ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਹਾੜ੍ਹੀ ਦੀ ਫ਼ਸਲ 'ਤੇ ਕਿਸਾਨਾਂ ਨੂੰ ਬੜੀਆਂ ਆਸਾਂ, ਉਮੀਦਾਂ ਅਤੇ ਚਾਅ ਹੁੰਦੇ ਹਨ। ਕਿਸਾਨ ਪਰਿਵਾਰਾਂ ਨੇ ਬੜੇ ਸੁਪਨੇ ਸੰਜੋਏ ਹੁੰੰਦੇ ਹਨ ਕਿ ਇਸ ਵਾਰ ਕਣਕ ਦੀ ਫ਼ਸਲ ਮੰਡੀ ਵਿਚ ਵੇਚ ਕੇ ਕੋਈ ਵਿਸ਼ੇਸ਼ ਚੀਜ਼ ਖਰੀਦਾਂਗੇ। ਔਰਤਾਂ ਨੂੰ ਸੋਨੇ ਦੇ ਗਹਿਣੇ ਖਰੀਦਣ ਦਾ ਚਾਅ ਹੁੰਦਾ ਹੈ। ਕਿਸਾਨਾਂ ਦੀ ਕਣਕ ਦੀ ਫਸਲ ਵਿਸਾਖੀ ਮੌਕੇ ਪੱਕ ਚੁੱਕੀ ਹੈ। ਭਾਵੇਂ ਕੁਝ ਕਿਸਾਨਾਂ ਨੇ ਇਸ ਖੇਤਰ ਵਿਚ ਇਕ ਹਫ਼ਤਾ ਪਹਿਲਾਂ ਕਣਕ ਦੀ ਫ਼ਸਲ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਸੀ ਪਰ ਅਸਲ ਵਿਚ ਕਣਕਾਂ ਹੁਣ ਪੱਕੀਆਂ ਹਨ ਅਤੇ ਅਜੇ ਵੀ ਕਈ ਖੇਤਾਂ ਵਿਚ ਕਣਕਾਂ ਹਰੀਆਂ ਦਿਖਾਈ ਦੇ ਰਹੀਆਂ ਹਨ ਪਰ ਇਸ ਦੇ ਬਾਵਜੂਦ ਖੇਤਾਂ ਵਿਚ ਪੂਰੀਆਂ ਰੌਣਕਾਂ ਲੱਗ ਚੁੱਕੀਆਂ ਹਨ ਅਤੇ ਕਣਕ ਵੱਢਣ ਵਾਲੀਆਂ ਕੰਬਾਈਨਾਂ ਦੀਆਂ ਗੂੰਜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
ਮੰਡੀਆਂ 'ਚ ਬੈਠੇ ਕਿਸਾਨ ਉਡੀਕ ਰਹੇ ਨੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ
ਦੂਜੇ ਪਾਸੇ ਭਾਵੇਂ ਸਰਕਾਰੀ ਦਾਅਵੇ ਇਹ ਸਨ ਕਿ 1 ਅਪ੍ਰੈਲ ਤੋਂ ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ ਪਰ 14 ਦਿਨ ਬੀਤਣ ਦੇ ਬਾਵਜੂਦ ਪੇਂਡੂ ਦਾਣਾ ਮੰਡੀਆਂ ਵਿਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ, ਜਿਸ ਕਰ ਕੇ ਮੰਡੀਆਂ ਵਿਚ ਬੈਠੇ ਕਿਸਾਨ ਸਰਕਾਰੀ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਉਡੀਕ ਰਹੇ ਹਨ। ਭਾਗਸਰ ਦੀ ਅਨਾਜ ਮੰਡੀ ਵਿਚ ਪਿਛਲੇ ਇਕ ਹਫ਼ਤੇ ਤੋਂ ਕਣਕ ਲੈ ਕੇ ਬੈਠੇ ਕਿਸਾਨ ਮੇਜਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕਣਕ ਖਰੀਦਣ ਲਈ ਇੱਥੇ ਕੋਈ ਨਹੀਂ ਆਇਆ।
