ਫਰੀਦਕੋਟ (ਜਸਬੀਰ ਕੌਰ, ਬਾਂਸਲ)- ‘‘ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਮੌਕੇ ਹਰ ਬੱਚੇ ਨੂੰ ਜਜ਼ਬਾਤੀ ਉਮਰ ’ਚੋਂ ਲੰਘਣਾ ਪੈਂਦਾ ਹੈ ਪਰ ਜੇਕਰ ਉਸ ਸਮੇਂ ਜਵਾਨ ਹੋਣ ਜਾ ਰਿਹਾ ਕਿਸ਼ੋਰ ਲਡ਼ਕਾ/ਲਡ਼ਕੀ ਅਣਜਾਣਵੱਸ ਕੋਈ ਅਣਗਹਿਲੀ ਜਾਂ ਲਾਪ੍ਰਵਾਹੀ ਕਰ ਬੈਠੇ ਤਾਂ ਕਈ ਵਾਰ ਸਾਰੀ ਉਮਰ ਇਸ ਦਾ ਖਮਿਆਜ਼ਾ ਉਸ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ’’। ਇਹ ਪ੍ਰਗਟਾਵਾ ਮਾਸਟਰ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ ਅਤੇ ਗੁਰਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਕਿ ਬਚਪਨ ਤੇ ਜਵਾਨੀ ਦੀ ਉਮਰ ’ਚ ਪਡ਼੍ਹਾਈ ਵੱਲ ਧਿਆਨ ਦੇਣ ਵਾਲੇ ਵਿਦਿਆਰਥੀ ਹਮੇਸ਼ਾ ਬੁਲੰਦੀਆਂ ਸਰ ਕਰਦੇ ਹਨ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੋਸਾਇਟੀ’ ਵੱਲੋਂ ਸਰਕਾਰੀ ਸੀ. ਸੈ. ਸਕੂਲ ਮੋਰਾਂਵਾਲੀ ਵਿਖੇ ਵੱਖ-ਵੱਖ ਕਲਾਸਾਂ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ 24 ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਕਰਵਾਏ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਮੁੱਖ ਅਧਿਆਪਕ ਅਵਤਾਰ ਸਿੰਘ ਮਾਣੂਕੇ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉੱਘੇ ਸਾਹਿਤਕਾਰ, ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫੀ ਨੇ ਬੱਚਿਆਂ ਨੂੰ ਅਨੁਸ਼ਾਸਨ ਦੀ ਪਾਲਣਾ ਕਰਨ, ਸਮੇਂ ਦੀ ਕਦਰ, ਹਾਂ-ਪੱਖੀ ਨਜ਼ਰੀਆ, ਉਸਾਰੂ ਸੋਚ ਅਤੇ ਹੋਰ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਦਾ ਸੱਦਾ ਦਿੱਤਾ। ਇਕਬਾਲ ਸਿੰਘ ਮੰਘੇਡ਼ਾ, ਗੁਰਚਰਨ ਸਿੰਘ ਮਾਨ ਅਤੇ ਤਰਸੇਮ ਨਰੂਲਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੋਮਇੰਦਰ ਸਿੰਘ ਸੁਨਾਮੀ ਵੱਲੋਂ ਕੀਤੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ 19 ਵਿਦਿਆਰਥੀਆਂ ਨੂੰ 100-100 ਰੁਪਿਆ ਪ੍ਰਤੀ ਬੱਚਾ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਸਕੂਲ ਮੁਖੀ ਪ੍ਰਿੰ. ਵਰਿੰਦਰ ਸਲਹੋਤਰਾ ਨੇ ਸੋਸਾਇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਦੀ ਇਸ ਵੱਡਮੁੱਲੇ ਕਾਰਜ ਲਈ ਧੰਨਵਾਦ ਕੀਤਾ। ਸੋਸਾਇਟੀ ਵੱਲੋਂ ਪ੍ਰਿੰਸੀਪਲ ਸਮੇਤ ਸਮੂਹ ਸਟਾਫ ਮੈਂਬਰਾਂ ਅਤੇ ਮੁੱਖ ਮਹਿਮਾਨ ਦਾ ਵੀ ਸਨਮਾਨ ਕੀਤਾ ਗਿਆ।
ਬੱਚਿਆਂ ਨੂੰ ਪੌਸ਼ਟਿਕ ਖਾਣਾ ਖਾਣ ਤੇ ਸਫਾਈ ਰੱਖਣ ਲਈ ਕੀਤਾ ਪ੍ਰੇਰਿਤ
NEXT STORY