ਭਾਰਤ ’ਚ ਸਰਕਾਰੀ ਨੌਕਰੀਆਂ ਦੇ ਪ੍ਰਤੀ ਨੌਜਵਾਨਾਂ ਦਾ ਆਕਰਸ਼ਣ ਕਿਸੇ ਤੋਂ ਛੁਪਿਆ ਨਹੀਂ ਹੈ ਅਤੇ ਚੌਥਾ ਦਰਜਾ ਕਰਮਚਾਰੀ ਦੇ ਅਹੁਦਿਆਂ ਦੇ ਲਈ ਵੀ ਪੀ. ਐੱਚ. ਡੀ. ਅਤੇ ਐੱਮ. ਏ. ਵਿਦਿਆਰਥੀਆਂ ਵੱਲੋਂ ਅਰਜ਼ੀਆਂ ਦੇਣਾ ਇਸ ਆਕਰਸ਼ਣ ਦਾ ਸਿਖਰ ਬਿੰਦੂ ਹੈ। ਨਾਲ ਹੀ ਪੂਰੇ ਦੇਸ਼ ਦੇ ਸਰਕਾਰੀ ਵਿਭਾਗਾਂ ’ਚ ਪਾਇਆ ਜਾ ਰਿਹਾ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵੀ ਦੇਸ਼ ਲਈ ਇਕ ਬਹੁਤ ਵੱਡੀ ਸਮੱਸਿਆ ਹੈ। ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਅਤੇ ਨੌਜਵਾਨਾਂ ਦਾ ਸਰਕਾਰੀ ਨੌਕਰੀਆਂ ਪ੍ਰਤੀ ਆਕਰਸ਼ਣ ਇਕ ਗੁੰਝਲਦਾਰ ਮੁੱਦਾ ਹੈ, ਜਿਸ ਦੀ ਚਰਚਾ ਕਈ ਸਮਾਜਿਕ, ਆਰਥਿਕ ਅਤੇ ਇਤਿਹਾਸਕ ਕਾਰਕਾਂ ਦੇ ਆਧਾਰ ’ਤੇ ਕੀਤੀ ਜਾ ਸਕਦੀ ਹੈ। ਆਓ, ਇਨ੍ਹਾਂ ਬਿੰਦੂਆਂ ’ਤੇ ਵਿਸਤਾਰ ਨਾਲ ਚਰਚਾ ਕਰਦੇ ਹਾਂ-
ਸਰਕਾਰੀ ਨੌਕਰੀਆਂ ਪ੍ਰਤੀ ਨੌਜਵਾਨਾਂ ਦੇ ਪ੍ਰਬੱਲ ਆਕਰਸ਼ਣ ਕਈ ਕਾਰਨਾਂ ਕਰ ਕੇ ਹਨ, ਜਿਨ੍ਹਾਂ ’ਚੋਂ ਪ੍ਰਮੁੱਖ ਹੇਠਾਂ ਲਿਖੇ ਹਨ :
ਜਾਬ ਸਕਿਓਰਿਟੀ (ਨੌਕਰੀ ਦੀ ਸੁਰੱਖਿਆ) : ਇਹ ਸਭ ਤੋਂ ਵੱਡਾ ਆਕਰਸ਼ਣ ਹੈ। ਇਕ ਵਾਰ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਤਰੱਕੀ ਨਾ ਹੋਣ ’ਤੇ ਵੀ ਨੌਕਰੀ ’ਚੋਂ ਕੱਢੇ ਜਾਣ ਦਾ ਡਰ ਨਹੀਂ ਹੁੰਦਾ (ਕੁਝ ਖਾਸ ਹਾਲਾਤ ਨੂੰ ਛੱਡ ਕੇ) ਇਹ ਿਨੱਜੀ ਖੇਤਰ ਦੀਆਂ ਨੌਕਰੀਆਂ ਦੀ ਤੁਲਨਾ ’ਚ ਕਿਤੇ ਵੱਧ ਸਥਿਰਤਾ ਪ੍ਰਦਾਨ ਕਰਦੀ ਹੈ, ਜਿੱਥੇ ਆਰਥਿਕ ਉਤਰਾਅ-ਚੜ੍ਹਾਅ ਜਾਂ ਕੰਪਨੀਆਂ ਦੀਆਂ ਨੀਤੀਆਂ ਦੇ ਕਾਰਨ ਛਾਂਟੀ ਦਾ ਜੋਖਮ ਹਮੇਸ਼ਾ ਬਣਿਆ ਰਹਿੰਦਾ ਹੈ।
