ਜਲੰਧਰ : ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਰਨਾਲਾ ਤੇ ਪਠਾਨਕੋਟ ਦੇ ਅਧੀਨ ਆਉਦੇਂ 6 ਟੋਲ ਪਲਾਜ਼ਿਆਂ 'ਤੇ 15 ਦਸੰਬਰ ਤੋਂ ਫਾਸਟੈਗ ਲਾਗੂ ਹੁੰਦੇ ਹੀ ਕਈ ਗੱਡੀ ਮਾਲਕਾਂ ਨੂੰ ਦੁੱਗਣਾ ਚਾਰਜ ਲੱਗਾ। ਇਸ ਲਈ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਗੱਡੀ 'ਚ ਨਿਕਲਣ ਵਾਲੇ ਹੋ ਤਾਂ ਫਾਸਟੈਗ ਲਗਵਾ ਕੇ ਅਤੇ ਇਸ ਨੂੰ ਰਿਚਾਰਜ ਕਰਵਾ ਕੇ ਹੀ ਚੱਲੋ। ਇਸ ਦੌਰਾਨ ਇਹ ਵੀ ਧਿਆਨ ਰੱਖੋ ਕਿ ਜੇਕਰ ਤੁਸੀਂ ਬਿਨਾਂ ਫਾਸਟੈਗ ਲੱਗਾ ਵਾਹਨ ਫਾਸਟੈਗ ਲੇਨ ਵਿਚੋਂ ਕੱਢਦੇ ਹੋ ਤਾਂ ਤੁਹਾਡੇ ਕੋਲੋਂ ਦੁੱਗਣਾ ਚਾਰਜ ਵਸੂਲਿਆ ਜਾਵੇਗਾ।
ਬੀਤੇ ਦਿਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਨਿਕਲਣ ਵਾਲੀਆਂ ਕਈ ਗੱਡੀਆਂ 'ਤੇ ਫਾਸਟੈਗ ਤਾਂ ਲੱਗਾ ਸੀ ਪਰ ਕਈਆਂ ਦੇ ਰਿਚਾਰਜ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਵੇ 'ਤੇ 2 ਕਿਲੋਮੀਟਰ ਤੋਂ ਜ਼ਿਆਦਾ ਲੰਬਾ ਜਾਮ ਲੱਗ ਗਿਆ। ਇਸੇ ਤਰ੍ਹਾਂ ਬਰਨਾਲਾ ਵਿਚ ਵੀ 2 ਕਿਲੋਮੀਟਰ ਲੰਬੀ ਲਾਈਨ ਲੱਗ ਗਈ। ਇੱਥੇ ਇਕ ਲਾੜੇ ਦੀ ਗੱਡੀ ਅਤੇ ਐਂਬੂਲੈਂਸ ਵੀ ਘੰਟਿਆਂ ਤੱਕ ਫਸੀ ਰਹੀ।
ਉਥੇ ਹੀ ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਬਿਨਾਂ ਫਾਸਟੈਗ ਲੱਗੇ ਵਾਹਨ ਫਾਸਟੈਗ ਲੇਨ ਵਿਚ ਪਹੁੰਚਣ 'ਤੇ ਚਾਲਕਾਂ ਤੋਂ ਡਬਲ ਪੈਸੇ ਵਸੂਲੇ ਗਏ। ਚਾਲਕ ਟੋਲ ਮੁਲਾਜ਼ਮਾਂ ਵਿਚ ਬਹਿਸ ਕਰਦੇ ਦੇਖੇ ਗਏ। ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਪਠਾਨਕੋਟ ਵਿਚ ਵੀ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਕਈ ਥਾਂਵਾਂ 'ਤੇ ਨੈੱਟਵਰਕ ਨਾ ਹੋਣ ਕਾਰਨ ਫਾਸਟੈਗ ਸਕੈਨ ਹੀ ਨਹੀਂ ਹੋਇਆ ਅਤੇ ਕਰਮਚਾਰੀਆਂ ਨੂੰ ਹੈਂਡ ਮਸ਼ੀਨ ਨਾਲ ਫਾਸਟੈਗ ਸਕੈਨ ਕਰਨਾ ਪਿਆ।
ਕਿੱਥੋਂ ਮਿਲੇਗਾ?
