ਸਮਰਾਲਾ (ਗਰਗ) : ਪਿਛਲੀਆਂ ਚਾਰ ਫ਼ਸਲਾਂ ਤੋਂ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਦਿੱਕਤਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਵਾਰ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਮੰਡੀਆਂ 'ਚ ਕਣਕ ਦੀ ਢਿੱਲੀ ਖ਼ਰੀਦ ਅਤੇ ਉੱਤੋਂ ਫਿਰ ਤੋਂ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ 'ਚ ਪਾ ਦਿੱਤਾ ਹੈ। ਸੋਨੇ ਵਾਂਗ ਪਾਲੀ ਫ਼ਸਲ ਦੀ ਵਾਢੀ ਤੋਂ ਲੈ ਕੇ ਉਸ ਨੂੰ ਮੰਡੀ ਤੱਕ ਵੇਚਣ ਲਈ ਲਿਜਾਣ ਤੱਕ ਪੈਰ-ਪੈਰ 'ਤੇ ਮੁਸੀਬਤ 'ਚ ਘਿਰੇ ਕਿਸਾਨ ਨੂੰ ਕੁਦਰਤ ਦੀ ਇਸ ਪਈ ਦੋਹਰੀ ਮਾਰ ਨੇ ਝੰਬ ਕੇ ਰੱਖ ਦਿੱਤਾ ਹੈ। ਅਚਾਨਕ ਮੌਸਮ 'ਚ ਆਏ ਬਦਲਾਅ ਤੋਂ ਬਾਅਦ ਖੇਤਾਂ 'ਚ ਪੱਕ ਕੇ ਤਿਆਰ ਖੜ੍ਹੀ ਫ਼ਸਲ ਨੂੰ ਖ਼ਰਾਬੇ ਤੋਂ ਬਚਾਉਣ ਲਈ ਕਿਸਾਨਾਂ ਨੇ ਕੰਬਾਈਨਾਂ ਰਾਹੀ ਕਣਕ ਦੀ ਵਾਢੀ ਪੂਰੇ ਜ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਪਰ ਹੁਣ ਉਨ੍ਹਾਂ ਨੂੰ ਅੱਗੇ ਇਸ ਫ਼ਸਲ ਨੂੰ ਮੰਡੀ ਲਿਜਾਣ ਲਈ ਟੋਕਨ ਪਾਸ ਹੀ ਨਹੀਂ ਮਿਲ ਰਹੇ, ਜਿਸ ਨਾਲ ਕਿਸਾਨ ਲਈ ਇਸ ਫ਼ਸਲ ਨੂੰ ਸੰਭਾਲਣਾ ਹੋਰ ਵੀ ਵੱਡੀ ਮੁਸੀਬਤ ਬਣ ਗਿਆ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦੇ ਸਰਕਾਰ ਵੱਲੋਂ ਕਣਕ ਦੀ ਸਿਲਸਿਲੇਵਾਰ ਖ਼ਰੀਦ ਦੇ ਫੈਸਲੇ ਨੇ ਕਿਸਾਨ ਨੂੰ ਅਜਿਹੀ ਕਸੂਤੀ ਸਥਿਤੀ 'ਚ ਫਸਾ ਦਿੱਤਾ ਹੈ, ਕਿ ਉਹ ਹਰ ਵਾਰ ਦੀ ਤਰ੍ਹਾਂ 15-20 ਦਿਨਾਂ 'ਚ ਵਾਢੀ ਦੇ ਸੀਜ਼ਨ ਤੋਂ ਵਿਹਲਾ ਹੋ ਕੇ ਅਗਲੀ ਫ਼ਸਲ ਦੀ ਬਿਜਾਈ 'ਚ ਜੁੱਟਣ ਦੀ ਬਜਾਏ ਇਸ ਵਾਰ ਘੱਟੋ-ਘੱਟ 2 ਮਹੀਨੇ ਹੋਰ ਆਪਣੀ ਫ਼ਸਲ ਦੀ ਰਾਖੀ ਕਰਨ ਲਈ ਨੂੜਿਆ ਗਿਆ ਹੈ। ਮੰਡੀਆਂ 'ਚ ਸਮਾਜਿਕ ਦੂਰੀ ਬਣਾਏ ਰੱਖਣ ਲਈ ਸਰਕਾਰ ਵੱਲੋਂ ਹਰ ਇੱਕ ਆੜ੍ਹਤੀ ਨੂੰ ਇੱਕ ਦਿਨ 'ਚ ਪੰਜ ਤੋਂ ਵੱਧ ਪਾਸ ਨਹੀਂ ਦੇਣ ਦੇ ਫੈਸਲੇ ਨੇ ਆੜ੍ਹਤੀਆਂ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ 'ਚ ਵੱਡੀ ਬੇਚੈਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਅਜਿਹੇ ਮਾਹੌਲ 'ਚ ਕਿਸਾਨ ਜ਼ਿਆਦਾ ਦੇਰ ਤੱਕ ਜੇਕਰ ਪੱਕੀ ਫ਼ਸਲ ਨੂੰ ਖੇਤ 'ਚ ਖੜ੍ਹੀ ਰੱਖਦਾ ਹੈ ਤਾਂ ਉਹ ਖੇਤ 'ਚ ਹੀ ਗਿਰ ਜਾਵੇਗੀ। ਘਰ 'ਚ ਇੰਨੀ ਫ਼ਸਲ ਨੂੰ ਸਟੋਰ ਕਰਨ ਦੀ ਸਮਰੱਥਾ ਕਿਸਾਨਾਂ 'ਚ ਹੈ ਨਹੀਂ, ਮਜ਼ਦੂਰ ਮੰਡੀ 'ਚ ਫ਼ਸਲ ਦੀ ਇੰਨੀ ਘੱਟ ਆਮਦ ਕਾਰਨ ਆਪਣੀ ਦਿਹਾੜੀ ਵੀ ਪੂਰੀ ਨਾ ਹੋਣ 'ਤੇ ਭੱਜਣ ਲਈ ਤਿਆਰ ਹੈ। ਆੜ੍ਹਤੀ 'ਚ ਵੀ ਇੰਨੀ ਤਾਕਤ ਨਹੀਂ ਕਿ ਉਹ ਲੰਬੇ ਸਮੇਂ ਤੱਕ ਹਰ ਰੋਜ਼ ਟੋਕਨ ਲੈਣ ਦੀ ਖੱਜਲ-ਖੁਆਰੀ ਅਤੇ ਮਜ਼ਦੂਰਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਨਿਭਾ ਸਕੇ। ਕੁੱਲ ਮਿਲਾ ਕੇ ਸ਼ੀਜਨ ਸ਼ੁਰੂ ਹੁੰਦੇ ਹੀ ਮੰਡੀਆਂ 'ਚ ਹਾਹਾਕਾਰ ਮਚੀ ਹੋਈ ਹੈ ਅਤੇ ਆੜ੍ਹਤੀ ਤੋਂ ਲੈ ਕੇ ਕਿਸਾਨ ਤੇ ਮਜ਼ਦੂਰ ਨੂੰ ਵਾਢੀ ਦੇ ਸ਼ੀਜਨ ਤੋਂ ਛੇਤੀ ਵਿਹਲੇ ਹੋਣ ਦੀ ਕਾਹਲੀ ਹੈ।
ਮੰਡੀਆਂ 'ਚ ਮਜ਼ਦੂਰ ਵਿਹਲਾ ਬੈਠਣ ਲਈ ਮਜ਼ਬੂਰ
ਮੰਡੀਆਂ 'ਚ ਸਮਾਜਿਕ ਦੂਰੀ ਰੱਖਣ ਲਈ ਬਣਾਏ ਗਏ ਟੋਕਨ ਸਿਸਟਮ ਨਾਲ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ 'ਚ ਆਈ ਵੱਡੀ ਕਮੀ ਕਾਰਨ
ਮੰਡੀਆਂ 'ਚ ਮਜ਼ਦੂਰੀ ਕਰਨ ਲਈ ਵੱਡੀ ਤਦਾਦ 'ਚ ਆਇਆ ਮਜ਼ਦੂਰ ਜਿੱਥੇ ਵਿਹਲਾ ਬੈਠਾ ਹੈ, ਉਥੇ ਹਾੜ੍ਹੀ ਦੀ ਵਾਢੀ ਦੇ ਕੰਮ 'ਚ ਜੁੱਟਣ ਵਾਲਾ ਮਜ਼ਦੂਰ ਵੀ ਮੌਸਮ ਸੁਧਰਨ ਦੀ ਉਡੀਕ ਕਰ ਰਿਹਾ ਹੈ। ਕਈ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੋਕਨ ਘੱਟ ਗਿਣਤੀ 'ਚ ਮਿਲਣ ਕਾਰਨ ਸਾਰੀ ਲੇਬਰ ਵਿਹਲੀ ਬੈਠੀ ਅਤੇ ਅਜਿਹੇ ਹਾਲਾਤ 'ਚ ਲੇਬਰ ਨੂੰ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ।
