ਜਲੰਧਰ (ਅਨਿਲ ਪਾਹਵਾ) : ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ’ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਧਿਕਾਰ ਮਿਲੇ ਹਨ ਕਿ ਹਰਿਆਣਾ ’ਚ ਗੁਰਦੁਆਰਿਆਂ ਦੀ ਦੇਖਭਾਲ ਦਾ ਕੰਮ ਇਹ ਕਮੇਟੀ ਕਰੇਗੀ। ਇਸ ਦੇ ਲਈ ਆਉਣ ਵਾਲੇ ਸਮੇਂ ’ਚ ਕਮੇਟੀ ਦਾ ਪ੍ਰਧਾਨ ਚੁਣਿਆ ਜਾਵੇਗਾ, ਜੋ ਇਸ ਪੂਰੀ ਵਿਵਸਥਾ ਨੂੰ ਚਲਾਏਗਾ। ਇਸ ਪੂਰੇ ਮਾਮਲੇ ’ਚ ਅਹਿਮ ਭੂਮਿਕਾ ਨਿਭਾਉਣ ’ਚ ਐਡਹਾਕ ਕਮੇਟੀ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਦੇ ਪਿੱਛੇ ਦੀਦਾਰ ਸਿੰਘ ਨਲਵੀ ਦੀ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ਨੇ ਸਾਲਾਂ ਤੱਕ ਇਹ ਲੜਾਈ ਲੜੀ ਹੈ ਅਤੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੇ ਮੁੱਖ ਦਾਅਵੇਦਾਰਾਂ ’ਚੋਂ ਇਕ ਹਨ, ਨੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਾਅਵਾ ਕੀਤਾ ਕਿ ਹਰਿਆਣਾ ਦੇ ਸਿੱਖ ਗੁਰਦੁਆਰਿਆਂ ਦੀ ਵਿਵਸਥਾ ’ਚ ਸੁਧਾਰ ਕੀਤਾ ਜਾਵੇਗਾ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼ :-
ਇਸ ਮੂਵਮੈਂਟ ਦੀ ਸ਼ੁਰੂਆਤ ਕਿਵੇਂ ਹੋਈ?
1997 ’ਚ ਮੈਂ ਰਿਟਾਇਰਮੈਂਟ ਤੋਂ ਬਾਅਦ ਯੋਜਨਾ ਬਣਾਈ ਸੀ ਕਿ ਜਿਸ ਤਰ੍ਹਾਂ ਪੰਜਾਬ ਅਤੇ ਦਿੱਲੀ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸੇ ਤਰ੍ਹਾਂ ਹਰਿਆਣਾ ਵਿਚ ਵੱਖਰੀ ਪ੍ਰਬੰਧਕ ਕਮੇਟੀ ਬਣਾਈ ਜਾਵੇ, ਜੋ ਹਰਿਆਣਾ ’ਚ ਸਥਿਤ ਸਿੱਖ ਗੁਰਦੁਆਰਿਆਂ ਦੀ ਦੇਖ-ਰੇਖ ਕਰ ਸਕੇ। ਇਸ ਸਬੰਧ ’ਚ ਮੈਂ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਸਾਰਿਆਂ ਨੇ ਸਮਰਥਨ ਕੀਤਾ। ਸਹਿਯੋਗੀਆਂ ਨੇ ਜਿਸ ਤਰ੍ਹਾਂ ਨਾਲ ਸਮਰਥਨ ਦਿੱਤਾ ਅਤੇ ਉਤਸ਼ਾਹ ਮਿਲਿਆ ਅਤੇ ਇਸ ਸਬੰਧ ’ਚ ਕੰਮ ਸ਼ੁਰੂ ਕਰ ਦਿੱਤਾ। ਇਕੱਲੇ ਘਰ ਨੂੰ ਚੱਲੇ ਸੀ ਅਤੇ ਕਾਫਿਲਾ ਜੁੜ ਗਿਆ। 2004 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਗਈਆਂ। ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅਤੇ ਐੱਸ. ਜੀ. ਪੀ. ਸੀ. ਖਿਲਾਫ ਚੋਣ ਲੜੀ। ਕੁੱਲ 11 ਸੀਟਾਂ ਸਨ, ਜਿਨ੍ਹਾਂ ’ਚੋਂ ਅਸੀਂ 7 ਸੀਟਾਂ ਜਿੱਤ ਲਈਆਂ। ਸਾਨੂੰ 78 ਫੀਸਦੀ ਵੋਟਾਂ ਮਿਲੀਆਂ, ਜਿਸ ਨੇ ਸਾਡਾ ਉਤਸ਼ਾਹ ਵਧਾ ਦਿੱਤਾ। ਸਾਡੇ ਕੋਲ ਇਨਫ੍ਰਾਸਟਰੱਕਚਰ ਸੀ ਅਤੇ ਸਭ ਤੋਂ ਵੱਡੀ ਗੱਲ ਕਿ ਸਾਨੂੰ ਲੋਕਾਂ ਦਾ ਸਮਰਥਨ ਹਾਸਲ ਸੀ।
ਲੋਕ ਚਾਹੁੰਦੇ ਸਨ ਕਿ ਹਰਿਆਣਾ ਦੇ ਸਾਰੇ ਗੁਰਦੁਆਰਿਆਂ ਦੀ ਦੇਖ-ਰੇਖ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਹਰਿਆਣਾ ਵਿਚ ਕਰੀਬ 6000 ਏਕੜ ਜ਼ਮੀਨ ਗੁਰਦੁਆਰਿਆਂ ਦੇ ਅਧੀਨ ਹੈ ਅਤੇ ਇੱਥੋਂ ਦੀ ਗੋਲਕ ’ਚ ਆਉਣ ਵਾਲਾ ਚੜ੍ਹਾਵਾ ਵੀ ਐੱਸ. ਜੀ. ਪੀ. ਸੀ. ਦੀ ਦਖਲਅੰਦਾਜ਼ੀ ਕਾਰਨ ਅੰਮ੍ਰਿਤਸਰ ਚਲਾ ਜਾਂਦਾ ਸੀ। ਐੱਸ. ਜੀ. ਪੀ. ਸੀ. ਇਸ ਪੈਸੇ ਦੀ ਵਰਤੋਂ ਆਪਣੇ ਧਾਰਮਿਕ ਕੰਮਾਂ ਦੇ ਨਾਲ-ਨਾਲ ਰਾਜਨੀਤਿਕ ਕੰਮਾਂ ਲਈ ਵੀ ਕਰ ਰਹੀ ਸੀ, ਜਦਕਿ ਹਰਿਆਣਾ ਦੇ ਗੁਰਦੁਆਰਿਆਂ ’ਤੇ ਉਨ੍ਹਾਂ ਦੇ ਵਿਕਾਸ ਲਈ ਇਹ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ ਸੀ। ਇਸ ਦੀ ਵੱਡੀ ਉਦਾਹਰਣ ਹੈ ਬੜੀ ਬਦਰਪੁਰ ਦਾ ