ਉਹ ਤਾਂ ਰੂਲ ਦੇ ਅਨੁਸਾਰ ਚੱਲਦੇ ਹਨ। 10 ਵਜੇ ਤੋਂ ਬਾਅਦ ਕੋਈ ਵੀ ਵਿਦਿਆਰਥੀ ਪ੍ਰੀਖਿਆ ’ਚ ਨਹੀਂ ਆ ਸਕਦਾ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਜਾਨ ਦੀ ਚਿੰਤਾ ਸੀ ਅਤੇ ਜਦੋਂ ਡਾਕਟਰ ਵਲੋਂ ਉਸ ਨੂੰ ਫਿਟ ਦੱਸਿਆ ਗਿਆ ਤਾਂ ਉਹ ਬੱਚੇ ਨੂੰ ਪ੍ਰੀਖਿਆ ਦੇਣ ਲਈ ਲਿਆਏ। ਉਨ੍ਹਾਂ ਕਿਹਾ ਕਿ ਜੇ 26 ਮਿੰਟ ਦੀ ਦੇਰੀ ਹੋਈ ਸੀ, ਤਾਂ ਉਹ ਸਮਾਂ ਬੱਚੇ ਨੂੰ ਹੀ ਘੱਟ ਮਿਲਣਾ ਸੀ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਈ।
ਬਜਟ ਇਜਲਾਸ : ਵਿਧਾਨ ਸਭਾ ਬਾਹਰ 'ਆਪ' ਤੇ ਅਕਾਲੀ ਦਲ ਦਾ ਹੰਗਾਮਾ
NEXT STORY