ਜਲੰਧਰ : ਖੇਤੀ ਆਰਡੀਨੈਂਸਾਂ ਦੇ ਮਾਮਲੇ 'ਤੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਤੇ ਕਿਸਾਨਾਂ ਤੋਂ ਮੁਆਫੀ ਮੰਗੀ ਹੈ। ਜਗ ਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਹਰਸਿਮਰਤ ਨੇ ਕਿਹਾ ਕਿ ਇਹ ਬਿੱਲ ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਲਿਆਂਦਾ ਗਿਆ ਸੀ ਅਤੇ ਇਸ ਬਿੱਲ 'ਤੇ ਉਨ੍ਹਾਂ ਦੀ ਰਾਏ ਨਹੀਂ ਮੰਨੀ ਗਈ। ਹਰਸਿਮਰਤ ਨੇ ਇਹ ਵੀ ਕਿਹਾ ਕਿ ਇਸ ਮੁੱਦੇ 'ਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਦੀ ਰਾਏ ਲਈ ਗਈ ਸੀ ਅਤੇ ਕਾਂਗਰਸ ਨੇ ਅਜਿਹਾ ਬਿੱਲ ਪਾਸ ਕਰਨ ਲਈ ਆਪਣੇ ਚੋਣ ਘੋਸ਼ਣਾ ਪੱਤਰ ਵਿਚ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਕਾਂਗਰਸ ਹੁਣ ਇਸ ਮਾਮਲੇ 'ਤੇ ਸਿਆਸਤ ਕਰ ਰਹੀ ਹੈ। ਪੇਸ਼ ਹੈ ਹਰਸਿਮਰਤ ਨਾਲ ਹੋਈ ਪੂਰੀ ਗੱਲਬਾਤ
ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ 'ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪ੍ਰਸ਼ਨ - ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇਣ ਦੀ ਕੀ ਵਜ੍ਹਾ ਰਹੀ?
ਉਤਰ - ਮੈਂ ਸਰਕਾਰ ਨੂੰ ਆਖਿਆ ਸੀ ਕਿ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾਂ, ਸੂਬਾ ਸਰਕਾਰਾਂ ਨਾਲ ਸਲਾਹ ਕੀਤੇ ਬਿਨਾਂ ਅਜਿਹਾ ਕਾਨੂੰਨ ਨਹੀਂ ਬਣਨਾ ਚਾਹੀਦਾ। 24 ਮਈ ਨੂੰ ਜਦੋਂ ਪਹਿਲੀ ਵਾਰ ਇਸ ਦੀ ਫਾਈਲ ਮੇਰੇ ਕੋਲ ਪਹੁੰਚੀ ਤਾਂ ਮੈਨੂੰ ਇਸ ਬਿੱਲ ਬਾਰੇ ਪਤਾ ਲੱਗਾ। ਉਸੇ ਸਮੇਂ ਮੈਂ ਇਸ 'ਤੇ ਆਪਣੇ ਵਿਚਾਰ ਦੱਸ ਦਿੱਤੇ। 5 ਜੂਨ ਨੂੰ ਜਦੋਂ ਕੈਬਨਿਟ ਮੀਟਿੰਗ ਵਿਚ ਇਸ ਨੂੰ ਲਿਆਂਦਾ ਗਿਆ ਤਾਂ ਉਦੋਂ ਵੀ ਮੈਂ ਇਸ 'ਤੇ ਵਿਰੋਧ ਕੀਤਾ। ਜਦੋਂ ਇਹ ਆਰਡੀਨੈਂਸ ਬਣ ਕੇ ਆਇਆ ਤਾਂ ਉਦੋਂ ਵੀ ਮੈਂ ਰੌਲਾ ਪਾਇਆ। ਲਗਭਗ ਢਾਈ ਮਹੀਨੇ ਤਕ ਮੀਟਿੰਗਾਂ ਅਤੇ ਵੀਡੀਓ ਕਾਨਫਰੰਸਾਂ ਦਾ ਦੌਰ ਚੱਲਦਾ ਰਿਹਾ ਇਸ ਆਸ ਵਿਚ ਕਿ ਸ਼ਾਇਦ ਕੋਈ ਹੱਲ ਨਿਕਲ ਆਵੇ। ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਇਕ ਪਾਸੇ ਜਿੱਥੇ ਕਿਸਾਨ ਸੜਕਾਂ 'ਤੇ ਉਤਰਿਆ ਹੋਇਆ ਹੈ, ਉਥੇ ਹੀ ਇਸ ਬਿੱਲ ਨੂੰ ਪਹਿਲੇ ਦਿਨ ਹੀ ਸਦਨ ਵਿਚ ਟੇਬਲ ਕਰ ਦਿੱਤਾ ਜਾਵੇਗਾ। ਲੱਖ ਕੋਸ਼ਿਸ਼ਾਂ ਦੇ ਬਾਅਦ ਜਦੋਂ ਅਕਾਲੀ ਦਲ ਨੂੰ ਇਹ ਸਾਫ਼ ਹੋ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ ਤਾਂ ਮੇਰੇ ਕੋਲ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ
ਪ੍ਰਸ਼ਨ - ਅਕਾਲੀ-ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਫਿਰ ਵੀ ਕੇਂਦਰ 'ਚ ਸੁਣਵਾਈ ਕਿਉਂ ਨਹੀਂ?
ਉਤਰ - ਜਿਸ ਤਰ੍ਹਾਂ ਬਾਬੂਆਂ ਨੇ ਦਫ਼ਤਰਾਂ ਵਿਚ ਬੈਠ ਕੇ ਇਹ ਕਾਨੂੰਨ ਬਣਾਏ ਹਨ, ਸ਼ਾਇਦ ਉਨ੍ਹਾਂ ਵਿਚੋਂ ਹੀ ਕੋਈ ਬਾਬੂ ਇਹ ਗ਼ਲਤ ਫੀਡਬੈਕ ਦੇ ਰਿਹਾ ਹੈ? ਸਭ ਤੋਂ ਪਹਿਲਾਂ ਜਿਸ ਦਿਨ ਕਿਸਾਨਾਂ ਨੇ ਪੰਜਾਬ ਬੰਦ ਕਰੋ ਦਾ ਐਲਾਨ ਕੀਤਾ ਅਤੇ ਹਰਿਆਣਾ ਵਿਚ ਵੀ ਰੋਸ ਮਾਰਚ ਹੋਇਆ ਸੀ। ਉਸ ਸਮੇਂ ਵੀ ਮੈਂ ਆਖਿਆ ਸੀ ਕਿ ਇਹ ਵੱਡਾ ਰੋਸ ਹੈ, ਉਦੋਂ ਮੈਨੂੰ ਕਿਹਾ ਗਿਆ ਕਿ ਹਫ਼ਤੇ ਬਾਅਦ ਸਭ ਸ਼ਾਂਤ ਹੋ ਜਾਵੇਗਾ, ਜਿਸ 'ਤੇ ਮੈਂ ਆਖਿਆ ਕਿ ਇਹ ਅੱਗ ਸ਼ਾਂਤ ਨਹੀਂ ਹੋਵੇਗੀ ਸਗੋਂ ਹੋਰ ਵਧੇਗੀ। ਮੈਂ ਸਾਫ਼ ਆਖ ਦਿੱਤਾ ਸੀ ਕਿ ਅੱਜ ਦੇਸ਼ ਦੇ ਹਾਲਾਤ ਇਹੋ ਜਿਹੇ ਨਹੀਂ ਹਨ ਕਿ ਇਕ ਹੋਰ ਅੰਦੋਲਨ ਸ਼ੁਰੂ ਹੋਣ ਦਾ ਮੌਕਾ ਦਿੱਤਾ ਜਾਵੇ। ਇਸ ਲਈ ਮੈਂ ਆਖ ਦਿੱਤਾ ਕਿ ਮੈਂ ਇਸ ਦਾ ਹਿੱਸਾ ਬਿਲਕੁਲ ਨਹੀਂ ਬਣਾਂਗੀ। ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਫ਼ਾਈ ਦਿੱਤੀ ਜਿਹੜੀ ਪਹਿਲਾਂ ਦੇਣੀ ਚਾਹੀਦੀ ਸੀ। ਮੈਂ ਅੱਜ ਵੀ ਬੇਨਤੀ ਕਰਦੀ ਹਾਂ ਕਿ ਇਸ ਬਿੱਲ ਦੀ ਸੋਧ ਕੀਤੀ ਜਾਵੇ ਇਸ ਨਾਲ ਕਿਸੇ ਦੀ ਤੌਹੀਨ ਨਹੀਂ ਹੋਵੇਗੀ ਸਗੋਂ ਸਰਕਾਰ ਦਾ ਕੱਦ ਵਧੇਗਾ।
ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ 'ਤੇ ਪੰਜਾਬ ਭਾਜਪਾ ਪ੍ਰਧਾਨ ਦਾ ਦੋ ਟੁੱਕ 'ਚ ਜਵਾਬ
ਪ੍ਰਸ਼ਨ - ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਅਸਤੀਫ਼ਾ ਕਿਸਾਨਾਂ ਦੇ ਮਨਾਂ ਦੀਆਂ ਗੁੰਝਲਾ ਕੱਢ ਸਕੇਗਾ?
