ਭੀਖੀ (ਤਾਇਲ) : ਖੇਤੀ ਮੋਟਰ ਕੁਨੈਕਸ਼ਨ ਆਪਣੇ ਨਾਮ ਨਾ ਚੜ੍ਹਨ ਤੋਂ ਪਰੇਸ਼ਾਨ ਪਿੰਡ ਧਲੇਵਾਂ ਦੇ ਇਕ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ ’ਚ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਲੇਵਾਂ ਦੇ ਕਿਸਾਨ ਜੁਗਰਾਜ ਸਿੰਘ ਨੇ ਪਿੰਡ ਗੁਰਨੇ ਕਲਾਂ ਦੇ ਕਿਸੇ ਕਿਸਾਨ ਤੋਂ ਮੋਟਰ ਕੁਨੈਕਸ਼ਨ ਲਿਆ ਸੀ, ਜਿਸ ਦੇ ਪੂਰੇ ਕਾਗਜ਼ਾਤ ਤਿਆਰ ਕਰਨ ਤੋਂ ਬਾਅਦ ਪਾਵਰਕਾਮ ਦੇ ਭੀਖੀ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਸਨ ਪਰ ਮੋਟਰ ਕੁਨੈਕਸ਼ਨ ਉਸ ਦੇ ਨਾਮ ਨਹੀਂ ਚੜ੍ਹਾਇਆ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਨੇ ਸਾਲ 2014 ’ਚ ਪਿੰਡ ਗੁਰਨੇ ਕਲਾਂ ਦੇ ਕਿਸਾਨ ਤੋਂ ਮੋਟਰ ਕੁਨੈਕਸ਼ਨ ਲਿਆ ਸੀ, ਜਿਸ ਦੇ ਪੂਰੇ ਕਾਗਜਾਤ ਦਫ਼ਤਰ ਜਮ੍ਹਾਂ ਕਰਵਾ ਦਿੱਤੇ ਸਨ ਅਤੇ ਮੋਟਰ ਕੁਨੈਕਸ਼ਨ ਸ਼ਿਫਟ ਵੀ ਹੋ ਗਿਆ ਸੀ ਪਰ ਕਿਸਾਨ ਨੂੰ ਉਸ ਦੀ ਕਾਪੀ ਬਣਾ ਕੇ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਾਵਰਕਮ ਦੇ ਕਰਮਚਾਰੀਆਂ ਵੱਲੋਂ ਉਸ ਤੋਂ ਰਿਸ਼ਵਤ ਲੈਣ ਦੇ ਬਾਵਜੂਦ ਵੀ ਦਫ਼ਤਰ ਦੇ ਚੱਕਰ ਕੱਟਣ ਲਈ ਮਜਬੂਰ ਕਰ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਕਿਸਾਨ ਆਗੂ ਨੇ ਦੱਸਿਆ ਕਿ ਪਾਵਰਕਾਮ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਮੰਗਲਵਾਰ ਨੂੰ ਸਵੇਰੇ ਥਾਣਾ ਭੀਖੀ ਵਿਖੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਮੁਕੱਦਮਾ ਦਰਜ ਨਾ ਹੋਣ ਤੱਕ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਮ੍ਰਿਤਕ ਕਿਸਾਨ ਨੇ ਮਰਨ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਪਾਵਰਕਾਮ ਦੇ ਕਰਮਚਾਰੀਆਂ ਨੂੰ ਜ਼ਿੰਮੇਦਾਰ ਠਹਰਾਇਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਬੇਟੇ ਨੂੰ ਛੱਡ ਗਿਆ ਹੈ। ਥਾਣਾ ਭੀਖੀ ਦੇ ਮੁਖੀ ਸੁਖਜੀਤ ਸਿੰਘ ਨੇ ਦਸਿਆ ਕਿ ਕਿਸਾਨ ਜੁਗਰਾਜ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ਦੀ ਸੂਚਨਾ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਪਰ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਲਿਖਵਾਇਆ ਗਿਆ। ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਇਸ ਮਾਮਲੇ ਦੀ ਅਗਲੇਰੀ ਕਰਵਾਈ ਕੀਤੀ ਜਾਵੇਗੀ।
ਸ਼ਰਮਨਾਕ ਕਾਰਾ: ਚਾਚੀ ਨਾਲ ਹੀ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼
NEXT STORY