ਪਟਿਆਲਾ/ਬਾਰਨ (ਇੰਦਰਪ੍ਰੀਤ) - ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 2 ਮਹੀਨੇ ਪਹਿਲਾਂ ਪਾਸਪੋਰਟ ਕੇਂਦਰ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੜੇ ਹੀ ਜ਼ੋਰ-ਸ਼ੋਰ ਨਾਲ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਆਪਣਾ ਪਾਸਪੋਰਟ ਬਣਵਾਉਣ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਅਜੇ ਪਾਸਪੋਰਟ ਕੇਂਦਰ ਖੋਲ੍ਹੇ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਇਆ ਹੈ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਸਪੋਰਟ ਕੇਂਦਰ ਸ਼ਾਹੀ ਸ਼ਹਿਰ ਅੰਦਰ ਖੋਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਸੀ ਪਰ ਰਾਹਤ ਮਿਲਣ ਦੀ ਬਜਾਏ ਪ੍ਰੇਸ਼ਾਨੀਆਂ ਦਾ ਸਬੱਬ ਬਣ ਗਿਆ ਹੈ। ਲੋਕ ਆਪਣਾ ਪਾਸਪੋਰਟ ਬਣਵਾਉਣ ਲਈ ਚੰਡੀਗੜ੍ਹ ਜਾਣ ਲੱਗ ਪਏ ਹਨ। ਇਨ੍ਹਾਂ ਪ੍ਰੇਸ਼ਾਨੀਆਂ ਵਿਚ ਘਿਰੇ ਰਣਜੀਤ ਸਿੰਘ ਵਾਸੀ ਕਿਸਾਨ ਮਾਰਕੀਟ ਸਰਹਿੰਦ ਰੋਡ ਪਟਿਆਲਾ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਜਸਲੀਨ ਕੌਰ ਦਾ ਨਵਾਂ ਪਾਸਪੋਰਟ ਬਣਾਉਣ ਲਈ ਪਹਿਲਾਂ ਆਨ-ਲਾਈਨ ਅਪਲਾਈ ਕੀਤਾ ਸੀ। ਇਸ ਦੌਰਾਨ 16-11-2017 ਤਰੀਕ ਨੂੰ ਪਟਿਆਲਾ ਪਾਸਪੋਰਟ ਕੇਂਦਰ ਵਿਖੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਸੀ। ਇਸੇ ਅਧੀਨ ਰਣਜੀਤ ਨੇ ਮਿਤੀ 16-11-2017 ਨੂੰ ਆਪਣੀ ਬੇਟੀ ਨੂੰ ਨਾਲ ਲਿਜਾ ਕੇ ਸਬੰਧਤ ਦਸਤਾਵੇਜ਼ ਪਾਸਪੋਰਟ ਦਫਤਰ ਵਿਖੇ ਜਮ੍ਹਾ ਵੀ ਕਰਵਾਏ ਸਨ। ਹੁਣ ਤਕਰੀਬਨ ਡੇਢ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪਟਿਆਲਾ ਦੇ ਪਾਸਪੋਰਟ ਕੇਂਦਰ ਵਿਖੇ ਵਾਰ-ਵਾਰ ਗੇੜੇ ਮਾਰਨ ਦੇ ਬਾਅਦ ਵੀ ਪਾਸਪੋਰਟ ਕੇਂਦਰ ਵਾਲਿਆਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ 'ਤੁਹਾਡਾ ਪਾਸਪੋਰਟ ਚੰਡੀਗੜ੍ਹ ਵਿਖੇ ਬਣੇਗਾ, ਤੁਸੀਂ ਉਥੇ ਜਾਓ।'
ਰਣਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਜ਼ਿਲੇ ਵਿਚ ਪਾਸਪੋਰਟ ਕੇਂਦਰ ਬਣਾਉਣਾ ਇਕ ਸ਼ਲਾਘਾਯੋਗ ਉੱਦਮ ਹੈ। ਉਨ੍ਹਾਂ ਦੀ ਸੋਚ ਸੀ ਕਿ ਉਨ੍ਹਾਂ ਦੇ ਜ਼ਿਲੇ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਦੂਰ ਨਾ ਜਾਣਾ ਪਵੇ। ਪਾਸਪੋਰਟ ਕੇਂਦਰ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪਾਸਪੋਰਟ ਬਣਾਉਣ ਲਈ ਦਫਤਰ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਸਪੋਰਟ ਬਣਾਉਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਅਤੇ ਆਪਣਾ ਪਾਸਪੋਰਟ ਆਸਾਨੀ ਨਾਲ ਬਣਵਾ ਸਕਣ।
ਸਿਟੀ ਬਿਊਟੀਫੁਲ 'ਚ ਗੰਨ ਪੁਆਇੰਟ 'ਤੇ ਧੜਾਧੜ ਲੁੱਟਾਂ-ਖੋਹਾਂ
NEXT STORY