ਉਤਰ - ਮੈਂ ਇਹ ਜ਼ਰੂਰ ਆਖ ਸਕਦੀ ਹੈ ਕਿ ਮੇਰੇ ਅਸਤੀਫ਼ਾ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦਾ ਧਿਆਨ ਇਸ ਮੁੱਦੇ ਵੱਲ ਕੇਂਦਰਿਤ ਹੋ ਗਿਆ ਹੈ। ਰਾਜ ਸਭਾ ਵਿਚ ਵੀ ਸਾਰੀਆਂ ਪਾਰਟੀਆਂ ਇਸ ਮੁੱਦੇ ਨਾਲ ਜੁੜ ਰਹੀਆਂ ਹਨ। ਕਿਸਾਨ ਦੀ ਜਿਸ ਗੁਹਾਰ ਨੂੰ ਕੋਈ ਸੁਣ ਨਹੀਂ ਰਿਹਾ ਸੀ, ਹੁਣ ਉਹ ਗੁਹਾਰ ਮੇਰੇ ਅਸਤੀਫ਼ੇ ਨਾਲ ਇਕ ਆਵਾਜ਼ ਬਣ ਕੇ ਉੱਠ ਖੜ੍ਹੀ ਹੋਈ ਹੈ। ਹਾਲਾਂਕਿ ਮੇਰੇ ਕੇਂਦਰ ਵਿਚ ਮੰਤਰੀ ਰਹਿੰਦਿਆਂ ਹੀ, ਸਰੀ ਕਰਤਾਰਪੁਰ ਸਾਹਿਬ, 1984 ਦੇ ਪੀੜਤਾਂ ਨੂੰ ਇਨਸਾਫ ਅਤੇ ਕਾਲੀ ਸੂਚੀ ਨੂੰ ਲੈ ਕੇ ਵੱਡੇ ਫੈਸਲੇ ਹੋਏ ਹਨ ਪਰ ਬਦਕਿਸਮਤੀ ਨਾਲ ਮੈਂ ਕਿਸਾਨਾਂ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਸਮਝਾਉਣ ਵਿਚ ਸਫਲ ਨਹੀਂ ਹੋ ਸਕੀ, ਇਸ ਲਈ ਮੈਂ ਕਿਸਾਨਾਂ ਤੋਂ ਮੁਆਫੀ ਮੰਗਦੀ ਹਾਂ।
ਪ੍ਰਸ਼ਨ - ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਕਿ ਸਹਿਯੋਗੀ ਧਿਰਾਂ ਨਾਲ ਮਸ਼ਵਰੇ ਤੋਂ ਬਾਅਦ ਲਿਆਂਦਾ ਬਿੱਲ, ਹੁਣ ਰੀਵਿਊ ਦੀ ਗੁੰਜਾਇਸ਼ ਨਹੀਂ?
ਉਤਰ - ਸਾਡੇ ਨਾਲ ਇਕ ਵਾਰ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਪੰਜਾਬ ਵਿਚ 10-11 ਕਿਸਾਨ ਜਥੇਬੰਦੀਆਂ ਹਨ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।
ਪ੍ਰਸ਼ਨ - ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੇਗੀ?
ਉਤਰ - ਅਕਾਲੀ ਦਲ ਦੀ ਪਹਿਲੀ ਰਣਨੀਤੀ ਇਹ ਹੈ ਕਿ ਇਸ ਆਰਡੀਨੈਂਸ ਨੂੰ ਰਾਜ ਸਭਾ ਵਿਚ ਪਾਸ ਨਾ ਹੋਣ ਦਿੱਤਾ ਜਾਵੇ। ਸਾਰੀਆਂ ਹਮਖਿਆਲੀ ਧਿਰਾਂ ਇਕੱਠਿਆਂ ਹੋ ਕੇ ਦਬਾਅ ਪਾ ਕੇ ਇਸ ਨੂੰ ਸਲੈਕਟ ਕਮੇਟੀ ਵਿਚ ਲਿਆਉਣ।
ਪ੍ਰਸ਼ਨ - ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਟੈਂਡ ਲੈਣ ਵਿਚ ਦੇਰ ਕੀਤੀ ਹੈ?
