ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ 5 ਸਤੰਬਰ ਤੋਂ ਈਥਾਨੌਲ ਤੇ ਸਪਿਰਟ ਦੀ ਢੁਆਈ ਵਾਲੇ ਵਾਹਨ ਬਿਨਾਂ ਜੀ. ਪੀ. ਐੱਸ. ਦੇ ਨਹੀਂ ਚੱਲਣਗੇ। ਨਕਲੀ ਸ਼ਰਾਬ 'ਤੇ ਰੋਕਥਾਮ ਦੇ ਮਕਸਦ ਨਾਲ ਆਬਕਾਰੀ ਮਹਿਕਮੇ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਮਾਨ ਲਿਜਾਣ ਵਾਲੇ ਵਾਹਨ ਦੇ ਜੀ. ਪੀ. ਐੱਸ. ਕੋਆਰਡੀਨੇਟਸ ਨੂੰ ਯੂਨਿਟ ਵਲੋਂ ਸਾਮਾਨ ਪੁੱਜਦਾ ਕਰਨ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮਕਸਦ ਡਿਸਟਿੱਲਰੀਆਂ ਵਲੋਂ ਉਤਪਾਦਨ ਕੀਤੀ ਜਾਂਦੀ ਐਕਸਟ੍ਰਾ ਨਿਊਟਰਲ ਐਲਕੋਹਲ (ਈ.ਐੱਨ.ਏ.), ਈਥਾਨੌਲ ਸਪੈਸ਼ਲੀ ਡੀਨੇਚਰਡ ਸਪਿਰਟ (ਐੱਸ. ਡੀ. ਐੱਸ.), ਡੀਨੇਚਰਡ ਸਪਿਰਟ (ਡੀ.ਐੱਨ.ਐੱਸ.) ਅਤੇ ਰੈਕਟੀਫਾਈਡ ਸਪਿਰਟ (ਆਰ. ਐੱਸ.) ਦੀ ਢੋਆ-ਢੁਆਈ 'ਤੇ ਤਿੱਖੀ ਨਜ਼ਰ ਰੱਖਣਾ ਹੈ।
ਇਹ ਵੀ ਪੜ੍ਹੋ : ਸ਼ਹੀਦ ਫ਼ੌਜੀ ਦੀ ਪਤਨੀ ਭੋਲੇਪਨ 'ਚ ਖਾ ਗਈ ਧੋਖਾ, ਫ਼ੌਜੀ ਨੇ ਹੀ ਕੀਤਾ ਵੱਡਾ ਕਾਂਡ
ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਟੈਂਕਰਾਂ ਦੀ ਛੇੜਛਾੜ ਰਹਿਤ ਸੀਲਬੰਦੀ, ਇਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਡਿਸਟਿੱਲਰੀ ਯੂਨਿਟਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਨਵੇਂ ਨਿਯਮਾਂ ਅਧੀਨ ਇਹ ਸੀਲ ਸਿਰਫ਼ ਸਾਮਾਨ ਦੇ ਪ੍ਰਾਪਤ ਕਰਤਾ ਵਲੋਂ ਹੀ ਤੋੜੀ ਜਾਵੇਗੀ। ਇਸ ਸਬੰਧੀ ਸਾਮਾਨ ਰਵਾਨਾ ਅਤੇ ਸਾਮਾਨ ਪ੍ਰਾਪਤ ਕਰਨ ਵਾਲੀਆਂ ਯੂਨਿਟਾਂ ਵਲੋਂ ਪੂਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਰੇਕ ਟੈਂਕਰ/ਟਰੱਕ ਦੀ ਸਰਟੀਫਿਕੇਸ਼ਨ (ਪ੍ਰਮਾਣਿਕਤਾ) ਦਾ ਰਿਕਾਰਡ ਵੀ ਹਰ ਹਾਲਤ 'ਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ। ਕਿਸੇ ਵੀ ਸਥਿਤੀ ਦੌਰਾਨ ਪੰਜਾਬ ਰਾਜ 'ਚ ਸਿਰਫ਼ ਨੁਕਸ ਪੈਣ ਦੀ ਸਥਿਤੀ ਤੋਂ ਬਿਨਾਂ ਆਵਾਜਾਈ ਵਾਲੇ ਵਾਹਨ ਨੂੰ ਰਾਹ 'ਚ ਰੋਕਣ ਦੀ ਇਜਾਜ਼ਤ ਨਹੀਂ ਹੋਵੇਗੀ। ਨੁਕਸ ਪੈਣ ਦੀ ਸਥਿਤੀ 'ਚ ਵੀ ਉਤਪਾਦਨ ਯੂਨਿਟ ਨੂੰ ਇਸ ਦੇ 15 ਮਿੰਟ 'ਚ ਯੂਨਿਟ ਦੇ ਆਬਕਾਰੀ ਅਫ਼ਸਰ ਇੰਚਾਰਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਅਜਿਹੇ ਮਾਮਲਿਆਂ 'ਚ ਵਾਹਨ ਦੇ ਆਊਟਲੈੱਟ ਦੀਆਂ ਸੀਲਾਂ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ। ਜੇਕਰ ਵਾਹਨ ਖਰਾਬ ਹੋਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਪੰਜਾਬ ਰਾਜ ਦੇ ਅਧਿਕਾਰ ਖੇਤਰ 'ਚ ਰੋਕਿਆ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਵਾਹਨ ਨੂੰ ਲੱਦੇ ਮਾਲ ਵਿਚ ਘਪਲੇਬਾਜ਼ੀ ਕਰਨ ਦੇ ਇਰਾਦੇ ਨਾਲ ਰੋਕਿਆ ਗਿਆ ਹੈ। ਅਜਿਹੇ ਹਾਲਾਤ 'ਚ ਡਿਸਟਿੱਲਰੀ ਅਤੇ ਟਰਾਂਸਪੋਰਟਰ ਉਪਰ ਸਾਂਝੇ ਤੌਰ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਧਾਰਮਿਕ ਸਥਾਨ ਨੂੰ ਜਾਂਦੇ ਪੁਰਾਣੇ ਰਾਹ ਦੀ ਬਹਾਲੀ ਲਈ ਸੰਘਰਸ਼ ਦਾ ਐਲਾਨ
ਮੋਗਾ ਸਿਵਲ ਹਸਪਤਾਲ 'ਚ ਨਵਾਂ ਵਿਵਾਦ, ਵਿਦੇਸ਼ ਜਾ ਰਹੇ NRI ਵੱਲੋਂ 'ਕੋਰੋਨਾ ਟੈਸਟਾਂ' ਬਾਰੇ ਵੱਡਾ ਖੁਲਾਸਾ
NEXT STORY