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਤੇ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ। ਖਰੀਦਦੇ ਸਮੇਂ ਅਸਲ ਕਾਪੀ ਵੀ ਜ਼ਰੂਰ ਨਾਲ ਰੱਖੋ।
ਹੋਰ ਜ਼ਰੂਰੀ ਗੱਲਾਂ-
- ਬਿਨਾਂ ਫਾਸਟੈਗ ਲੱਗਾ ਵਾਹਨ ਫਾਸਟੈਗ ਲੇਨ ਵਿਚ ਲੈ ਗਏ ਤਾਂ ਜੁਰਮਾਨਾ ਲੱਗੇਗਾ।
- ਸਰਕਾਰੀ ਅਫਸਰਾਂ ਲਈ, ਗੱਡੀਆਂ 'ਤੇ ਫਾਸਟੈਗ ਜ਼ਰੂਰੀ ਪਰ ਬੈਲੇਂਸ ਜੀਰੋ ਰਹੇਗਾ। ਨਾਲ ਅਧਿਕਾਰੀ ਅਤੇ ਚਾਲਕ ਨੂੰ 'ਟੋਲ ਫ੍ਰੀ ਵ੍ਹੀਕਲ' ਹੋਣ ਦਾ ਪ੍ਰਮਾਣ-ਪੱਤਰ ਅਤੇ ਸਰਕਾਰੀ ਆਈ.ਡੀ. ਕਾਰਡ ਦਿਖਾਉਣਾ ਹੋਵੇਗਾ।
- ਕਾਰਡ ਵਿਚ ਮਿਨੀਮਮ 100 ਰੁਪਏ ਜ਼ਰੂਰੀ
- ਐਨ.ਐਚ.ਏ.ਆਈ. ਨੇ 1033 ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ। ਜੇਕਰ ਕਿਸੇ ਦੇ ਪੈਸੇ ਟੋਲ ਪਲਾਜ਼ਾ 'ਤੇ ਗਲਤੀ ਨਾਲ 2 ਵਾਰ ਕੱਟੇ ਗਏ ਹਨ ਤਾਂ ਉਹ ਇਸ ਨੰਬਰ 'ਤੇ ਫੋਨ ਕਰਕੇ ਜਾਣਕਾਰੀ ਦੇ ਸਕਦਾ ਹੈ। ਨਾਲ ਹੀ ਵਾਹਨ ਚਾਲਕ ਨੂੰ ਪਰੂਫ ਦੇਣਾ ਹੋਵੇਗਾ ਕਿ ਉਸ ਦੇ ਪੈਸੇ ਟੋਲ ਪਲਾਜ਼ਾ 'ਤੇ 2 ਵਾਰ ਕੱਟੇ ਗਏ ਹਨ।
- ਟੋਲ ਪਲਾਜ਼ਾ ਦੇ 10 ਕਿਲੋਮੀਟਰ ਵਿਚ ਰਹਿੰਦੇ ਹੋ ਅਤੇ ਰੋਜ਼ਾਨਾ ਟੋਲ ਤੋਂ ਲੰਘਣਾ ਪੈਂਦਾ ਹੈ ਤਾਂ ਤੁਸੀਂ 235 ਰੁਪਏ ਦਾ ਮਹੀਨੇ ਦਾ ਪਾਸ ਬਣਵਾ ਸਕਦੇ ਹੋ। ਇਸ ਲਈ ਐਡਰੈੱਸ ਪਰੂਫ ਦੇਣਾ ਹੋਵੇਗਾ।
- ਫਾਸਟੈਗ ਵਿਚ 100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਪੁਆਏ ਜਾ ਸਕਦੇ ਹਨ। ਕਾਰਡ ਅਤੇ ਉਸ ਵਿਚ ਜਮ੍ਹਾ ਰੁਪਏ ਲਾਈਫ ਟਾਈਮ ਤੱਕ ਰਹਿਣਗੇ। ਕਾਰਡ ਖਰਾਬ ਹੋ ਜਾਣ 'ਤੇ 100 ਰੁਪਏ ਵਿਚ ਨਵਾਂ ਕਾਰਡ ਖਰੀਦਿਆ ਜਾ ਸਕਦਾ ਹੈ।
ਪਹਿਲਾਂ 50 ਜਿੰਮਾਂ ਦਾ ਸਾਮਾਨ ਪੂਰਾ ਲੱਗਿਆ ਨਹੀਂ, ਹੁਣ 50 ਕਿੱਥੇ ਲਾਵੇਗਾ ਨਿਗਮ
NEXT STORY