ਸੁਨਾਮ ਊਧਮ ਸਿੰਘ ਵਾਲਾ, (ਮੰਗਲਾ)— ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਦੇ ਦਾਅਵੇ ਕਰ ਰਹੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ ਦਾ ਘਿਨਾਉਣਾ ਚਿਹਰਾ ਚੰਗਾਲੀਵਾਲਾ ਕਾਂਡ ਨੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਪੁਲਸ ਵੀ ਪੂਰੀ ਤਰ੍ਹਾਂ ਬੇਨਕਾਬ ਹੋਈ ਪਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੁਨਾਮ-ਲਹਿਰਾ ਰੋਡ 'ਤੇ ਦਿੱਤੇ ਗਏ ਧਰਨੇ ਵਿਚ ਸ਼ਾਮਿਲ ਹੋਣ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ।
ਅਰੋੜਾ ਨੇ ਕਿਹਾ ਕਿ ਜੱਗੂ ਨਾਲ ਦਰਿੰਦਗੀ ਇੱਥੋਂ ਤੱਕ ਦਿਖਾਈ ਗਈ ਕਿ ਜਦੋਂ ਉਸ ਨੂੰ ਪਿੱਲਰ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ ਤਾਂ ਉਸ ਵੱਲੋਂ ਪੀਣ ਲਈ ਪਾਣੀ ਮੰਗਣ 'ਤੇ ਉਸ ਨੂੰ ਪਿਸ਼ਾਬ ਤੱਕ ਪਿਲਾਇਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੱਗੂ ਦੀ ਪੀ.ਜੀ.ਆਈ. ਵਿਖੇ ਜਾ ਕੇ ਮੌਤ ਹੋ ਗਈ।
ਸ਼੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਅਕਾਲੀਆਂ ਦੀ ਸ਼ਰੇਆਮ ਗੁੰਡਾਗਰਦੀ ਦਾ ਸੰਤਾਪ ਹੰਢਾਉਂਦੇ ਰਹੇ ਅਤੇ ਹੁਣ ਕਾਂਗਰਸ ਪਾਰਟੀ ਦੇ ਰਾਜ ਵਿਚ ਉਹੀ ਗੁੰਡਾਗਰਦੀ ਅਤੇ ਹੈਵਾਨਗੀ ਦਾ ਮਾਹੌਲ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਜੰਗਲ ਰਾਜ ਤੋਂ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਏ।
'ਆਪ' ਆਗੂ ਅਮਨ ਅਰੋੜਾ ਨੇ ਮੀਡੀਆ ਰਾਹੀਂ ਮੰਗ ਕੀਤੀ ਕਿ ਗਰੀਬ ਅਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮ੍ਰਿਤਕ ਜਗਮੇਲ ਸਿੰਘ ਜੱਗੂ ਦੇ ਨਾਲ ਜੱਗੋਂ ਤੇਰ੍ਹਵੀਂ ਕਰਨ ਵਾਲੇ ਗੁੰਡਿਆਂ ਖਿਲਾਫ਼ ਪੰਜਾਬ ਪੁਲਸ ਜਲਦ ਤੋਂ ਜਲਦ ਚਲਾਨ ਪੇਸ਼ ਕਰੇ ਅਤੇ ਉਨ੍ਹਾਂ ਖਿਲਾਫ਼ ਫਾਸਟ ਟਰੈਕ ਕੋਰਟਾਂ ਵਿਚ ਕੇਸ ਚਲਾ ਕੇ ਫਾਂਸੀ 'ਤੇ ਲਟਕਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।
ਮਾਨਸਾ 'ਚ ਬਣਿਆ ਹਰਿਆਵਲ ਪਾਰਕ ਬਣ ਰਿਹੈ ਲੋਕਾਂ ਦੀ ਖਿੱਚ ਦਾ ਕੇਂਦਰ
NEXT STORY