ਗਿੱਲੀ ਕਣਕ ਵੀ ਆ ਰਹੀ ਹੈ ਮੰਡੀਆਂ 'ਚ
ਕਿਸਾਨਾਂ ਨੇ ਕਣਕ ਵੱਢਣ ਸਮੇਂ ਥੋੜ੍ਹੀ ਕਾਹਲੀ ਕਰ ਲਈ ਹੈ ਅਤੇ ਕਣਕਾਂ ਅਜੇ ਹਰੀਆਂ ਹੀ ਸਨ ਪਰ ਉਨ੍ਹਾਂ ਨੇ ਹਰੀ ਕਣਕ ਵੱਢ ਕੇ ਹੀ ਦਾਣਾ ਮੰਡੀਆਂ ਵਿਚ ਸੁੱਟ ਦਿੱਤੀ ਹੈ ਅਤੇ ਹੁਣ ਗਿੱਲੀ ਕਣਕ ਦੀਆਂ ਢੇਰੀਆਂ ਨੂੰ ਸੁੱਕਣ ਲਈ ਖਿਲਾਰਿਆ ਜਾ ਰਿਹਾ ਹੈ।
ਜ਼ਿਲਾ ਪ੍ਰਸ਼ਾਸਨ ਨੇ ਕੀਤਾ ਸੀ ਮਨ੍ਹਾ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਸੀ ਕਿ ਕੋਈ ਵੀ ਕਿਸਾਨ ਦਾਣਾ ਮੰਡੀ ਵਿਚ ਗਿੱਲੀ ਕਣਕ ਦੀ ਫ਼ਸਲ ਨਾ ਲੈ ਕੇ ਆਏ ਅਤੇ ਗਿੱਲੀ ਕਣਕ ਨਾ ਖਰੀਦੀ ਜਾਵੇ ਪਰ ਫਿਰ ਵੀ ਕਿਸਾਨ ਮੰਨੇ ਨਹੀਂ।
ਸਰਕਾਰੀ ਖਰੀਦ ਏਜੰਸੀਆਂ ਖਰੀਦਣਗੀਆਂ ਕਣਕ
ਜਾਣਕਾਰੀ ਅਨੁਸਾਰ ਸਰਕਾਰ ਦੀਆਂ ਖਰੀਦ ਏਜੰਸੀਆਂ ਐੱਫ਼. ਸੀ. ਆਈ., ਪਨਗਰੇਨ, ਮਾਰਕਫੈੱਡ, ਪਨਸਪ ਆਦਿ ਵੱਲੋਂ ਸ਼ਹਿਰੀ ਅਤੇ ਪੇਂਡੂ ਦਾਣਾ ਮੰਡੀਆਂ ਵਿਚ ਕਣਕ ਦੀ ਖਰੀਦ ਕੀਤੀ ਜਾਵੇਗੀ।
ਕਣਕ ਦਾ ਝਾੜ 55 ਮਣ ਦੇ ਕਰੀਬ ਰਹੇਗਾ
ਇਸ ਵਾਰ ਕਣਕ ਦੇ ਔਸਤ ਝਾੜ ਬਾਰੇ ਕਿਸਾਨ ਮਹਿੰਦਰ ਸਿੰਘ ਛਿੰਦੀ, ਬਲਜੀਤ ਸਿੰਘ ਗਿੱਲ ਅਤੇ ਨਿਰਮਲ ਸਿੰਘ ਅਕਾਲੀ ਨੇ ਦੱਸਿਆ ਕਿ ਚੰਗੀਆਂ ਕਣਕਾਂ ਦਾ ਝਾੜ ਪ੍ਰਤੀ ਏਕੜ 55 ਮਣ ਤੱਕ ਆਉਣ ਦੀ ਪੂਰੀ ਸੰਭਾਵਨਾ ਹੈ।
1735 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਕਣਕ ਦਾ ਭਾਅ