ਵਧੀਆ ਤਨਖਾਹ ਅਤੇ ਭੱਤੇ (ਖਾਸ ਕਰਕੇ ਹੇਠਲੇ ਪੱਧਰਾਂ ’ਤੇ) : ਕਈ ਘੱਟ ਅਤੇ ਦਰਮਿਆਨੇ ਪੱਧਰ ਦੀਆਂ ਸਰਕਾਰੀ ਨੌਕਰੀਆਂ ’ਚ ਨਿੱਜੀ ਖੇਤਰ ਦੀ ਬਰਾਬਰ ਸਿੱਖਿਆ ਯੋਗਤਾ ਵਾਲੀਆਂ ਨੌਕਰੀਆਂ ਦੀ ਤੁਲਨਾ ’ਚ ਬਿਹਤਰ ਮੁੱਢਲੀ ਤਨਖਾਹ ਅਤੇ ਭੱਤੇ (ਜਿਵੇਂ ਰਿਹਾਇਸ਼, ਇਲਾਜ, ਯਾਤਰਾ ਭੱਤਾ) ਮਿਲਦੇ ਹਨ। ਉੱਚ ਅਹੁਦਿਆਂ ’ਤੇ ਵੀ ਤਨਖਾਹ-ਭੱਤੇ ਆਕਰਸ਼ਕ ਹੁੰਦੇ ਹਨ।
–ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭ : ਪੁਰਾਣੀ ਪੈਨਸ਼ਨ ਯੋਜਨਾ ਬੇਸ਼ੱਕ ਹੀ ਖਤਮ ਹੋ ਗਈ ਹੋਵੇ ਪਰ ਨਵੀਂ ਪੈਨਸ਼ਨ ਯੋਜਨਾ ਅਤੇ ਹੋਰ ਿਰਟਾਇਰਮੈਂਟ ਲਾਭ (ਜਿਵੇਂ ਕਿ ਗ੍ਰੈਚੁਇਟੀ, ਪ੍ਰਾਵੀਡੈਂਟ ਫੰਡ) ਅਜੇ ਵੀ ਨਿੱਜੀ ਖੇਤਰ ਦੀ ਤੁਲਨਾ ’ਚ ਵੱਧ ਸੁਰੱਖਿਅਤ ਅਤੇ ਆਕਰਸ਼ਕ ਮੰਨੇ ਜਾਂਦੇ ਹਨ।
ਸਮਾਜਿਕ ਵੱਕਾਰ ਅਤੇ ਸਨਮਾਨ : ਭਾਰਤੀ ਸਮਾਜ ’ਚ ਸਰਕਾਰੀ ਅਹੁਦੇ ਨੂੰ ਅੱਜ ਵੀ ਬਹੁਤ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਇਕ ‘ਸਰਕਾਰੀ ਬਾਬੂ’ ਜਾਂ ‘ਅਧਿਕਾਰੀ’ ਹੋਣ ਨਾਲ ਸਮਾਜ ’ਚ ਇਕ ਵਿਸ਼ੇਸ਼ ਰੁਤਬਾ ਮਿਲਦਾ ਹੈ, ਜੋ ਅਕਸਰ ਵਿਆਹ ਪ੍ਰਸਤਾਵਾਂ ਅਤੇ ਸਮਾਜਿਕ ਆਯੋਜਨਾਵਾਂ ’ਚ ਵੀ ਸਹਾਇਕ ਹੁੰਦਾ ਹੈ।
ਕੰਮ ਦਾ ਨਿਸ਼ਚਿਤ ਸਮਾਂ ਅਤੇ ਛੁੱਟੀਆਂ : ਕਈ ਸਰਕਾਰੀ ਨੌਕਰੀਆਂ ’ਚ ਕੰਮ ਦੇ ਘੰਟੇ ਨਿਸ਼ਚਿਤ ਹੁੰਦੇ ਹਨ ਅਤੇ ਜਨਤਕ ਛੁੱਟੀ, ਤਨਖਾਹ ਵਾਲੀਆਂ ਛੁੱਟੀਆਂ ਅਤੇ ਹੋਰ ਛੁੱਟੀਆਂ ਦਾ ਲਾਭ ਮਿਲਦਾ ਹੈ, ਜਿਸ ਨੂੰ ਕੰਮ ਅਤੇ ਨਿੱਜੀ ਜੀਵਨ ’ਚ ਸੰਤੁਲਨ ਬਣਾਉਣਾ ਆਸਾਨ ਹੁੰਦਾ ਹੈ। ਨਿੱਜੀ ਖੇਤਰ ’ਚ ਅਕਸਰ ਲੰਬੇ ਅਤੇ ਅਨਿਯਮਿਤ ਘੰਟਿਆਂ ਦੀ ਉਮੀਦ ਕੀਤੀ ਜਾਂਦੀ ਹੈ।
ਤਰੱਕੀ ਦੇ ਮੌਕੇ (ਨਿਸ਼ਚਿਤ ਸਮੇਂ ’ਤੇ) : ਬੇਸ਼ੱਕ ਰਫਤਾਰ ਮੱਠੀ ਹੋਵੇਗੀ, ਸਰਕਾਰੀ ਨੌਕਰੀਆਂ ’ਚ ਤਰੱਕੀ ਦਾ ਇਕ ਨਿਸ਼ਚਿਤ ਢਾਂਚਾ ਹੁੰਦਾ ਹੈ। ਪ੍ਰਦਰਸ਼ਨ ਦੀ ਬਜਾਏ ਤਜਰਬੇ ਅਤੇ ਸੇਵਾ ਮਿਆਦ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ।
