ਤਿਉਹਾਰੀ ਸੀਜ਼ਨ 'ਚ ਕਰਦੇ ਹਨ ਸਾਲ ਭਰ ਦੀ ਰੋਟੀ ਦਾ ਜੁਗਾੜ
ਸੰਗਤ ਮੰਡੀ(ਮਨਜੀਤ)-ਦੀਵਾਲੀ ਦੀ ਆਮਦ ਦੇ ਮੱਦੇਨਜ਼ਰ ਮਿੱਟੀ ਦੇ ਬਰਤਨ ਬਣਾਉਣ ਦਾ ਕੰਮ ਕਰਨ ਵਾਲੇ ਕਾਰੀਗਰਾਂ ਨੇ ਦੀਵੇ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ। ਦੀਵੇ ਬਣਾਉਣ 'ਚ ਇਨ੍ਹਾਂ ਕਾਰੀਗਰਾਂ ਦਾ ਸਾਥ ਪਰਿਵਾਰ ਦੇ ਦੂਸਰੇ ਮੈਂਬਰ ਵੀ ਦੇ ਰਹੇ ਹਨ। ਸਥਾਨਕ ਮੰਡੀ ਦੇ ਦੀਵੇ ਬਣਾਉਣ ਵਾਲੇ ਗੋਪੀ ਰਾਮ ਨੇ ਦੱਸਿਆ ਕਿ ਦੀਵਾਲੀ ਦੇ ਦਿਨ ਉਨ੍ਹਾਂ ਲਈ ਬਹੁਤ ਅਹਿਮ ਹੁੰਦੇ ਹਨ। ਤਿਉਹਾਰਾਂ ਦੇ ਇਸ ਮਹੀਨੇ 'ਚ ਉਨ੍ਹਾਂ ਸਾਲ ਭਰ ਦੀ ਰੋਟੀ ਦਾ ਜੁਗਾੜ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਿਜਲੀ ਵਾਲੀਆਂ ਲੜੀਆਂ ਕਾਰਨ ਉਨ੍ਹਾਂ ਦੇ ਰੁਜ਼ਗਾਰ ਨੂੰ ਮਾਰ ਪਈ ਹੈ ਪਰ ਫਿਰ ਵੀ ਉਨ੍ਹਾਂ ਦਾ ਧੰਦਾ ਠੀਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲੀ ਮਿੱਟੀ ਮੁਸ਼ਕਲ ਨਾਲ ਦੂਰੋਂ ਮਿਲਣ ਕਾਰਨ ਦੀਵੇ ਬਣਾਉਣ ਦਾ ਕੰਮ ਕਾਫੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਿੱਟੀ ਮਿਲਣ ਤੋਂ ਬਾਅਦ ਵੀ ਉਸ ਨੂੰ ਥਾਪੇ ਨਾਲ ਕੁੱਟ-ਕੁੱਟ ਕੇ ਸੁਰਮੇ ਵਰਗੀ ਕਰਨਾ ਪੈਂਦਾ ਹੈ, ਫਿਰ ਦਸ ਦਿਨ ਪਾਣੀ 'ਚ ਭਿਓਂ ਕੇ ਰੱਖਣ ਤੋਂ ਬਾਅਦ ਗੁੰਨ੍ਹਣਾ ਤੇ ਉਸ ਤੋਂ ਬਾਅਦ ਮਿੱਟੀ ਨੂੰ ਚੱਕ 'ਤੇ ਚੜ੍ਹਾ ਕੇ ਦੀਵੇ ਬਣਾਉਣ ਲਈ ਕਾਫੀ ਸਮਾਂ ਲੱਗਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਬਿਜਲੀ 'ਤੇ ਚੱਲਣ ਵਾਲੇ ਚੱਕ ਆ ਗਏ ਹਨ ਤੇ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਉਨ੍ਹਾਂ ਦਾ ਕੰਮ ਵੀ ਨਾਲ ਹੀ ਰੁੱਕ ਜਾਂਦਾ ਹੈ। ਗਿੱਲੇ ਦੀਵਿਆਂ ਨੂੰ ਸੁਕਾਅ ਕੇ ਆਵੀ 'ਚ ਪਕਾਇਆ ਜਾਂਦਾ ਹੈ। ਦੀਵੇ ਬਣਾਉਣ ਵਾਲੇ ਇਕ ਹੋਰ ਕਾਰੀਗਰ ਨੇ ਦੱਸਿਆ ਕਿ ਅਧੁਨਿਕ ਯੁੱਗ 'ਚ ਹੁਣ ਜ਼ਿਆਦਾਤਰ ਸ਼ਹਿਰੀ ਲੋਕ ਮਿੱਟੀ ਵਾਲੇ ਦੀਵਿਆਂ ਦੀ ਥਾਂ 'ਤੇ ਬਿਜਲੀ ਲੜੀਆਂ ਜ਼ਿਆਦਾ ਪਸੰਦ ਕਰਦੇ ਹਨ ਪਰ ਪਿੰਡਾਂ 'ਚ ਹਾਲੇ ਇਹ ਰੁਝਾਨ ਘੱਟ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲੀ ਜਾਂਦੀ ਹੈ।
ਸੇਖਪੁਰਾ ਦੀ ਕੋਆਪ੍ਰੇਟਿਵ ਬੈਂਕ 'ਚ ਚੋਰੀ ਦੀ ਕੋਸ਼ਿਸ਼
NEXT STORY