ਹੁਸ਼ਿਆਰਪੁਰ (ਘੁੰਮਣ) : ਕਿਸਾਨ ਆਪਣਾ ਹੱਕ ਮੰਗ ਰਹੇ ਹਨ ਨਾ ਕਿ ਭੀਖ, ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਦੁਸ਼ਮਣ ਬਣ ਕੇ ਸਾਹਮਣੇ ਆ ਰਹੀ ਹੈ। ਇਹ ਕਿਸਾਨ ਨੂੰ ਵੀ ਮਾਰ ਰਹੀ ਅਹੈ ਅਤੇ ਜਵਾਨ ਨੂੰ ਵੀ ਮਾਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਖਵਿੰਦਰ ਸਿੰਘ ਲੱਖੀ ਸਾਬਕਾ ਕਮਿਸ਼ਨਰ, ਸੀਨੀਅਰ ਆਗੂ ਸ਼੍ਰੋਮਣੀ ਦਲ (ਬ) ਨੇ ਇਕ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅੱਗੇ ਸਭ ਤੋਂ ਵੱਡੀ ਮੁਸ਼ਕਿਲ ਦੋ ਵੇਲੇ ਦੀ ਰੋਟੀ ਸੀ, ਜਿਸਨੂੰ ਪੂਰਾ ਕਰਨ ਲਈ ਅਨਾਜ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਸੀ ਅਤੇ ਵੱਖ-ਵੱਖ ਦੇਸ਼ਾਂ ਅੱਗੇ ਹੱਥ ਅੱਡੇ ਜਾ ਰਹੇ ਸਨ। ਉਸ ਸਮੇਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਹੱਡ-ਭੰਨਵੀਂ ਮਿਹਨਤ ਕਰਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ। ਲੱਖੀ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਜੋ ਐੱਮ. ਐੱਸ. ਪੀ. ਮਿਲਦੀ ਸੀ, ਉਸ ਤੋਂ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਸਭ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਜੋ ਇਹ ਕਾਲੇ ਕਾਨੂੰਨ ਬਣਾਏ ਹਨ, ਉਸ ਨਾਲ ਦੇਸ਼ ਦਾ ਅੰਨਦਾਤਾ ਤਬਾਹ ਹੋ ਜਾਵੇਗਾ। ਇਸ ਗੱਲ ਦਾ ਇਲਮ ਅੱਜ-ਕੱਲ ਦੇ ਪਡ਼੍ਹੇ-ਲਿਖੇ ਕਿਸਾਨ ਨੂੰ ਹੈ। ਜਿਸ ਕਰਕੇ ਉਹ ਸੜਕਾਂ ’ਤੇ ਬੈਠਾ ਹੈ ਤੇ ਆਪਣੇ ਹੱਕ ਲੈਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਹਰਿਆਣਾ ਸਮੇਤ ਅੱਜ ਦੇਸ਼ ਦੇ ਦੂਜੇ ਸੂਬਿਆਂ ਦੇ ਕਿਸਾਨ ਵੀ ਇਸ ਸੰਘਰਸ਼ ਵਿਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਸਹੌਲੀ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਪਰਨੀਤ ਕੌਰ ਨੇ ਦੁੱਖ ਕੀਤਾ ਸਾਂਝਾ, ਮਾਲੀ ਮਦਦ ਦੇਣ ਦਾ ਦਿੱਤਾ ਭਰੋਸਾ
ਲੱਖੀ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਵਰਗ ਤੇ ਸਾਰੇ ਧਾਰਮਿਕ, ਸਮਾਜਿਕ ਵਰਗ ਵੀ ਕਿਸਾਨਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਐਨੀ ਠੰਡ ਵਿਚ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਇਸ ਸਰਕਾਰ ਨੂੰ ਕਿਸਾਨਾਂ ’ਤੇ ਤਰਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੜੇ ਦਿਆਲੂ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੇ ਮਾਰਗ ’ਤੇ ਚੱਲ ਰਹੇ ਹਨ। ਉਹ ਆਪਣੀ ਕਮਾਈ ਵਿਚੋਂ ਲੰਗਰਾਂ ਦੀ ਸੇਵਾ ਕਰ ਰਹੇ ਹਨ ਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਖੁਦ ਵਿਦੇਸ਼ ਤੋਂ ਆਉਣ ਸਮੇਂ ਸਭ ਤੋਂ ਪਹਿਲਾਂ ਆਪਣੇ ਕਿਸਾਨ ਭਰਾਵਾਂ ਦੇ ਧਰਨੇ ’ਚ ਪਹੁੰਚਿਆ, ਜਿਥੇ ਸਾਡੇ 80-80 ਸਾਲ ਦੇ ਬਜ਼ੁਰਗ ਡਟੇ ਹੋਏ ਹਨ। ਮੈਂ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਿਆਂ ਲੰਗਰ ਦੀ ਸੇਵਾ ’ਚ ਆਪਣਾ ਹਿੱਸਾ ਪਾ ਕੇ ਆਇਆ। ਉਨ੍ਹਾਂ ਕਿਹਾ ਕਿ ਅੱਜ ਹਰ ਪੰਜਾਬੀ ਦਾ ਦਿਲ ਕਿਸਾਨਾਂ ਨੂੰ ਸੜਕਾਂ ’ਚ ਬੈਠੇ ਹੋਏ ਦੇਖ ਕੇ ਝਿੰਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਹੈਰੋਇਨ ਦੀਆਂ ਦੋ ਬੋਤਲਾਂ ਕੀਤੀਆਂ ਬਰਾਮਦ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ 29 ਜਨਵਰੀ ਤੱਕ ਟਲੀ
NEXT STORY