ਉਤਰ - ਬਿਲਕੁਲ ਨਹੀਂ, ਮੈਂ ਕੈਪਟਨ ਅਮਰਿੰਦਰ ਸਿੰਘ ਵਾਂਗ ਨਹੀਂ ਜਿਸ ਨੂੰ ਦੋ ਸਾਲ ਪਹਿਲਾਂ ਪਤਾ ਲੱਗ ਗਿਆ ਸੀ ਪਰ ਫਿਰ ਵੀ ਕੁਝ ਨਹੀਂ ਕੀਤਾ। ਮੈਂ ਮਈ ਮਹੀਨੇ ਵਿਚ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਉਦੋਂ ਹੀ ਲਿਖਤ ਵਿਚ ਇਸ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਇਹ ਚੀਜ਼ਾਂ ਪਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਲਾਗੂ ਵੀ ਕਰ ਦਿੱਤਾ ਹੈ। 2019 ਦੀਆਂ ਚੋਣਾਂ ਦੌਰਾਨ ਚੋਣ ਮੈਨੀਫੈਸਟੋ 'ਚ ਰਾਹੁਲ ਗਾਂਧੀ ਨੇ ਵੀ ਇਹ ਸਭ ਲਿਖਿਆ ਹੈ। ਜਦਕਿ ਹੁਣ ਸਿਰਫ ਕਾਂਗਰਸ ਨਾਟਕ ਕਰਕੇ ਰੌਲਾ ਪਾ ਰਹੀ ਹੈ।
ਪ੍ਰਸ਼ਨ - ਮਨਪ੍ਰੀਤ ਬਾਦਲ ਇਸ ਨੂੰ ਮੈਚ-ਫਿਕਸਿੰਗ ਦੱਸ ਰਹੇ ਹਨ, ਕੀ ਕਹਿਣਾ ਹੈ ਤੁਹਾਡਾ?
ਉਤਰ - ਜਿਹੜਾ ਵਿਅਕਤੀ ਸ਼ਹੀਦਾਂ ਦਾ ਮਿੱਟੀ ਦੀ ਸਹੁੰ ਖਾਂਦਾ ਹੈ ਕਿ ਇਨਕਲਾਬ ਲੈ ਕੇ ਆਵਾਂਗੇ ਪਰ ਇਸ ਨਿਕੰਮੇ ਬੰਦੇ ਨੇ ਪੰਜਾਬ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨੀਤੀ ਆਯੋਗ ਦੀ ਮੀਟਿੰਗ ਵਿਚ ਮਨਪ੍ਰੀਤ ਨੇ ਖੁਦ ਸਹਿਮਤੀ ਜਤਾਈ ਸੀ। ਹੁਣ ਮਨਪ੍ਰੀਤ ਆਪ ਦੱਸੇ ਕਿ ਉਹ ਕਿਸ ਮਿੱਟੀ ਦਾ ਬਣਿਆ।
ਪ੍ਰਸ਼ਨ - ਕੈਪਟਨ ਆਖ ਰਹੇ ਅਕਾਲੀ ਦਲ 'ਡਬਲ ਸਟੈਂਡਰਡ' ਸਿਆਸਤ ਕਰ ਰਿਹਾ?
ਉਤਰ - ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਦੇ ਚੋਣ ਮੈਨੀਫੈਸਟ ਦਾ ਜਵਾਬ ਦੇਣ ਜਿਸ ਵਿਚ ਉਨ੍ਹਾਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਲਾਗੂ ਕਰਨ ਦੀ ਗੱਲ ਲਿਖੀ ਹੋਈ ਹੈ। ਕੈਪਟਨ ਦੱਸਣ ਕਿ ਇਹ ਉਨ੍ਹਾਂ ਦਾ ਚੋਣ ਮੈਨੀਫੈਸਟੋ ਦਾ ਹਿੱਸਾ ਹਨ ਜਾਂ ਨਹੀਂ। ਪੰਜਾਬ ਵਿਚ ਇਸ ਨੂੰ ਲਾਗੂ ਕੀਤਾ ਜਾਵੇ ਅਤੇ ਦਿੱਲੀ ਵਿਚ ਇਸ ਦਾ ਵਿਰੋਧ ਕੀਤਾ ਜਾਵੇ, ਇਹ ਕਿਹੋ ਸਿਆਸਤ ਅਤੇ ਦੋਗਲਾ ਚਿਹਰਾ ਹੈ। ਜਿਸ ਇਨਸਾਨ ਨੂੰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਰੱਬ ਦਾ ਡਰ ਨਹੀਂ ਰਿਹਾ ਉਸ ਇਨ੍ਹਾਂ ਦਾ ਕੀ ਜ਼ਮੀਨ ਹੋਵੇਗਾ। ਮੈਂ ਆਪਣੇ ਜ਼ਮੀਨ ਦੀ ਆਵਾਜ਼ ਸੁਣੀ ਅਤੇ ਕਦਮ ਚੁੱਕ ਲਿਆ ਜਦਕਿ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਅੱਜ ਤਕ ਕੀ ਕੀਤਾ।
ਪ੍ਰਸ਼ਨ - ਅਕਾਲੀ-ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਫਿਰ ਵੀ ਕੇਂਦਰ 'ਚ ਸੁਣਵਾਈ ਕਿਉਂ ਨਹੀਂ?