ਪਰਿਵਾਰਿਕ ਅਤੇ ਸਮਾਜਿਕ ਦਬਾਅ : ਕਈ ਪਰਿਵਾਰਾਂ ’ਚ ਬੱਚਿਆਂ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਦਾ ਦਬਾਅ ਹੁੰਦਾ ਹੈ। ਇਸ ਨੂੰ ਇਕ ਸੁਰੱਖਿਅਤ ਭਵਿੱਖ ਅਤੇ ਸਮਾਜਿਕ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਭਾਰਤ ’ਚ ਕੇਂਦਰ ਹੋਵੇ ਜਾਂ ਰਾਜ ਹਰ ਸਰਕਾਰੀ ਵਿਭਾਗ ’ਚ ਭ੍ਰਿਸ਼ਟਾਚਾਰ ਇੰਨੇ ਸਿਖਰ ’ਤੇ ਕਿਉਂ ਹੈ?
ਭ੍ਰਿਸ਼ਟਾਚਾਰ ਇਕ ਬਹੁਪੱਖੀ ਸਮੱਸਿਆ ਹੈ, ਜਿਸ ਦੇ ਕਈ ਮੂਲ ਕਾਰਨ ਹਨ।
ਅਧਿਕਾਰਾਂ ਦਾ ਕੇਂਦਰੀਕਰਨ ਅਤੇ ਵਿਵੇਕ ਦੀ ਵਰਤੋਂ : ਕਈ ਸਰਕਾਰੀ ਅਹੁਦਿਆਂ ’ਤੇ ਫੈਸਲਾ ਲੈਣ ਦਾ ਅਧਿਕਾਰ ਬਹੁਤ ਜ਼ਿਆਦਾ ਕੇਂਦ੍ਰਿਤ ਹੁੰਦਾ ਹੈ ਅਤੇ ਅਧਿਕਾਰੀਆਂ ਨੂੰ ਵਿਆਪਕ ਵਿਵੇਕ ਦੀ ਵਰਤੋਂ ਕਰਨ ਦੀ ਸ਼ਕਤੀ ਹੁੰਦੀ ਹੈ। ਜਿੱਥੇ ਵਿਵੇਕ ਜ਼ਿਆਦਾ ਹੁੰਦਾ ਹੈ, ਉੱਥੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਵਧ ਜਾਂਦੀ ਹੈ।
ਪਾਰਦਰਸ਼ਿਤਾ ਅਤੇ ਜਵਾਬਦੇਹੀ ਦੀ ਘਾਟ : ਕਈ ਪ੍ਰਕਿਰਿਆਵਾਂ ’ਚ ਪਾਰਦਰਸ਼ਿਤਾ ਦੀ ਘਾਟ ਹੁੰਦੀ ਹੈ, ਜਿਸ ਕਾਰਨ ਜਨਤਾ ਨੂੰ ਇਹ ਪਤਾ ਨਹੀਂ ਚੱਲ ਪਾਉਂਦਾ ਕਿ ਕੰਮ ਕਿਵੇਂ ਹੋ ਰਿਹਾ ਹੈ। ਜਵਾਬਦੇਹੀ ਦੀ ਘਾਟ ਭ੍ਰਿਸ਼ਟ ਅਧਿਕਾਰੀਆਂ ਨੂੰ ਸਜ਼ਾ ਤੋਂ ਬਚਣ ’ਚ ਮਦਦ ਕਰਦੀ ਹੈ।
ਤਨਖਾਹ ਅਸਮਾਨਤਾ ਅਤੇ ਨਾਕਾਫ਼ੀ ਤਨਖਾਹਾਂ : ਕੁਝ ਹੇਠਲੇ ਪੱਧਰ ਦੀਆਂ ਸਰਕਾਰੀ ਨੌਕਰੀਆਂ ’ਚ ਤਨਖਾਹਾਂ ਮੁਕਾਬਲਤਨ ਘੱਟ ਹੁੰਦੀਆਂ ਹਨ, ਜਿਸ ਕਾਰਨ ਕਰਮਚਾਰੀ ਵਾਧੂ ਆਮਦਨ ਕਮਾਉਣ ਲਈ ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦੇ ਹਨ। ਹਾਲਾਂਕਿ, ਉੱਚ ਅਹੁਦਿਆਂ ’ਤੇ ਵੀ ਜਿੱਥੇ ਤਨਖਾਹਾਂ ਕਾਫ਼ੀ ਹੁੰਦੀਆਂ ਹਨ, ਲਾਲਚ ਦੇ ਕਾਰਨ ਭ੍ਰਿਸ਼ਟਾਚਾਰ ਹੁੰਦਾ ਹੈ।