ਪਿਛਲੇ ਸਾਲ ਕਣਕ ਦਾ ਪ੍ਰਤੀ ਕੁਇੰਟਲ ਭਾਅ 1625 ਰੁਪਏ ਸੀ, ਜਦਕਿ ਸਰਕਾਰ ਨੇ ਇਸ ਵਾਰ 110 ਰੁਪਏ ਕੁਇੰਟਲ ਭਾਅ ਹੋਰ ਵਧਾ ਦਿੱਤਾ ਹੈ ਅਤੇ ਹੁਣ ਮੰਡੀਆਂ ਵਿਚ ਕਣਕ 1735 ਰੁਪਏ ਪ੍ਰਤੀ ਕੁਇੰਟਲ ਖਰੀਦੀ ਜਾਵੇਗੀ।
ਹੱਥੀਂ ਕਣਕ ਵੱਢਦਾ ਨਹੀਂ ਆ ਰਿਹਾ ਕੋਈ ਨਜ਼ਰ
ਖੇਤੀ ਧੰਦਾ ਮਜ਼ਦੂਰਾਂ ਦੀ ਥਾਂ ਮਸ਼ੀਨੀ ਯੁੱਗ ਦੇ ਹੱਥਾਂ ਵਿਚ ਆ ਗਿਆ ਹੈ, ਜਿਸ ਕਰ ਕੇ ਕੋਈ ਕਿਸਾਨ ਜਾਂ ਮਜ਼ਦੂਰ ਖੇਤਾਂ ਵਿਚ ਦਾਤੀਆਂ ਨਾਲ ਹੱਥੀਂ ਕਣਕ ਵੱਢਦਾ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ ਅਤੇ ਕਣਕ ਕੰਬਾਈਨਾਂ ਨਾਲ ਵੱਢੀ ਜਾ ਰਹੀ ਹੈ।
ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਚੱਲਣ ਲੱਗੀਆਂ
ਜਿਨ੍ਹਾਂ ਖੇਤਾਂ ਵਿਚ ਕੰਬਾਈਨਾਂ ਨਾਲ ਕਣਕ ਦੀ ਫ਼ਸਲ ਨੂੰ ਕੱਟਿਆ ਗਿਆ ਹੈ, ਉਨ੍ਹਾਂ ਖੇਤਾਂ ਵਿਚ ਮਗਰ-ਮਗਰ ਹੀ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਵੀ ਚੱਲ ਪਈਆਂ ਹਨ ਅਤੇ ਕਿਸਾਨਾਂ ਵੱਲੋਂ ਤੂੜੀ ਬਣਾਈ ਜਾ ਰਹੀ ਹੈ।
ਮੌਸਮ ਖਰਾਬ ਰਹਿਣ ਦੀ ਦਿੱਤੀ ਚਿਤਾਵਨੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਸੂਬੇ ਦੇ ਸਮੂਹ ਜ਼ਿਲਾ ਖੇਤੀਬਾੜੀ ਅਫ਼ਸਰਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ ਕਿ ਆਉਣ ਵਾਲੀ 16 ਅਤੇ 17 ਅਪ੍ਰੈਲ ਨੂੰ ਮੌਸਮ ਖਰਾਬ ਹੋ ਸਕਦਾ ਹੈ ਅਤੇ ਮੀਂਹ, ਝੱਖੜ ਅਤੇ ਹਨੇਰੀ ਆਉਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਵੇ ਕਿ ਕਿਸਾਨ ਇਸ ਸਮੱਸਿਆ ਦੇ ਹੱਲ ਲਈ ਅਗਾਊਂ ਲੋੜੀਂਦੇ ਪ੍ਰਬੰਧ ਕਰ ਸਕਣ।
6 ਸਾਲਾਂ ਤੋਂ ਲਟਕ ਰਿਹੈ 'ਰਾਜਾ ਮਾਈਨਰ' ਦਾ ਸ਼ੁੱਧ ਪਾਣੀ ਵਾਲਾ ਪ੍ਰਾਜੈਕਟ
NEXT STORY