ਫਿਲੌਰ, (ਭਾਖੜੀ) : ਸ਼ਰਾਬ ਦੇ ਨਸ਼ੇ 'ਚ ਟੱਲੀ ਵਿਅਕਤੀ ਜਦੋਂ ਘਰ 'ਚ ਰਾਤ ਨੂੰ ਸੌਣ ਤੋਂ ਪਹਿਲਾਂ ਬੀੜੀ ਪੀਣ ਲੱਗਾ ਤਾਂ ਉਸ ਦੇ ਬਿਸਤਰੇ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ 65 ਫੀਸਦੀ ਤੱਕ ਝੁਲਸ ਗਿਆ। ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਮੁਤਾਬਕ ਮਰੀਜ਼ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਨੇੜਲੇ ਪਿੰਡ ਗੰਨਾ ਪਿੰਡ ਦੇ ਰਹਿਣ ਵਾਲੇ ਧਰਮਿੰਦਰ ਉਮਰ 30 ਸਾਲ ਪੁੱਤਰ ਤਿਲਕ ਰਾਜ ਜੋ ਕਿ ਪੱਲੇਦਾਰੀ ਦਾ ਕੰਮ ਕਰਦਾ ਹੈ, ਦੀ ਪਤਨੀ ਰਜਨੀ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਸ ਦਾ ਪਤੀ ਕੰਮ ਤੋਂ ਘਰ ਵਾਪਸ ਮੁੜਿਆ ਤਾਂ ਉਸ ਨੇ ਸ਼ਰਾਬ ਪੀ ਰੱਖੀ ਸੀ, ਜਿਸ ਦੇ ਚੱਲਦੇ ਉਹ ਖਾਣਾ ਖਾਣ ਤੋਂ ਬਾਅਦ ਸੌਣ ਲਈ ਕਮਰੇ 'ਚ ਚਲਾ ਗਿਆ ਅਤੇ ਉਹ ਆਪਣੀਆਂ ਦੋਵੇਂ ਬੇਟੀਆਂ ਦੇ ਨਾਲ ਦੂਜੇ ਕਮਰੇ 'ਚ ਸੌਣ ਚਲੀ ਗਈ।
ਰਾਤ ਕਰੀਬ 10 ਵਜੇ ਉਸ ਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਦੇ ਨਾਲ ਉਸ ਦੇ ਕਮਰੇ 'ਚੋਂ ਵੀ ਧੂੰਆਂ ਆਉਣ ਲੱਗਾ ਤਾਂ ਉਹ ਆਪਣੇ ਬਿਸਤਰੇ ਤੋਂ ਉੱਠ ਕੇ ਜਿਵੇਂ ਹੀ ਬਾਹਰ ਨਿਕਲੀ ਤਾਂ ਉਸ ਨੇ ਦੇਖਿਆ ਕਿ ਉਹ ਧੂੰਆਂ ਜਿਸ ਕਮਰੇ 'ਚ ਉਸ ਦਾ ਪਤੀ ਧਰਮਿੰਦਰ ਸੌਂ ਰਿਹਾ ਸੀ, ਉੱਥੋਂ ਨਿਕਲ ਰਿਹਾ ਹੈ। ਜਿਵੇਂ ਹੀ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਦਾ ਮੰਜਰ ਦੇਖ ਕੇ ਦੰਗ ਰਹਿ ਗਈ। ਪੂਰਾ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ ਅਤੇ ਅੱਗ ਦੇ ਭਾਂਬੜਾਂ 'ਚ ਘਿਰਿਆ ਉਸ ਦਾ ਪਤੀ ਬੇਹੋਸ਼ ਬਿਸਤਰ 'ਤੇ ਪਿਆ ਸੀ। ਘਰ 'ਚ ਸਿਰਫ ਉਸ ਦੀ ਬਿਰਧ ਸੱਸ ਸੀ। ਪਤੀ ਨੂੰ ਬਚਾਉਣ ਲਈ ਉਸ ਨੇ ਚੀਕ-ਚੀਕ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਕੁਝ ਗੁਆਂਢੀ ਉਨ੍ਹਾਂ ਦੇ ਘਰ ਪੁੱਜੇ, ਜਿਨ੍ਹਾਂ ਨੇ ਪਾਣੀ ਨਾਲ ਅੱਗ ਬੁਝਾ ਕੇ ਉਸ ਦੇ ਪਤੀ ਨੂੰ ਬਾਹਰ ਕੱਢਿਆ। ਉਦੋਂ ਤੱਕ ਉਸ ਦਾ ਪਤੀ ਪੂਰਾ ਸੜ ਚੁੱਕਾ ਸੀ, ਜਿਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਦੇ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਹੈ। ਸਵੇਰ ਹੋਸ਼ 'ਚ ਆਉਣ ਤੋਂ ਬਾਅਦ ਧਰਮਿੰਦਰ ਨੇ ਦੱਸਿਆ ਕਿ ਉਸ ਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਉਸ ਨੇ ਰਾਤ ਨੂੰ ਸੋਂਦੇ ਸਮੇਂ ਬੀੜੀ ਜਲਾਈ ਸੀ। ਉਸ ਤੋਂ ਬਾਅਦ ਉਸ ਨੂੰ ਖੁਦ ਨਹੀਂ ਪਤਾ ਕਿ ਕੀ ਹੋਇਆ ਤੇ ਕਿਵੇਂ ਹੋਇਆ।
ਅੰਮ੍ਰਿਤਸਰ 'ਚ ਦਾਖਲ ਹੁਸ਼ਿਆਰਪੁਰ ਦੇ ਅਸ਼ੋਕ ਕੁਮਾਰ ਨੇ ਦਿੱਤੀ 'ਕੋਰੋਨਾ' ਨੂੰ ਮਾਤ
NEXT STORY