ਫਿਰੋਜ਼ਪੁਰ (ਮਲਹੋਤਰਾ) - ਸ਼ੇਰ ਸਿੰਘ ਘੁਬਾਇਆ ਦੀ ਹਾਰ ਦੇ ਪਿਛੇ ਜਿਥੇ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਮੰਨੀ ਜਾ ਰਹੀ ਹੈ, ਜੋ ਪਿਛਲੇ 34 ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਸ ਸੀਟ ਤੋਂ ਕਾਂਗਰਸ ਪਾਰਟੀ ਦੇ ਉੱਘੇ ਆਗੂ ਮੁੱਧੇ ਮੂੰਹ ਡਿੱਗ ਚੁੱਕੇ ਹਨ, ਜਿਨ੍ਹਾਂ 'ਚ 2 ਵਾਰ ਸੁਨੀਲ ਜਾਖੜ, 2 ਵਾਰ ਜਗਮੀਤ ਸਿੰਘ ਬਰਾੜ ਅਤੇ ਹੰਸ ਰਾਜ ਜੋਸਨ ਸ਼ਾਮਲ ਹਨ ਪਰ ਸ਼ੇਰ ਸਿੰਘ ਘੁਬਾਇਆ ਦੀ ਹਾਰ ਦੇ ਪਿੱਛੇ ਉਨ੍ਹਾਂ ਦੀ ਰਾਏ ਸਿੱਖ ਬਰਾਦਰੀ ਵਲੋਂ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਇਸ ਦਾ ਕਾਰਨ ਭਾਵੇਂ ਸ਼੍ਰੋਮਣੀ-ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰਨਾ ਮੰਨਿਆ ਜਾ ਰਿਹਾ ਹੋਵੇ ਜਾਂ ਫਿਰ ਜਲਾਲਾਬਾਦ ਅਤੇ ਫਾਜ਼ਿਲਕਾ ਤੋਂ ਘੁਬਾਇਆ ਪਰਿਵਾਰ ਦੀ ਧੱਕੇਸ਼ਾਹੀ ਮੰਨੀ ਜਾਵੇ, ਕਿਉਂਕਿ ਕੰਬੋਜ ਬਰਾਦਰੀ ਦੇ ਆਗੂ ਅਤੇ ਆਮ ਲੋਕਾਂ ਦਾ ਅਕਸਰ ਇਹ ਦੋਸ਼ ਰਿਹਾ ਹੈ ਕਿ ਘੁਬਾਇਆ ਬਰਾਦਰੀਵਾਦ ਨੂੰ ਵਧਾ ਕੇ ਕੰਬੋਜ ਬਰਾਦਰੀ ਦੇ ਕਈ ਲੋਕਾਂ 'ਤੇ ਪਰਚੇ ਦਰਜ ਕਰਵਾ ਰਹੇ ਹਨ।
ਇਸ ਪੂਰੇ ਮਾਮਲੇ 'ਚ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਫਾਜ਼ਿਲਕਾ ਤੋਂ ਘੁਬਾਇਆ ਦਾ ਸਪੁੱਤਰ ਦਵਿੰਦਰ ਘੁਬਾਇਆ ਵਿਧਾਇਕ ਹੈ, ਜਿਥੋ ਸੁਖਬੀਰ ਬਾਦਲ ਨੂੰ 29011 ਵੋਟਾਂ ਦੀ ਵੱਡੀ ਲੀਡ ਮਿਲੀ। ਦਵਿੰਦਰ ਘੁਬਾਇਆ ਆਪਣੇ ਇਲਾਕੇ 'ਚ ਹੀ ਆਪਣੇ ਬਾਪ ਦੀ ਲੀਡ ਬਚਾਉਣ 'ਚ ਫੇਲ ਸਾਬਤ ਹੋਇਆ। ਲੋਕਾਂ ਨੇ ਪਿਉ-ਪੁੱਤਰ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਇੰਨਾ ਹੀ ਨਹੀਂ ਜਲਾਲਾਬਾਦ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਡੰਕੇ ਦੀ ਚੋਟ 'ਤੇ ਕਹਿੰਦੇ ਸਨ ਕਿ ਜਲਾਲਾਬਾਦ ਤੋਂ ਉਹ 40 ਹਜ਼ਾਰ ਵੋਟਾਂ ਦੀ ਲੀਡ ਲੈ ਕੇ ਚੱਲ ਰਹੇ ਹਨ ਪਰ ਘੁਬਾਇਆ ਦੇ ਘਰ ਜਲਾਲਾਬਾਦ ਤੋਂ ਹੀ ਸੁਖਬੀਰ ਬਾਦਲ ਨੇ 30913 ਵੋਟਾਂ ਦੀ ਲੀਡ ਲੈ ਲਈ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਜੋ ਖੁਦ ਗੁਰਦਾਸਪੁਰ ਤੋਂ ਹਾਰ ਗਏ ਹਨ, ਉਨ੍ਹਾਂ ਦੇ ਘਰ ਅਬੋਹਰ ਤੋਂ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ ਅਤੇ ਲੋਕਾਂ ਨੇ ਬਾਦਲ ਨੂੰ 26429 ਵੋਟਾਂ ਦਾ ਵਾਧਾ ਦੁਆਇਆ ਹੈ। ਜਲਾਲਾਬਾਦ ਇਕ ਵਾਰ ਫਿਰ ਚੋਣਾਂ ਦੇ ਮਾਹੌਲ 'ਚ ਪੁੱਜਣ ਜਾ ਰਿਹਾ ਹੈ, ਕਿਉਂਕਿ ਸੁਖਬੀਰ ਦੇ ਐੱਮ. ਪੀ. ਬਣਨ ਤੋਂ ਬਾਅਦ ਵਿਧਾਨ ਸਭਾ ਦੀ ਇਹ ਸੀਟ ਖਾਲੀ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਉਥੋਂ ਦੋਬਾਰਾ ਸ਼ੇਰ ਸਿੰਘ ਘੁਬਾਇਆ 'ਤੇ ਦਾਅ ਖੇਡੇਗੀ ਜਾਂ ਫਿਰ ਕਿਸੇ ਨਵੇਂ ਚਿਹਰੇ ਨੂੰ ਚੋਣ ਲੜਾਏਗੀ। ਫਿਲਹਾਲ ਚੋਣ ਨਤੀਜਿਆਂ ਤੋਂ ਬਾਅਦ ਘੁਬਾਇਆ ਪਰਿਵਾਰ ਰਾਜਨੀਤੀ ਅਤੇ ਕਾਂਗਰਸ ਪਾਰਟੀ ਵਿਚ ਬੈਕਫੁੱਟ 'ਤੇ ਆ ਗਿਆ ਹੈ।
ਡਿੰਪਾ ਨੇ ਅਕਾਲੀਆਂ ਦਾ ਪੰਥਕ ਕਿਲਾ ਕੀਤਾ ਢਹਿ ਢੇਰੀ
NEXT STORY