ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਬਕਾ ਵਿਦਿਆਰਥਣ ਆਰਤੀ ਨੂੰ ਸਮਾਜ ਸੇਵਾ ਦੇ ਖੇਤਰ 'ਚ ਸ਼ਾਨਦਾਰ ਕੰਮ ਕਰਨ ਲਈ ਮੁੰਬਈ 'ਚ 'ਪ੍ਰਾਈਡ ਆਫ਼ ਯੰਗ ਹਿੰਦੁਸਤਾਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਬਕਾ ਵਿਦਿਆਰਥਣ ਆਰਤੀ ਨੂੰ ਸੈਸ਼ਨ 2023-2024 ਦੌਰਾਨ ਸਮਾਜ ਸੇਵਾ ਦੇ ਖੇਤਰ 'ਚ ਕੀਤੇ ਗਏ ਮਿਸਾਲੀ ਕੰਮਾਂ ਲਈ ਮੁੰਬਈ ਵਿਖੇ 'ਪ੍ਰਾਈਡ ਆਫ਼ ਯੰਗ ਹਿੰਦੁਸਤਾਨ ਐਵਾਰਡ 2025' ਨਾਲ ਸਨਮਾਨਿਤ ਕੀਤਾ ਗਿਆ ਹੈ।
3 ਜਨਵਰੀ ਤੋਂ 5 ਜਨਵਰੀ 2025 ਮੁੰਬਈ 'ਚ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ 2025 ਦੇ ਵਿੱਚ ਆਲ ਇੰਡੀਆ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਆਰਤੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 14 ਹੋਰ ਸਾਥੀ ਐਵਾਰਡੀਆਂ ਦੇ ਨਾਲ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ। ਇਹ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਸਮੁੱਚੇ ਚੰਡੀਗੜ੍ਹ ਲਈ ਮਾਣ ਵਾਲੀ ਗੱਲ ਹੈ। ਆਰਤੀ ਪਿਛਲੇ 8 ਸਾਲਾਂ ਤੋਂ ਸਮਾਜ ਦੀ ਆਵਾਜ਼ ਬਣ ਕੇ ਸਮਾਜ ਦੀ ਸੇਵਾ ਕਰ ਰਹੀ ਹੈ। ਆਰਤੀ ਨੇ ਰਾਸ਼ਟਰੀ ਸੇਵਾ ਯੋਜਨਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਮਹਿਲਾ ਸਸ਼ਕਤੀਕਰਨ, ਪਲਾਸਟਿਕ ਵੇਸਟ ਪ੍ਰਬੰਧਨ, ਖੂਨਦਾਨ ਕੈਂਪ, ਰੁੱਖ ਲਗਾਉਣ, ਵੋਟਿੰਗ ਜਾਗਰੂਕਤਾ, ਵਾਤਾਵਰਣ ਸੁਰੱਖਿਆ, ਸਵੱਛਤਾ, ਸਿੱਖਿਆ ਆਦਿ ਦੇ ਖੇਤਰਾਂ ਵਿੱਚ ਬਹੁਤ ਸਾਰੇ ਸਫ਼ਲ ਯਤਨ ਕੀਤੇ ਹਨ।
ਆਰਤੀ ਨੇ ਕਿਹਾ ਕਿ ਇਹ ਸਨਮਾਨ ਦੇਸ਼ ਦੇ ਉਨ੍ਹਾਂ ਸਮੂਹ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਨਿੱਜੀ ਜੀਵਨ ਤੋਂ ਇਲਾਵਾ ਆਪਣਾ ਸਾਰਾ ਜੀਵਨ ਸਮਾਜਿਕ ਕਾਰਜਾਂ ਅਤੇ ਦੇਸ਼ ਅਤੇ ਰਾਸ਼ਟਰ ਨਿਰਮਾਣ ਦੀ ਭਲਾਈ ਲਈ ਕੀਤੇ ਸੰਘਰਸ਼ਾਂ 'ਚ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਆਰਤੀ ਨੂੰ 'ਬੈਸਟ ਵਲੰਟੀਅਰ ਆਫ਼ ਦਾ ਈਅਰ ਐਵਾਰਡ', 'ਯੂਨੀਵਰਸਿਟੀ ਪੱਧਰ 'ਤੇ ਸਰਵੋਤਮ ਵਾਲੰਟੀਅਰ', 'ਰੋਲ ਆਫ਼ ਆਨਰ: ਪੰਜਾਬ ਯੂਨੀਵਰਸਿਟੀ' ਆਦਿ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਸ ਨਾਲ ਆਰਤੀ ਨੇ ਆਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਚੰਡੀਗੜ੍ਹ ਦਾ ਮਾਣ ਵਧਾਇਆ ਹੈ। ਸਾਨੂੰ ਸਾਰਿਆਂ ਨੂੰ ਮਾਣ ਹੈ ਅਤੇ ਅਸੀਂ ਉਸ ਦੇ ਉੱਜਵਲ ਭਵਿੱਖ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ।
ਦੱਸਣਯੋਗ ਹੈ ਕਿ ਵਿਦਿਆਰਥਣ ਆਰਤੀ ਨੇ ਸੈਸ਼ਨ 2016-2019 ਵਿਚ ਬੀ. ਏ. ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਸੈਸ਼ਨ 2018-19 ਲਈ ਵਿਭਾਗ ਦੀ ਪਹਿਲੀ ਚੁਣੀ ਹੋਈ ਮਹਿਲਾ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਇਲਾਵਾ, ਪੀ. ਯੂ. ਦੇ ਸਮਾਜ ਸ਼ਾਸਤਰ ਵਿਭਾਗ ਤੋਂ ਐੱਮ. ਏ. ਸਮਾਜ ਸ਼ਾਸਤਰ (2019-2021) ਵਿਚ ਕੀਤੀ। ਸੈਸ਼ਨ 2023-2024 ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੀ ਵਿਦਿਆਰਥਣ ਵਜੋਂ ਪੜ੍ਹਦੇ ਰਹੀ ਹੈ। ਇਸ ਬਾਰੇ ਆਰਤੀ ਨੇ ਗੱਲ ਕਰਦੇ ਦੱਸਿਆ ਕਿ ਕੈਂਪ ਦੌਰਾਨ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਤੇ ਆਪਣੀ ਟਾਈਮ ਮੈਨੇਜਮੈਂਟ ਨੂੰ ਬਰਕਰਾਰ ਰਖਿਆ। ਪੜ੍ਹਾਈ ਦੇ ਵਿਚ ਆਪਣੇ ਪ੍ਰੋਫੈਸਰਾਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਸਹਿਯੋਗ ਦਿਤਾ। ਆਰਤੀ ਯੂ. ਜੀ. ਸੀ. ਦੀ ਸਟੂਡੈਂਟ ਅੰਬੈਸਡਰ ਵਜੋਂ ਵੀ ਕੰਮ ਕਰ ਹੀ ਹੈ। ਆਰਤੀ ਫਾਜ਼ਿਲਕਾ, ਪੰਜਾਬ ਦੀ ਰਹਿਣ ਵਾਲੀ ਹੈ। ਆਰਤੀ ਨੇ ਕਿਹਾ ਕਿ ਸਿਟੀ ਬਿਊਟੀਫੁਲ ਨੂੰ ਹੋਰ ਸੋਹਣਾ ਬਣਾਉਣ ਲਈ ਪਲਾਸਟਿਕ ਵੇਸਟ ਮੈਨੇਜਮੈਂਟ ਪ੍ਰੋਗਰਾਮ ਵਿਚ ਐੱਮ. ਸੀ. ਨਾਲ ਮਿਲਕੇ ਵਲੰਟੀਅਰ ਵਜੋਂ ਕੰਮ ਕਰ ਰਹੀ ਹੈ।
ਪੰਜਾਬ ਦੇ ਹੋਟਲ ਦੇ ਕਮਰੇ 'ਚ ਇਸ ਹਾਲ 'ਚ ਨੌਜਵਾਨ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
NEXT STORY