ਉਤਰ - ਜਿਸ ਤਰ੍ਹਾਂ ਬਾਬੂਆਂ ਨੇ ਦਫ਼ਤਰਾਂ ਵਿਚ ਬੈਠ ਕੇ ਇਹ ਕਾਨੂੰਨ ਬਣਾਏ ਹਨ, ਸ਼ਾਇਦ ਉਨ੍ਹਾਂ ਵਿਚੋਂ ਹੀ ਕੋਈ ਬਾਬੂ ਇਹ ਗ਼ਲਤ ਫੀਡਬੈਕ ਦੇ ਰਿਹਾ ਹੈ? ਸਭ ਤੋਂ ਪਹਿਲਾਂ ਜਿਸ ਦਿਨ ਕਿਸਾਨਾਂ ਨੇ ਪੰਜਾਬ ਬੰਦ ਕਰੋ ਦਾ ਐਲਾਨ ਕੀਤਾ ਅਤੇ ਹਰਿਆਣਾ ਵਿਚ ਵੀ ਰੋਸ ਮਾਰਚ ਹੋਇਆ ਸੀ। ਉਸ ਸਮੇਂ ਵੀ ਮੈਂ ਆਖਿਆ ਸੀ ਕਿ ਇਹ ਵੱਡਾ ਰੋਸ ਹੈ, ਉਦੋਂ ਮੈਨੂੰ ਕਿਹਾ ਗਿਆ ਕਿ ਹਫ਼ਤੇ ਬਾਅਦ ਸਭ ਸ਼ਾਂਤ ਹੋ ਜਾਵੇਗਾ, ਜਿਸ 'ਤੇ ਮੈਂ ਆਖਿਆ ਕਿ ਇਹ ਅੱਗ ਸ਼ਾਂਤ ਨਹੀਂ ਹੋਵੇਗੀ ਸਗੋਂ ਹੋਰ ਵਧੇਗੀ। ਮੈਂ ਸਾਫ਼ ਆਖ ਦਿੱਤਾ ਸੀ ਕਿ ਅੱਜ ਦੇਸ਼ ਦੇ ਹਾਲਾਤ ਇਹੋ ਜਿਹੇ ਨਹੀਂ ਹਨ ਕਿ ਇਕ ਹੋਰ ਅੰਦੋਲਨ ਸ਼ੁਰੂ ਹੋਣ ਦਾ ਮੌਕਾ ਦਿੱਤਾ ਜਾਵੇ। ਇਸ ਲਈ ਮੈਂ ਆਖ ਦਿੱਤਾ ਕਿ ਮੈਂ ਇਸ ਦਾ ਹਿੱਸਾ ਬਿਲਕੁਲ ਨਹੀਂ ਬਣਾਂਗੀ। ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਫ਼ਾਈ ਦਿੱਤੀ ਜਿਹੜੀ ਪਹਿਲਾਂ ਦੇਣੀ ਚਾਹੀਦੀ ਸੀ। ਮੈਂ ਅੱਜ ਵੀ ਬੇਨਤੀ ਕਰਦੀ ਹਾਂ ਕਿ ਇਸ ਬਿੱਲ ਦੀ ਸੋਧ ਕੀਤੀ ਜਾਵੇ ਇਸ ਨਾਲ ਕਿਸੇ ਦੀ ਤੌਹੀਨ ਨਹੀਂ ਹੋਵੇਗੀ ਸਗੋਂ ਸਰਕਾਰ ਦਾ ਕੱਦ ਵਧੇਗਾ।
ਪ੍ਰਸ਼ਨ - ਕੀ ਅਕਾਲੀ-ਭਾਜਪਾ ਹੁਣ ਵੱਖ ਹੋਣਗੇ?
