ਫਰੀਦਕੋਟ (ਪਵਨ, ਖੁਰਾਣਾ)-ਨੌਜਵਾਨ ਭਾਰਤ ਸਭਾ ਵੱਲੋਂ ਜ਼ਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਇਕੱਠ ਦੀਆਂ ਤਿਆਰੀਆਂ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਵਿਸਥਾਰੀ ਮੀਟਿੰਗ ਪਿੰਡ ਝਬੇਲਵਾਲੀ ਵਿਖੇ ਧਰਮਸ਼ਾਲਾ ਬਾਬਾ ਜੀਵਨ ਸਿੰਘ ਵਿਚ ਕੀਤੀ ਗਈ। ਇਸ ਮੀਟਿੰਗ ’ਚ ਪਿੰਡ ਝਬੇਲਵਾਲੀ, ਚੱਕ ਗਾਂਧਾ ਸਿੰਘ ਵਾਲਾ, ਮੰਡੀ ਬਰੀਵਾਲਾ, ਮੌਡ਼, ਸਮਾਘ, ਖੋਖਰ, ਹਰੀਕੇ ਕਲਾਂ, ਕੋਟਲੀ ਸੰਘਰ, ਸ੍ਰੀ ਮੁਕਤਸਰ ਸਾਹਿਬ, ਬਾਹਮਣ ਵਾਲਾ, ਵਡ਼ਿੰਗ, ਸੂਰੇਵਾਲਾ ਆਦਿ ਤੋਂ 50 ਨੌਜਵਾਨ ਡੈਲੀਗੇਟਸ ਸ਼ਾਮਲ ਹੋਏ। ਇਸ ਸਮੇਂ ਸਭਾ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਜਾਗੋ, ਮੀਟਿੰਗਾਂ, ਕੰਧ ਨਾਅਰੇ, ਪੋਸਟਰਾਂ, ਫੰਡ, ਰੈਲੀਆਂ ਰਾਹੀਂ ਪੂਰਾ ਮਾਰਚ ਮਹੀਨਾ ਪ੍ਰਚਾਰ ਮੁਹਿੰਮ ਚਲਾ ਕੇ 13 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਰੁਪਿੰਦਰ ਚੌਂਦਾ ਅਤੇ ਸੂਬਾ ਆਗੂ ਮੰਗਾ ਆਜ਼ਾਦ ਨੇ ਕਿਹਾ ਕਿ ਬਰਤਾਨਵੀ ਸਾਮਰਾਜੀਆਂ ਵੱਲੋਂ ਅੰਗਰੇਜ਼ੀ ਹਕੂਮਤ ਖਿਲਾਫ਼ ਉੱਠ ਰਹੀ ਬਗਾਵਤ ਨੂੰ ਕੁਚਲਣ ਅਤੇ ਦੇਸ਼ ਭਗਤਾਂ ਨੂੰ ਸਬਕ ਸਿਖਾਉਣ ਲਈ ਪਾਸ ਕੀਤੇ ਜਾਬਰ ਰੋਲਟ ਐਕਟ ਖਿਲਾਫ਼ ਜਲਿਆਂਵਾਵਲੇ ਬਾਗ, ਅੰਮ੍ਰਿਤਸਰ ਵਿਖੇ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਨਿਹੱਥੇ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ 1079 ਲੋਕਾਂ ਨੂੰ ਸ਼ਹੀਦ ਅਤੇ ਹਜ਼ਾਰਾਂ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਸੁਪਨਾ ਅੱਜ ਵੀ ਅਧੂਰਾ ਹੈ। ਉਸ ਸਮੇਂ ਸਾਡੇ ਮੁਲਕ ’ਤੇ ਅੰਗਰੇਜ਼ਾਂ ਦਾ ਰਾਜ ਸੀ ਪਰ ਅੱਜ ਵੀ ਸਾਡੇ ਦੇਸ਼ ਦੇ ਹਾਕਮ ਬਹੁਤ ਸਾਰੇ ਸਾਮਰਜੀ ਬਹੁਕੌਮੀ ਕੰਪਨੀਆਂ ਦੀ ਚਾਕਰੀ ਕਰ ਰਹੇ ਹਨ। ਦੇਸ਼ ਦੇ ਕੁਦਰਤੀ ਸਰੋਤ ਕੱਖਾਂ ਦੇ ਭਾਅ ਇਨ੍ਹਾਂ ਸਾਮਰਾਜੀ ਕੰਪਨੀਆਂ ਨੂੰ ਵੇਚੇ ਜਾ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਆਰ. ਐੱਸ. ਐੱਸ. ਭਾਜਪਾ ਦੀ ਸਰਕਾਰ ਕਸ਼ਮੀਰੀਆਂ, ਮੁਸਲਮਾਨਾਂ, ਦਲਿਤਾਂ, ਘੱਟ ਗਿਣਤੀਆਂ ਨੂੰ ਆਪਣੇ ਫਿਰਕੂ ਏਜੰਡੇ ਤਹਿਤ ਟਾਰਗੇਟ ਕਰ ਰਹੀ ਹੈ। ਪੁਲਵਾਮਾ ਹਮਲੇ ਦੇ ਬਹਾਨੇ ਕਸ਼ਮੀਰੀ ਕੌਮ ’ਤੇ ਜਬਰ-ਜ਼ੁਲਮ ਹੋ ਰਿਹਾ ਹੈ। ਪੂਰੇ ਦੇਸ਼ ’ਚ ਬੇਕਸੂਰ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰੀ ਮਸਲਾ ਸਿਆਸੀ ਹੱਲ ਦੀ ਮੰਗ ਕਰਦਾ ਹੈ ਪਰ ਪਿਛਲੇ 70 ਸਾਲਾਂ ਤੋਂ ਇਹ ਮਾਮਲਾ ਫੌਜੀ ਤਾਕਤ ਦੇ ਜ਼ੋਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਹੈ। ਇਸ ਦੌਰਾਨ ਮੰਚ ਸੰਚਾਲਨ ਲਖਵੰਤ ਭੁੱਟੀਵਾਲਾ ਨੇ ਕੀਤਾ, ਜਦਕਿ ਡੈਲੀਗੇਟਸ ਦਾ ਧੰਨਵਾਦ ਜ਼ਿਲਾ ਆਗੂ ਗੁਰਾਂਦਿੱਤਾ ਝਬੇਲਵਾਲੀ ਨੇ ਕੀਤਾ। ਉਨ੍ਹਾਂ ਨੇ ਲੋਕਾਂ ਨੂੰ 13 ਅਪ੍ਰੈਲ ਨੂੰ ਵੱਡੀ ਗਿਣਤੀ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਜਗਜੀਤ ਚੱਕ, ਗੁਰਸੇਵਕ ਸਿੰਘ, ਗੁਰਪਿਆਰ ਭੁੱਟੀਵਾਲਾ, ਸੁੱਖਾ ਹਰੀਕੇ, ਹਰਜਿੰਦਰ ਖੋਖਰ, ਆਲਮਜੀਤ, ਬਲਰਾਜ ਮੌਡ਼, ਸੁਖਪ੍ਰੀਤ ਮੌਡ਼, ਰਾਜਦੀਪ ਸਮਾਘ, ਜਗਜੀਤ ਪ੍ਰਧਾਨ, ਗੁਰਨਾਇਬ ਕੋਟਲੀ, ਲਾਡੀ ਵਡ਼ਿੰਗ, ਮੰਗਲ ਵਡ਼ਿੰਗ, ਹਰਜਿੰਦਰ ਬਰੀਵਾਲਾ, ਗੁਰਮੇਲ ਬਾਹਮਣਵਾਲਾ, ਖੁਸ਼ਵਿੰਦਰ ਸੂਰੇਵਾਲਾ ਆਦਿ ਹਾਜ਼ਰ ਸਨ।
ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਥਾਣਾ ਮੁਖੀ ਤੇਜਿੰਦਰਪਾਲ
NEXT STORY