ਨੈਤਿਕ ਕਦਰਾਂ-ਕੀਮਤਾਂ ’ਚ ਗਿਰਾਵਟ : ਸਮਾਜਿਕ ਅਤੇ ਵਿਅਕਤੀਗਤ ਪੱਧਰ ’ਤੇ ਨੈਤਿਕ ਕਦਰਾਂ-ਕੀਮਤਾਂ ’ਚ ਗਿਰਾਵਟ ਨੇ ਭ੍ਰਿਸ਼ਟਾਚਾਰ ਨੂੰ ਵੀ ਆਮ ਬਣਾ ਦਿੱਤਾ ਹੈ। ‘ਸਭ ਕਰਦੇ ਹਨ’ ਵਾਲੀ ਮਾਨਸਿਕਤਾ ਭ੍ਰਿਸ਼ਟਾਚਾਰ ਨੂੰ ਹੋਰ ਵਧਾਉਂਦੀ ਹੈ।
ਕਮਜ਼ੋਰ ਕਾਨੂੰਨੀ ਢਾਂਚਾ ਅਤੇ ਲਾਗੂਕਰਨ : ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦਾ ਕਮਜ਼ੋਰ ਹੋਣਾ ਜਾਂ ਉਨ੍ਹਾਂ ਦੇ ਪ੍ਰਭਾਵੀ ਢੰਗ ਨਾਲ ਲਾਗੂ ਨਾ ਹੋਣਾ ਭ੍ਰਿਸ਼ਟ ਅਧਿਕਾਰੀਆਂ ਨੂੰ ਭੈਅਮੁਕਤ ਬਣਾਉਂਦਾ ਹੈ। ਨਿਆਂ ਪ੍ਰਕਿਰਿਆ ਦਾ ਲੰਮਾ ਹੋਣਾ ਵੀ ਇਕ ਸਮੱਸਿਆ ਹੈ।
ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਮਿਲੀਭੁਗਤ : ਰਾਜਨੀਤੀ ਵਿਚ ਵਿਆਪਕ ਭ੍ਰਿਸ਼ਟਾਚਾਰ ਵੀ ਸਰਕਾਰੀ ਵਿਭਾਗਾਂ ’ਚ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਦਾ ਹੈ। ਸਿਆਸਤਦਾਨ ਅਤੇ ਅਧਿਕਾਰੀ ਮਿਲ ਕੇ ਭ੍ਰਿਸ਼ਟਾਚਾਰ ਦੇ ਇਕ ਚੱਕਰ ਦਾ ਨਿਰਮਾਣ ਕਰਦੇ ਹਨ।
ਸਿੱਟਾ: ਭਾਰਤ ’ਚ ਸਰਕਾਰੀ ਨੌਕਰੀਆਂ ਦੀ ਇੱਛਾ ਅਤੇ ਭ੍ਰਿਸ਼ਟਾਚਾਰ ਵਿਚਾਲੇ ਸੰਬੰਧ ਇਕ ਦੁਸ਼ਟ ਚੱਕਰ ਹੈ। ਨੌਜਵਾਨਾਂ ਦੀ ਸਰਕਾਰੀ ਨੌਕਰੀਆਂ ਪ੍ਰਤੀ ਜ਼ਿਆਦਾ ਇੱਛਾ (ਜੋ ਜਾਇਜ਼ ਸੁਰੱਖਿਆ ਅਤੇ ਵੱਕਾਰ ਦੇ ਕਾਰਨ ਹੈ) ਕਦੇ-ਕਦੇ ਉਨ੍ਹਾਂ ਨੂੰ ਗਲਤ ਰਸਤੇ ਅਖਤਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ। ਉਥੇ, ਵਿਭਾਗਾਂ ’ਚ ਵਿਆਪਕ ਭ੍ਰਿਸ਼ਟਾਚਾਰ, ਇਨ੍ਹਾਂ ਨੌਕਰੀਆਂ ਨੂੰ ‘ਲਾਹੇਵੰਦ’ ਬਣਾ ਕੇ ਇਸ ਚਾਹਤ ਨੂੰ ਹੋਰ ਹਵਾ ਦਿੰਦਾ ਹੈ।
ਜੀਤੇਂਦਰ ਸਿੰਘ
ਕੀ ਔਰਤਾਂ ਅਪਰਾਧ ਨਹੀਂ ਕਰਦੀਆਂ
NEXT STORY