ਫਰੀਦਕੋਟ (ਪਵਨ)-ਸ਼੍ਰੀ ਕ੍ਰਿਸ਼ਨ ਪ੍ਰਣਾਮੀ ਮੰਦਰ ’ਚ ਪਰਮਹੰਸ ਬਾਬਾ ਦਇਆ ਰਾਮ ਸਾਹਿਬ ਜੀ ਦਾ 191ਵਾਂ ਤਿੰਨ ਦਿਨਾ ਜਯੰਤੀ ਸਮਾਗਮ ਮੰਦਰ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ-ਸ਼੍ਰੀ 108 ਜਗਤ ਰਾਜ ਜੀ ਮਹਾਰਾਜ ਦੀ ਅਗਵਾਈ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ’ਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਭਾਗ ਲੈ ਕੇ ਆਪਣੇ ਧਰਮ ਗੁਰੂ ਨੂੰ ਸਿਜਦਾ ਕੀਤਾ। ਇਸ ਤਿੰਨ ਦਿਨਾ ਧਾਰਮਕ ਸਮਾਗਮ ਦੀ ਸ਼ੁਰੂਆਤ ਪ੍ਰਭਾਤ ਫੇਰੀ ਨਾਲ ਕੀਤੀ ਗਈ ਅਤੇ ਇਸ ਉਪਰੰਤ ਮੰਦਰ ’ਚ ਮਹਾਮਤੀ ਸ਼੍ਰੀ ਪ੍ਰਣਾਨਾਥ ਜੀ ਪ੍ਰਣੀਤ ਸ਼੍ਰੀ ਮੁਖਵਾਣੀ ਦੇ 11 ਅਖੰਡ ਪਾਠਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਧਾਰਮਕ ਸਮਾਗਮ ਨੂੰ ਲੈ ਕੇ ਜਿੱਥੇ ਪੂਰੇ ਮੰਦਰ ਨੂੰ ਬਡ਼ੇ ਹੀ ਸੰਦਰ ਢੰਗ ਨਾਲ ਸਜਾਇਆ ਗਿਆ ਸੀ, ਉੱਥੇ ਹੀ ਮੰਦਰ ਨੂੰ ਆਉਣ-ਜਾਣ ਵਾਲੇ ਰਸਤਿਆਂ ਨੂੰ ਵੀ ਬਿਜਲੀ ਦੀਆਂ ਰੰਗ-ਬਿਰੰਗੀ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਇਸੇ ਦੌਰਾਨ ਵੱਖ-ਵੱਖ ਮਹਾਰਾਜ ਜੀ ਨੇ ਆਪਣੇ ਪਾਵਨ ਵਚਨਾਂ ਰਾਹੀਂ ਜਿਥੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਭਗਤੀ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ, ਉਥੇ ਹੀ ਕਈ ਭਜਨ ਗਾਇਕਾਂ ਵੱਲੋਂ ਭਜਨ ਸੁਣਾ ਕੇ ਹਾਜ਼ਰ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ, ਜਦਕਿ ਸਮਾਗਮ ਦੌਰਾਨ ਸ਼੍ਰੀ ਕ੍ਰਿਸ਼ਣ ਪ੍ਰਣਾਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਸੁੰਦਰ ਝਾਂਕੀਆਂ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਵੱਖ-ਵੱਖ ਗਲੀਆਂ-ਬਾਜ਼ਾਰਾਂ ’ਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਹੁੰਚ ਕੇ ਹੀ ਸੰਪੰਨ ਹੋਈ। ਸ਼ੋਭਾ ਯਾਤਰਾ ਦੌਰਾਨ ਸਜਾਈਆਂ ਗਈਆਂ ਸੁੰਦਰ ਝਾਂਕੀਆਂ ਜਿਥੇ ਆਪਣਾ ਵੱਖ ਹੀ ਨਜ਼ਾਰਾ ਪੇਸ਼ ਕਰ ਰਹੀਆਂ ਸਨ, ਉਥੇ ਹੀ ਸ਼੍ਰੀ ਰਾਜ ਜੀ ਮਹਾਰਾਜ ਅਤੇ ਵੱਖ-ਵੱਖ ਰੱਥਾਂ ’ਤੇ ਸਵਾਰ ਗੁਰੂਜਨਾਂ ਦੀ ਸਵਾਰੀ ਨਾਲ ਸੁੰਦਰਸਾਥ ਨੱਚਦੇ-ਗਾਉਂਦੇ ਚਲਦੇ ਹੋਏ ‘ਸ਼੍ਰੀ ਪ੍ਰਾਣਨਾਥ ਪਿਆਰੇ ਦੀ ਜੈ’ , ‘ ਬਾਬਾ ਦਿਆ ਰਾਮ ਸਾਹਬ ਦੀ ਜੈ’ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ, ਜਦਕਿ ਸ਼ੋਭਾ ਯਾਤਰਾ ਦੇ ਰਸਤੇ ’ਚ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਸਨ। ਪਾਠਾਂ ਦੇ ਭੋਗਾਂ ਦੇ ਨਾਲ ਹੀ ਲਗਾਤਾਰ ਚਲੇ ਇਸ ਤਿੰਨ ਦਿਨਾ ਧਾਰਮਕ ਸਮਾਗਮ ਦੀ ਪੂਰਨ ਆਹੂਤੀ ਪਾਈ ਗਈ ਅਤੇ ਵਿਸ਼ਾਲ ਭੰਡਾਰੇ ਦੇ ਨਾਲ ਹੀ ਇਹ ਧਾਰਮਕ ਸਮਾਗਮ ਆਪਣੀਆਂ ਅਮਿੱਟ ਛਾਪਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਨੇਪਰੇ ਚਡ਼੍ਹ ਗਿਆ। ਕੈਂਪ ’ਚ ਕੀਤਾ 108 ਯੂਨਿਟ ਖੂਨ ਦਾਨ ਇਸੇ ਦੌਰਾਨ ਮੌਜੂਦਾ ਗੱਦੀ ਨਸ਼ੀਨ ਜਗਤ ਰਾਜ ਮਹਾਰਾਜ ਜੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਣਾਮੀ ਸਕੂਲ ਦੇ ਡਾਇਰੈਕਟਰ ਸਤੀਸ਼ ਮਹਿਤਾ ਦੀ ਪ੍ਰੇਰਣਾ ਸਦਕਾ ਮੰਦਰ ਦੇ ਵਿਹਡ਼ੇ ’ਚ ਇਕ ਖੂਨਦਾਨ ਕੈਂਪ ਵੀ ਲਾਇਆ ਗਿਆ, ਜਿਥੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸੁੰਦਰਸਾਥ ਨੇ ਆਪਣੀ ਇੱਛਾ ਅਨੁਸਾਰ ਲਗਭਗ 108 ਯੂਨਿਟ ਖੂਨਦਾਨ ਕੀਤਾ। ਮਹਾਰਾਜ ਜੀ ਨੇ ਖੂਨ ਦਾਨ ਨੂੰ ਮਹਾਦਾਨ ਦੱਸਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰ ’ਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਇਸ ਲਈ ਇਨਸਾਨ ਨੂੰ ਆਪਣੀ ਜ਼ਿੰਦਗੀ ’ਚ ਮੌਕਾ ਮਿਲਣ ’ਤੇ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਵੱਲੋਂ ਕੀਤੇ ਗਏ ਖੂਨ ਦਾਨ ਨਾਲ ਕਿਸੇ ਦੀ ਕੀਮਤੀ ਜਾਨ ਬਚ ਸਕਦੀ ਹੈ। ਕੈਂਪ ਦੌਰਾਨ ਮਹਾਰਾਜ ਜੀ ਨੇ ਖੂਨ ਦਾਨੀਆਂ ਦੇ ਆਪਣੇ ਹੱਥੀਂ ਬੈਚ ਲਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਤੋਂ ਇਲਾਵਾ ਮੰਦਰ ਦੇ ਵਿਹਡ਼ੇ ’ਚ ਨਿਓਰੋਥੈਰੇਪੀ ਕੈਂਪ ਵੀ ਲਾਇਆ ਗਿਆ, ਜਿਸ ਵਿਚ ਕਰੀਬ 75 ਲੋਕਾਂ ਨੇ ਆਪਣਾ ਇਲਾਜ ਕਰਵਾਇਆ ।
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ’ਚ ਹੋਈਆਂ ਵਿਚਾਰਾਂ
NEXT STORY