ਫਰੀਦਕੋਟ (ਪਵਨ, ਖੁਰਾਣਾ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਿਕ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਦੀ ਪੋਲ ਖੁੱਲ੍ਹ ਗਈ ਹੈ, ਜਦਕਿ ਅਫ਼ਸਰਸ਼ਾਹੀ ਵਰਕਰਾਂ ਨੂੰ ਕੁਝ ਵੀ ਦੇਣ ਲਈ ਤਿਆਰ ਨਹੀਂ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਜੋ ਵਰਕਰ ਖੂਨ-ਪਸੀਨੇ ਦੀ ਕਮਾਈ ਕਰ ਕੇ ਪਨਬੱਸ ਨੂੰ ਮੁਨਾਫਾ ਪਹੁੰਚਾ ਰਹੇ ਹਨ ਪਰ ਉੱਚ ਅਧਿਕਾਰੀ ਤਨਖਾਹਾਂ ਦੇ ਵਾਧੇ ਦੀ ਗੱਲ ਨੂੰ ਪਨਬੱਸ ’ਤੇ ਵਿੱਤੀ ਬੋਝ ਪਵੇਗਾ, ਦੱਸ ਕੇ ਆਪਣਾ ਪੱਲਾ ਝਾਡ਼ ਦਿੰਦੇ ਹਨ, ਜਦਕਿ ਦੂਜੇ ਪਾਸੇ ਪਨਬੱਸ ’ਚ ਆਊਟ ਸੋਰਸ ਦੇ ਮੁਲਾਜ਼ਮਾਂ ਦਾ ਜੀ. ਐੱਸ. ਟੀ. ਅਤੇ ਕਮੀਸ਼ਨ ਦੇ ਤੌਰ ’ਤੇ ਲਗਭਗ 40-50 ਲੱਖ ਰੁਪਏ ਠੇਕੇਦਾਰ ਨੂੰ ਹਰ ਮਹੀਨੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਉਚ ਅਧਿਕਾਰੀ ਬੱਸ ਸਟੈਂਡ ਦਾ ਕੰਪਿਊਟਰੀਕਰਨ ਕਰਨ ਅਤੇ ਟਿਕਟ ਟੈਪ ਮਸ਼ੀਨਾਂ ਲਿਆਉਣ ਲਈ ਪਨਬੱਸ ਦੀਆਂ ਐੱਫ-ਡੀਆਂ ਤੂਡ਼ਵਾ ਕੇ ਫਾਲਤੂ ਦਾ ਖਰਚ ਕਰਨ ਦੀ ਤਿਆਰੀ ’ਚ ਲੱਗੇ ਹੋਏ ਹਨ, ਜੋ ਕਿ ਪਨਬੱਸ ਨੂੰ ਖਤਮ ਕਰਨ ਦੀ ਕੋਝੀਆਂ ਚਾਲਾਂ ਚੱਲ ਰਹੇ ਹਨ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਆਖਿਆ ਕਿ ਪੁਰਾਣੇ ਠੇਕੇਦਾਰ ਨੂੰ ਮਹਿਕਮੇ ’ਚੋਂ ਕੱਢਣ ਲਈ ਵਾਰ-ਵਾਰ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਆ ਰਹੇ ਹਨ ਪਰ ਹਾਂ-ਪੱਖੀ ਹੁੰਗਾਰਿਆਂ ਦੀ ਫੂਕ ਉਸ ਵੇਲੇ ਨਿਕਲਦੀ ਨਜ਼ਰ ਆਈ, ਜਦੋਂ ਉੱਚ ਅਧਿਕਾਰੀਆਂ ਵੱਲੋਂ ਜੋ ਨਵਾਂ ਠੇਕੇਦਾਰ ਲਿਆਂਦਾ ਗਿਆ ਹੈ, ਉਸ ਵੱਲੋਂ ਨਵੀਂ ਭਰਤੀ ਅਤੇ ਤਨਖਾਹਾਂ ਵਿਚ ਕਥਿਤ ਰੂਪ ਵਿਚ ਵੱਡੇ ਨੋਟ ਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਅਫ਼ਸਰਸ਼ਾਹੀ ਠੇਕੇਦਾਰ ਨੂੰ ਆਪਣੇ ਨਿੱਜੀ ਸੁਆਰਥਾਂ ਨੂੰ ਬਡ਼੍ਹਾਵਾ ਦੇਣ ਦੀ ਖੁੱਲ੍ਹ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਫ਼ਸਰਾਂ ਵੱਲੋਂ ਠੇਕੇਦਾਰ ਨਾਲ ਮਿਲ ਕੇ 47 ਸੈਕਟਰ ਵਿਚ ਕਥਿਤ ਰੂਪ ’ਚ ਭਰਤੀ ਲਈ ਫਾਰਮ ਭਰੇ ਜਾ ਰਹੇ ਹਨ, ਜੋ ਕਿ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਅਜਿਹੀ ਕਥਿਤ ਭ੍ਰਿਸ਼ਟ ਅਫ਼ਸਰਸ਼ਾਹੀ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਫ਼ਸਰਸ਼ਾਹੀ ਨੇ ਇਨ੍ਹਾਂ ਸਾਰਿਆਂ ਮੁੱਦਿਆਂ ’ਤੇ ਜਲਦੀ ਹੀ ਗੌਰ ਨਾ ਕੀਤਾ ਤਾਂ ਯੂਨੀਅਨ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਮੈਨੇਜਮੈਂਟ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਸਤਨਾਮ ਸਿੰਘ ਮੀਤ ਪ੍ਰਧਾਨ, ਜਲੌਰ ਸਿੰਘ ਸਕੱਤਰ, ਹਰਜੀਤ ਸਿੰਘ ਕਲੇਰ, ਸੋਹਨ ਲਾਲ ਆਦਿ ਹਾਜ਼ਰ ਸਨ।
ਕੈਂਸਰ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
NEXT STORY