ਨਾਭਾ (ਰਾਹੁਲ) : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਨਾਭਾ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ ਅਤੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਨੇ ਪਹੁੰਚ ਕੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ।

ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ ਸਮਰਥਨ ਲਈ ਵਕੀਲ ਭਾਈਚਾਰਾ ਵੀ ਨਾਲ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਜੋ ਕਾਲਾ ਕਾਨੂੰਨ ਕਿਸਾਨਾਂ 'ਤੇ ਮੜਿਆ ਜਾ ਰਿਹਾ ਹੈ, ਇਹ ਕਿਸੇ ਵੀ ਕੀਮਤ 'ਤੇ ਪੰਜਾਬ 'ਚ ਲਾਗੂ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਤਿੰਨ ਦਿਨ ਲਗਾਤਾਰ ਜਾਰੀ ਰਹੇਗਾ ਅਤੇ ਅਸੀਂ ਇਸ ਬਿੱਲ ਨੂੰ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ।

ਉਨ੍ਹਾਂ ਨੇ ਕਿਹਾ ਅਸੀਂ ਦਿਨ-ਰਾਤ ਇਹ ਧਰਨਾ ਜਾਰੀ ਰੱਖਾਂਗੇ। ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਡੀ. ਐੱਸ. ਪੀ. ਨਾਭਾ ਰਜੇਸ਼ ਛਿੱਬਰ ਨੇ ਕਿਹਾ ਕਿ ਵੱਖ-ਵੱਖ ਪੁਲਸ ਪਾਰਟੀਆਂ ਬਣਾਈਆਂ ਗਈਆਂ ਹਨ ਤਾਂ ਜੋ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇ।

ਇਸ ਮੌਕੇ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਸਾਰੇ ਪੰਜਾਬ ਦਾ ਵਕੀਲ ਭਾਈਚਾਰਾ ਮੋਦੀ ਸਰਕਾਰ ਦੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਹੈ। ਇਸ ਮੌਕੇ ਕਿਸਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ 'ਤੇ ਖੇਤੀ ਬਿੱਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ।

ਉਸ ਨੇ ਕਿਹਾ ਕਿ ਅੱਜ ਤਾਂ ਅਸੀਂ ਲਾਈਨਾਂ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪਰ ਆਉਣ ਵਾਲੇ ਸਮੇਂ 'ਚ ਦਿੱਲੀ ਜਾ ਕੇ ਵੀ ਰੋਡ ਜਾਮ ਕੀਤੇ ਜਾਣਗੇ ਅਤੇ ਇਸ ਕਾਲੇ ਕਾਨੂੰਨ ਨੂੰ ਵਾਪਸ ਲੈ ਕੇ ਹਟਾਂਗੇ।
ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ
NEXT STORY