ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਪਟਿਆਲਾ ਰੋਡ 'ਤੇ ਸਥਿਤ ਇਕ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਭਾਵੇਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਘਟਨਾ ਵਿਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੀ ਮੌਜੂਦਾ ਕੌਂਸਲਰ ਵਿੱਦਿਆ ਦੇਵੀ ਦੇ ਪੁੱਤਰ ਮਲਕੀਤ ਸਿੰਘ ਵਾਸੀ ਗਾਂਧੀਨਗਰ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਵੀ ਹਰ ਰੋਜ਼ ਦੀ ਤਰ੍ਹਾਂ ਉਹ ਕਰੀਬ 8 ਵਜੇ ਆਪਣੀ ਕਬਾੜ ਦੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਇਸ ਮਗਰੋਂ ਇਕ ਡੇਢ ਘੰਟੇ ਬਾਅਦ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਮਲਕੀਤ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੁਕਾਨ 'ਚ ਭਿਆਨਕ ਅੱਗ ਲੱਗੀ ਹੋਈ ਸੀ ਤੇ ਅੱਗ ਦੇ ਭਾਂਬੜ ਉੱਠ ਰਹੇ ਸਨ।
ਅੱਗ ਲੱਗਣ ਕਾਰਨ ਦੁਕਾਨ 'ਚ ਵੱਡੇ ਪੱਧਰ 'ਤੇ ਪਿਆ ਕਬਾੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੇ ਪਾਣੀ ਦੇ ਟੈਂਕਰਾਂ ਦੀ ਮੱਦਦ ਨਾਲ ਅੱਧੀ ਰਾਤ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਦੁਕਾਨਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਅੱਗ ਦੀ ਇਸ ਘਟਨਾ ਕਾਰਨ ਉਸ ਦਾ 10 ਤੋਂ 11 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਧਰ, ਘਟਨਾ 'ਤੇ ਗਹਿਰਾ ਅਫਸੋਸ ਜ਼ਾਹਿਰ ਕਰਦਿਆਂ ਕਾਂਗਰਸੀ ਕੌਂਸਲਰ ਸੰਜੀਵ ਲਾਲਕਾ ਤੇ ਵਿਦਿਆ ਦੇਵੀ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੜਕ ਪਾਰ ਕਰ ਰਹੀ ਬੱਚੀ ਨੂੰ ਆਟੋ ਨੇ ਮਾਰੀ ਟੱਕਰ, ਮੌਤ
NEXT STORY