ਪੰਜਾਬੀ ਮਜ਼ਦੂਰਾਂ ਦਾ ਵੀ ਮੰਡੀਆਂ 'ਚ ਮੋਹ ਜਾਗਿਆ
ਇਸ ਵਾਰ ਸਮਰਾਲਾ ਮੰਡੀ 'ਚ ਪੰਜਾਬੀ ਮਜ਼ਦੂਰਾਂ ਦੀ ਵੱਡੀ ਗਿਣਤੀ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ। ਕਰਫਿਊ ਕਾਰਨ ਹੋਰ ਕੰਮਕਾਜ਼ ਤੋਂ ਵਿਹਲੀ ਹੋਈ ਪੰਜਾਬੀ ਲੇਬਰ ਨੇ ਇਸ ਵਾਰ ਮੰਡੀਆਂ ਦਾ ਰੁੱਖ ਕਰ ਲਿਆ ਹੈ ਅਤੇ ਕਈ ਦਹਾਕੇ ਬਾਅਦ ਪੰਜਾਬੀ ਲੇਬਰ ਨੂੰ ਜਾਗੇ ਮੰਡੀਆਂ ਦੇ ਮੋਹ ਨੇ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ। ਪੰਜਾਬ ਦੀ ਲੇਬਰ ਖੇਤਾਂ ਅਤੇ ਮੰਡੀਆਂ 'ਚ ਮਜ਼ਦੂਰੀ ਕਰਨ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਚੁੱਕੀ ਅਤੇ ਹਰ ਸਾਲ ਹੀ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਲੇਬਰ ਦੀ ਘਾਟ ਨਾਲ ਜੂਝਣਾ ਪੈਂਦਾ ਸੀ। ਖੇਤਾਂ 'ਚ ਫ਼ਸਲ ਦੀ ਵਾਢੀ ਤੋਂ ਲੈ ਕੇ ਮੰਡੀਆਂ 'ਚ ਇਸ ਨੂੰ ਸਮੇਟਣ ਤੱਕ ਦਾ ਸਾਰਾ ਕੰਮ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੁੰਦਾ ਸੀ, ਪਰ ਇਸ ਸਾਲ ਪੰਜਾਬੀ ਮਜ਼ਦੂਰਾਂ ਵੱਲੋਂ ਜਿਸ ਤਰ੍ਹਾਂ ਨਾਲ ਮੰਡੀਆਂ 'ਚ ਫ਼ਸਲਾਂ ਦੀ ਸਫ਼ਾਈ ਤੋਂ ਲੈ ਕੇ ਉਸ ਦੀ ਤੁਲਾਈ ਅਤੇ ਭਰਾਈ ਕੀਤੀ ਜਾ ਰਹੀ ਹੈ, ਉਸ ਨੇ ਹੁਣ ਕਿਸੇ ਹੱਦ ਤੱਕ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਰਹਿਣ ਦੀ ਮਜ਼ਬਰੀ ਨੂੰ ਖਤਮ ਕਰ ਦਿੱਤਾ ਹੈ।
ਕਿਸਾਨ ਹਾੜ੍ਹੀ ਤੋਂ ਬਾਅਦ ਤੀਜੀ ਫ਼ਸਲ ਲੈਣ ਤੋਂ ਹੋ ਸਕਦੇ ਹਨ ਵਾਂਝੇ
