ਫਾਜ਼ਿਲਕਾ (ਨਾਗਪਾਲ)- ਸੀਟੂ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁਲ ਹਿੰਦ ਕਿਸਾਨ ਸਭਾ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸ਼ੁਰੂ ਕੀਤੇ ਗਏ ਜੇਲ ਭਰੋ ਅੰਦੋਲਨ ਤਹਿਤ ਗ੍ਰਿਫਤਾਰੀਆਂ ਦੇਣ ਲਈ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਮੋਹਨ ਲਾਲ ਪੈਂਚਾਂਵਾਲੀ ਜ਼ਿਲਾ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਨੱਥਾ ਸਿੰਘ ਜ਼ਿਲਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ, ਵਣਜਾਰ ਸਿੰਘ ਕਿਸਾਨ ਸਭਾ, ਹਰਭਜਨ ਸਿੰਘ ਖੁੰਗਰ ਟਰੇਡ ਯੂਨੀਅਨ ਆਗੂ, ਕਾਲੂ ਰਾਮ ਪੰਜਾਬ ਪ੍ਰਧਾਨ ਡੀ. ਵਾਈ. ਐੱਫ. ਆਈ. ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ, ਜਦਕਿ ਧਰਨੇ ਦੀ ਪ੍ਰਧਾਨਗੀ ਹਰਨਾਮ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਸਭਾ ਨੇ ਕੀਤੀ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ, ਕਿਸਾਨ, ਰਾਸ਼ਟਰ ਵਿਰੋਧੀ ਨੀਤੀਆਂ ਖਿਲਾਫ ਇਹ ਜੇਲ ਭਰੋ ਅੰਦੋਲਨ ਚਲਾਇਆ ਗਿਆ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਰਿਕਾਰਡ ਤੋਡ਼ ਮਹਿੰਗਾਈ ’ਤੇ ਨੱਥ ਪਾਈ ਜਾਵੇ, ਜ਼ਰੂਰੀ ਵਸਤੂਆਂ ਦੇ ਵਾਧਾ ਵਪਾਰ ’ਤੇ ਰੋਕ ਲਾਈ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਾਰਿਆਂ ਲੋਕਾਂ ਨੂੰ ਇਸ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਵੇ, ਬੇਰੋਜ਼ਗਾਰੀ ਦੂਰ ਕਰਨ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ, ਘੱਟ ਤੋਂ ਘੱਟ ਉਜਰਤ 18 ਹਜ਼ਾਰ ਰੁਪਏ ਮਹੀਨਾ ਤੇ 600 ਰੁਪਏ ਦਿਹਾਡ਼ੀ ਕੀਤੀ ਜਾਵੇ, ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਖੇਤ ਮਜ਼ਦੂਰਾਂ ਦੀ ਸਮਾਜਕ ਸੁਰੱਖਿਆ ਲਈ ਸਰਬਪੱਖੀ ਕੇਂਦਰੀ ਕਾਨੂੰਨ ਬਣਾਇਆ ਜਾਵੇ, ਮਗਨਰੇਗਾ ਦਾ ਘੇਰਾ ਸ਼ਹਿਰੀ ਖੇਤਰ ਤੱਕ ਵਧਾਉਣ ਲਈ ਤੁਰੰਤ ਕਾਨੂੰਨ ਬਣਾਇਆ ਜਾਵੇ, ਖੁਰਾਕ ਸੁਰੱਖਿਆ, ਸਿਹਤ, ਵਿੱਦਿਆ ਤੇ ਸਾਰਿਆਂ ਲਈ ਮਕਾਨਾਂ ਦੀ ਗਾਰੰਟੀ ਕੀਤੀ ਜਾਵੇ, ਸਾਰਿਆਂ ਕਿਰਤੀਆਂ ਦੀ ਸਮਾਜਕ ਸੁਰੱਖਿਆ ਯਕੀਨੀ ਬਣਾਈ ਜਾਵੇ, ਠੇਕਾ ਮਜ਼ਦੂਰ ਤੇ ਆਊਟਸੋਰਸਿੰਗ ’ਤੇ ਰੋਕ ਲਾਈ ਜਾਵੇ ਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਗਾਰੰਟੀ ਕੀਤੀ ਜਾਵੇ, ਤਿੱਖੇ ਭੂਮੀ ਸੁਧਾਰ ਕੀਤੇ ਜਾਣ ਤੇ ਭੂਮੀਹੀਣ ਲੋਕਾਂ ਨੂੰ ਜ਼ਮੀਨ ਦਿੱਤੀ ਜਾਵੇ, ਅਾਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ, ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਅਕਵਾਇਰ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਕੁਦਰਤੀ ਆਫਤਾਂ ਦੇ ਪੀਡ਼ਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਉਨ੍ਹਾਂ ਦੇ ਮੁਡ਼ ਵਸੇਵੇ ਦਾ ਪ੍ਰਬੰਧ ਕੀਤਾ ਜਾਵੇ, ਲੋਕ ਮਾਰੂ ਨੀਤੀਆਂ ਨੂੰ ਬਦਲ ਕੇ ਲੋਕ ਪੱਖੀ ਨੀਤੀਆਂ ਬਣਾਈਆਂ ਜਾਣ। ਇਸ ਮੌਕੇ ਹਾਜ਼ਰ ਯੂਨੀਅਨਾਂ ਦੇ ਮੈਂਬਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਜੇਲ ਭਰੋ ਅੰਦੋਲਨ ਨੂੰ ਸਫਲ ਬਣਾਉਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ।
ਸਸਪੈਂਡ ਕੀਤੇ ਅਧਿਆਪਕਾਂ ਨੂੰ ਬਹਾਲ ਕਰਵਾਉਣ ਲਈ ਫੂਕਿਆ ਮੁੱਖ ਮੰਤਰੀ ਦਾ ਪੁਤਲਾ
NEXT STORY