ਮੋਗਾ, (ਪਵਨ ਗਰੋਵਰ/ ਗੋਪੀ ਰਾਊਕੇ)- ਇਕ ਪਾਸੇ ਜਿੱਥੇ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਕਿਸਾਨ ਵਰਗ ਨੂੰ ਵਰਜਿਤ ਕਰਦਿਆਂ ਇਸ ਮਾਮਲੇ 'ਤੇ ਸਖਤ ਹੁਕਮ ਦਿੱਤੇ ਹਨ, ਉੱਥੇ ਹੀ ਦੂਜੇ ਪਾਸੇ ਇਸ ਫੈਸਲੇ ਵਿਰੁੱਧ ਮਜਬੂਰੀਵੱਸ ਪਿੰਡਾਂ ਦੇ ਕਿਸਾਨ 'ਬਾਗੀ' ਹੋ ਗਏ ਹਨ। ਕਿਸਾਨ ਵਰਗ ਦਾ ਤਰਕ ਹੈ ਕਿ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਿਸਾਨਾਂ ਕੋਲ ਪਰਾਲੀ ਨੂੰ ਜ਼ਮੀਨ 'ਚ ਮਿਲਾਉਣ ਵਾਲੀਆਂ ਆਧੁਨਿਕ ਮਸ਼ੀਨਾਂ ਅਤੇ ਹੋਰ ਸਾਜ਼ੋ-ਸਾਮਾਨ ਨਾ ਹੋਣ ਕਾਰਨ ਮਜਬੂਰੀਵੱਸ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ, ਜਿਸ ਕਾਰਨ ਪਿੰਡਾਂ ਦੇ ਕਿਸਾਨ ਜ਼ਰੂਰ ਪਰਾਲੀ ਨੂੰ ਸਾੜਨਗੇ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਜਾਣਕਾਰੀ ਪ੍ਰਸ਼ਾਸਨ ਤੱਕ ਪੁੱਜਦੀ ਕਰਨ ਲਈ ਲਾਈ ਗਈ ਡਿਊਟੀ ਕਰ ਕੇ ਪੰਚਾਇਤਾਂ ਵੀ ਇਸ ਮਾਮਲੇ 'ਚ 'ਕਸੂਤੀ' ਸਥਿਤੀ ਵਿਚ ਘਿਰ ਗਈਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਤੇ ਪ੍ਰਸ਼ਾਸਨ ਅਤੇ ਕਿਸਾਨਾਂ ਦੇ 'ਆਹਮੋ-ਸਾਹਮਣੇ' ਹੋਣ ਦੀ ਸਥਿਤੀ ਹੁਣ ਤੋਂ ਹੀ ਬਣ ਗਈ ਹੈ।
ਅੱਜ ਪਿੰਡ ਰੌਲੀ ਅਤੇ ਰਾਊਕੇ ਕਲਾਂ ਦੇ ਕਿਸਾਨਾਂ ਨੇ ਇਸ ਮਾਮਲੇ 'ਤੇ ਹੰਗਾਮੀ ਮੀਟਿੰਗ ਕਰ ਕੇ ਹਰ ਹਾਲ 'ਚ ਪਰਾਲੀ ਨੂੰ ਅੱਗ ਲਾਉਣ ਦਾ ਐਲਾਨ ਕਰ ਦਿੱਤਾ ਹੈ। ਪਿੰਡ ਰਾਊਕੇ ਕਲਾਂ ਦੇ ਕਿਸਾਨਾਂ ਨੇ ਤਾਂ ਪਿੰਡ 'ਚ ਇਕ ਪਰਾਲੀ ਦੇ ਖੇਤ ਨੂੰ ਅੱਗ ਲਾ ਕੇ ਐਲਾਨ ਕੀਤਾ ਕਿ ਇਸ ਮਾਮਲੇ 'ਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਤਾਂ ਪੂਰਾ ਪਿੰਡ ਉਸ ਕਿਸਾਨ ਦਾ ਸਾਥ ਦੇਵੇਗਾ। ਇਕੱਠ ਦੌਰਾਨ ਪਿੰਡ ਦੇ ਮੋਹਤਬਰਾਂ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕਿਸੇ 'ਇਕਾ-ਦੁੱਕਾ' ਕਿਸਾਨ ਦਾ ਨਹੀਂ ਹੈ ਸਗੋਂ ਪੂਰਾ ਪਿੰਡ ਇਸ ਮਾਮਲੇ 'ਤੇ ਇਕਜੁਟ ਹੈ।
ਇਸ ਸਬੰਧੀ ਪਿੰਡ ਰੌਲੀ ਵਿਖੇ ਇਕ ਮਤਾ ਪਾਸ ਕਰ ਕੇ ਪਰਾਲੀ ਨੂੰ ਅੱਗ ਲਾਉਣ ਦਾ ਫੈਸਲਾ ਕਰਦਿਆਂ ਕਿਸਾਨ ਸੇਵਕ ਸਿੰਘ, ਗੁਰਵਿੰਦਰ ਸਿੰਘ ਕੋਕੀ ਨੇ ਕਿਹਾ ਕਿ ਛੋਟੇ ਕਿਸਾਨ ਪਰਾਲੀ ਜ਼ਮੀਨ 'ਚ ਮਿਲਾਉਣ ਵਾਲੇ ਖੇਤੀ ਸੰਦ ਟਰੈਕਟਰ ਅਤੇ ਹੋਰ ਮਸ਼ੀਨਾਂ ਖਰੀਦਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਚਮੁੱਚ ਮਾਮਲੇ ਪ੍ਰਤੀ ਗੰਭੀਰ ਹੈ ਤਾਂ ਉਹ ਪਹਿਲਾਂ ਕਿਸਾਨਾਂ ਨੂੰ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਪਰਾਲੀ ਸੰਭਾਲ ਸਕਣ। ਇਸ ਸਥਿਤੀ 'ਚ ਕਿਸਾਨਾਂ ਵੱਲੋਂ ਪਰਾਲੀ ਸੰਭਾਲਣ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਕਿਸੇ ਕਿਸਾਨ ਦੇ ਖੇਤ 'ਚ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣ ਲਈ ਆਇਆ ਕਿ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਡਿਪਟੀ ਕਮਿਸ਼ਨਰ ਰਾਹੀਂ ਇਕ ਮੰਗ-ਪੱਤਰ ਪੰਜਾਬ ਸਰਕਾਰ ਨੂੰ ਭੇਜ ਕੇ ਕਿਸਾਨਾਂ ਨੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ 'ਚ ਪੰਚਾਇਤ ਦੇ ਨੁਮਾਇੰਦੇ ਅਤੇ ਪਿੰਡ ਵਾਸੀ ਹਾਜ਼ਰ ਸਨ।
ਪ੍ਰਵਾਸੀ ਪਤੀ ਨੇ ਪਤਨੀ ਨੂੰ ਛੱਡਿਆ ਪੇਕੇ, ਮੰਗਿਆ ਤਲਾਕ
NEXT STORY