ਉਤਰ - ਇਹ ਫ਼ੈਸਲਾ ਪਾਰਟੀ ਦੀ ਕੌਰ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ। ਅੱਜ ਦੀ ਤਾਰੀਖ ਵਿਚ ਹਰ ਲੀਡਰ ਵਰਕਰਾਂ ਤੋਂ ਲੈ ਕੇ ਜ਼ਮੀਨੀ ਪੱਧਰ 'ਤੇ ਇਸ ਸੰਬੰਧੀ ਫੀਡਬੈਕ ਲੈ ਰਿਹਾ ਹੈ। ਇਹ ਫ਼ੈਸਲਾ ਲੋਕਾਂ ਦੀ ਸਹਿਮਤੀ ਦੇ ਨਾਲ ਹੀ ਲਿਆ ਜਾਵੇਗਾ। ਲੋਕਾਂ ਦੀ ਰਾਏ ਜਾਨਣ ਤੋਂ ਬਾਅਦ ਕੋਰ ਕਮੇਟੀ ਉਹ ਫ਼ੈਸਲਾ ਲਵੇਗੀ, ਜਿਹੜਾ ਪੰਜਾਬ, ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕ ਵਿਚ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬ ਦੇ ਲੋਕ ਹਨ। ਹੁਣ ਵੀ ਅਸੀਂ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਂਦੇ ਹੋਏ ਅਸਤੀਫ਼ਾ ਦਿੱਤਾ ਹੈ ਅਤੇ ਅੱਗੇ ਵੀ ਵਰਕਰਾਂ ਅਤੇ ਜਨਤਾ ਦੀ ਰਾਏ ਦੇ ਨਾਲ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਪ੍ਰਸ਼ਨ - ਭਗਵੰਤ ਮਾਨ ਦਾ ਕਹਿਣਾ ਕਿ ਤੁਸੀਂ ਭਾਜਪਾ ਨਾਲ ਸੰਬੰਧ ਇਸ ਲਈ ਕਾਇਮ ਰੱਖੋਗੇ ਕਿਉਂਕਿ ਭਾਜਪਾ ਕੋਲ ਤੁਹਾਡੀਆਂ ਬਹੁਤ ਘੁੰਡੀਆਂ ਹਨ?
ਉਤਰ - ਮੈਂ ਦੁੱਕੀ ਤਿੱਕੀ ਦੇ ਸਵਾਲ ਦਾ ਜਵਾਬ ਨਹੀਂ ਦਿੰਦੀ। ਜਿਹੜਾ ਬੰਦਾ ਸੰਸਦ ਵਿਚ ਸ਼ਰਾਬ ਪੀ ਕੇ ਆ ਜਾਂਦਾ ਹੈ ਅਤੇ ਪੂਰੀ ਸੰਸਦ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਜਿਹੜਾ ਬੰਦਾ ਮੰਦਰ ਗੁਰਦੁਆਰੇ ਵੀ ਸ਼ਰਾਬ ਪੀ ਕੇ ਚਲੇ ਜਾਂਦਾ ਹੈ ਅਤੇ ਚੋਣ ਤੋਂ ਪਹਿਲਾਂ ਮੰਚ ਦੇ ਉਤੇ ਮਾਂ ਦੀ ਝੂਠੀ ਸਹੁੰ ਖਾਂਦਾ ਹੈ ਉਸ ਦੀ ਗੱਲ ਦਾ ਕੀ ਜਵਾਬ ਦਿੱਤਾ ਜਾਵੇ। ਜਿਸ ਨੂੰ ਇਹ ਨਹੀਂ ਪਤਾ ਕਿ ਸੰਸਦ ਵਿਚ ਬਿੱਲ ਵੋਟ ਪਾਏ ਬਿਨਾਂ ਪਾਸ ਨਹੀਂ ਹੁੰਦਾ, ਮੈਂ ਉਸ ਦੇ ਕਿਸੇ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ।
ਧਰਮਸੋਤ ਨੇ ਬੀਬੀ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ 'ਡਰਾਮਾ', ਅਕਾਲੀ ਦਲ 'ਤੇ ਜੰਮ ਕੇ ਵਰ੍ਹੇ
NEXT STORY