ਕੋਰੋਨਾ ਮਹਾਂਮਾਰੀ ਅਤੇ ਮੌਸਮ ਦੀ ਮਾਰ ਨੇ ਇਸ ਵਾਰ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਅਜਿਹਾ ਵਾਧਾ ਕੀਤਾ ਹੈ ਕਿ ਹਾੜ੍ਹੀ ਦੀ ਵਾਢੀ ਪਛੇਤੀ ਪੈ ਜਾਣ ਕਾਰਨ ਇਸ ਵਾਰ ਤਾਂ ਕਿਸਾਨਾਂ ਦੇ ਹਾੜ੍ਹੀ ਤੋਂ ਬਾਅਦ 60 ਦਿਨ ਵਾਲੀ ਤੀਜੀ ਫ਼ਸਲ ਲੈਣ ਤੋਂ ਵੀ ਵਾਂਝੇ ਹੋ ਜਾਣ ਦੇ ਆਸਾਰ ਵਿਖਾਈ ਦੇਣ ਲੱਗੇ ਹਨ। ਆਮ ਤੋਰ 'ਤੇ ਪੰਜਾਬ ਦੇ ਕਿਸਾਨ 15 ਅਪ੍ਰੈਲ ਤੱਕ ਹਾੜ੍ਹੀ ਦੀ ਵਾਢੀ ਤੋਂ ਵਿਹਲੇ ਹੋਕੇ ਇਨ੍ਹਾਂ ਦਿਨਾਂ 'ਚ ਤਾਂ ਮੂੰਗੀ, ਮੱਕੀ ਅਤੇ ਸੂਰਜਮੁੱਖੀ ਦੀ ਬਿਜਾਈ 'ਚ ਰੁਝ ਜਾਂਦੇ ਹਨ ਪਰ ਇਸ ਵਾਰ ਮੰਡੀਆਂ 'ਚ ਢਿੱਲੀ ਖ਼ਰੀਦ ਅਤੇ ਮੌਸਮ ਅਨੂਕੁਲ ਨਾ ਰਹਿਣ ਕਾਰਨ ਸੂਬੇ ਦੇ ਖੇਤੀ ਸੈਕਟਰ 'ਤੇ 'ਸੰਕਟ' ਗਹਿਰਾ ਗਿਆ ਹੈ।
ਸਰਕਾਰ ਵੱਧ ਟੋਕਨ ਜਾਰੀ ਕਰੇ : ਚੇਅਰਮੈਨ ਪੱਪੀ
ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ ਨੇ ਆੜ੍ਹਤੀਆਂ ਨੂੰ ਇਕ ਦਿਨ 'ਚ ਪੰਜ ਹੀ ਟੋਕਨ ਪਾਸ ਜਾਰੀ ਕਰਨ ਦੀ ਸ਼ਰਤ ਨੂੰ ਹਟਾ ਕੇ ਮੰਡੀ ਦੀ ਸਮਰੱਥਾ ਅਨੁਸਾਰ ਟੋਕਨ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਰਾਲਾ ਮੰਡੀ 'ਚ ਛੋਟੇ-ਵੱਡੇ 46 ਆੜ੍ਹਤੀ ਹਨ ਅਤੇ ਸਭ ਨੂੰ ਇਕ ਦਿਨ 'ਚ 5 ਹੀ ਟੋਕਨ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਵੱਡੇ ਆੜ੍ਹਤੀਆਂ ਨੂੰ ਵੀ ਸਿਰਫ 5 ਪਾਸ ਹੀ ਜਾਰੀ ਹੋ ਰਹੇ ਹਨ, ਜਦਕਿ ਉਨ੍ਹਾਂ ਕੋਲ ਵੱਡੇ-ਵੱਡੇ ਯਾਰਡ ਖਾਲੀ ਪਏ ਹਨ, ਜਿਥੇ ਇਨ੍ਹਾਂ ਆੜ੍ਹਤੀਆਂ ਨੂੰ ਤਿੰਨ ਗੁਣਾ ਪਾਸ ਜਾਰੀ ਕਰਕੇ ਵੀ ਸਮਾਜਿਕ ਦੂਰੀ ਅਤੇ ਹੋਰ ਸਾਰੇ ਨਿਯਮਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਕਰਵਾਈ ਜਾ ਸਕਦੀ ਹੈ।
ਕੋਵਿਡ-19: ਕੇਰਲ ਦੀ ਖੱਬੇਪੱਖੀ ਸਰਕਾਰ ਤੋਂ ਬਾਕੀ ਸੂਬੇ ਵੀ ਕੁਝ ਸਿੱਖਣ
NEXT STORY