ਜ਼ੀਰਾ (ਗੁਰਮੇਲ ਸੇਖਵਾਂ) : ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਅਨੁਸਾਰ ਬੀਤੇ ਦਿਨ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਅਦ ਮਾਮਲੇ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਆਗੂ ਗੁਰਮੇਲ ਸਿੰਘ ਮਨਸੂਰਵਾਲ, ਫਤਿਹ ਸਿੰਘ, ਬਲਦੇਵ ਸਿੰਘ ਜ਼ੀਰਾ ਦੀ ਦੇਖਰੇਖ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਮੁੱਖ ਮੰਤਰੀ ਨੇ ਸੰਯੁਕਤ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਅਤੇ ਸਮਝਾਉਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਾਲਬਰੋਜ ਸ਼ਰਾਬ ਫੈਕਟਰੀ ਦੇ ਸਾਹਮਣੇ ਧਰਨਾ ਲਗਾ ਕੇ ਬੈਠੀ ਸੰਗਤ ਵਿਚ ਪਹੁੰਚੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਆਈ.ਜੀ. ਜਸਕਰਨ ਸਿੰਘ, ਡੀ.ਆਈ.ਜੀ. ਰਣਜੀਤ ਸਿੰਘ, ਐੱਸ.ਐੱਸ.ਪੀ. ਫਿਰੋਜ਼ਪੁਰ ਕੰਵਰਦੀਪ ਕੌਰ, ਐੱਸ.ਪੀ. ਗੁਰਮੀਤ ਸਿੰਘ, ਡੀ.ਐੱਸ.ਪੀ. ਜ਼ੀਰਾ ਪਲਵਿੰਦਰ ਸਿੰਘ ਸੰਧੂ, ਐੱਸ.ਡੀ.ਐੱਮ. ਅਤੇ ਤਹਿਸੀਲਦਾਰ ਜ਼ੀਰਾ ਆਦਿ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਪੂਰੇ ਹੋਣ ਤੋਂ ਪਹਿਲਾਂ ਲੁੱਟੀਆਂ ਗਈਆਂ ਖ਼ੁਸ਼ੀਆਂ, ਉੱਘੇ ਕਬੱਡੀ ਖ਼ਿਡਾਰੀ ਦੀ ਹਾਦਸੇ 'ਚ ਮੌਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਅੱਜ ਉਨ੍ਹਾਂ ਨੂੰ ਇਥੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਲਗਾਉਂਦੇ ਸਮੇਂ ਜੇਕਰ ਫੈਕਟਰੀ ਸੰਚਾਲਕਾਂ ਨੇ ਆਸਪਾਸ ਦੇ ਲੋਕਾਂ ਦੀ ਰਾਇ ਨਹੀਂ ਲਈ ਅਤੇ ਲੋਕਾਂ ਖ਼ਿਲਾਫ ਜਾ ਕੇ ਫੈਕਟਰੀ ਲਗਾਈ ਹੈ ਤਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਹਾਈਕੋਰਟ ਵਿਚ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਮਲਿਆ ਦੀ ਜਾਂਚ ਲਈ ਪੰਜ ਕਮੇਟੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵਿਚ ਪ੍ਰਸ਼ਾਸਨ, ਸਰਕਾਰ, ਸੰਯੁਕਤ ਮੋਰਚਾ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਰਕਾਰ ਨੂੰ ਆਪਣੀ ਰਿਪੋਰਟ ਦੇਣਗੀਆਂ। ਇਨ੍ਹਾਂ ਕਮੇਟੀਆਂ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਵਿਭਾਗ ਸਾਡੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਏਗੀ ਤਾਂ ਉਸਨੂੰ ਬਖਸ਼ਿਆ ਨਹੀ ਜਾਵੇਗਾ ਤੇ ਉਸ ਖ਼ਿਲਾਫ ਸਖ਼ਤ ਕਾਰਵਾਈ ਹੋਵੇਗੀ। ਦੱਸਣਯੋਗ ਹੈ ਕਿ ਮਾਨਯੋਗ ਹਾਈਕੋਰਟ ਵਿਚ ਇਸ ਮਾਮਲੇ ਦੀ ਅਗਲੀ ਤਾਰੀਖ 20 ਦਸੰਬਰ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਮਾਨਯੋਗ ਹਾਈਕੋਰਟ ਵਿਚ 20 ਕਰੋੜ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀਆਂ ਦਾ ਐਲਾਨ, ਸੂਬਾ ਸਰਕਾਰ ਨੇ ਜਾਰੀ ਕੀਤੀ ਸੂਚੀ
ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ, ਅੱਜ ਵੀ ਨਹੀਂ ਹੱਟਿਆ ਧਰਨਾ
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਧਾਲੀਵਾਲ ਨੂੰ ਅੱਜ ਸਰਕਾਰ ਵੱਲੋਂ ਇਸ ਉਮੀਦ ਨਾਲ ਭੇਜਿਆ ਗਿਆ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣਗੇ ਅਤੇ ਧਰਨਾ ਚੁੱਕਵਾਉਦਗੇ ਪਰ ਅੱਜ ਵੀ ਅਜਿਹਾ ਕੁਝ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸੰਯੁਕਤ ਮੋਰਚੇ ਦੇ ਆਗੂ ਗੁਰਮੇਲ ਸਿੰਘ ਮਨਸੂਰਵਾਲ, ਫਤਿਹ ਸਿੰਘ, ਬਲਦੇਵ ਸਿੰਘ ਜ਼ੀਰਾ ਆਦਿ ਨੇ ਕਿਹਾ ਕਿ ਜਦ ਤੱਕ ਸਰਕਾਰ ਇਸ ਫੈਕਟਰੀ ਨੂੰ ਬੰਦ ਨਹੀ ਕਰਵਾਵੇਗੀ, ਉਹ ਆਪਣਾ ਧਰਨਾ ਨਹੀ ਚੁੱਕਣਗੇ ਕਿਉਂਕਿ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ। ਕੈਬਨਿਟ ਮੰਤਰੀ ਨੇ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਛੁਡਵਾਉਣ ਅਤੇ ਅਸਲਾ ਲਾਇਸੰਸ ਬਹਾਲ ਕਰਵਾਉਣ ਦੀ ਗੱਲ ਕਹੀ। ਮਾਲਬਰੋਜ ਸ਼ਰਾਬ ਫੈਕਟਰੀ ਵੱਲ ਜਾਣ ਵਾਲੇ ਰਸਤੇ ਨੂੰ ਬੀਤ ਦਿਨ ਪੁਲਸ ਵੱਲੋਂ ਸੀਲ ਕੀਤਾ ਗਿਆ ਸੀ ਤੇ ਇਸ ਦੌਰਾਨ ਪੁਲਸ ਨੇ ਕਰੀਬ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਨੇ ਮੌਕੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਛੱਡਣ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅਸਲਾ ਲਾਇਸੰਸ ਰੱਦ ਕੀਤੇ ਗਏ ਸਨ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ ਤੇ ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ ਨਹੀ ਹੋਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲੰਡਾ ਦੇ ਅੰਮ੍ਰਿਤਸਰ ’ਚ ਚਾਰ ਸਾਥੀ ਗ੍ਰਿਫ਼ਤਾਰ, ਹਥਿਆਰ ਵੀ ਹੋਏ ਬਰਾਮਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਾਨ ਸਰਕਾਰ ਦੀ ਨਿਵੇਕਲੀ ਪਹਿਲ : ਵਿਰਾਸਤੀ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਵਾਲਾ 'ਫਿਰੋਜ਼ਪੁਰ' ਬਣਿਆ ਪਹਿਲਾ ਜ਼ਿਲ੍ਹਾ
NEXT STORY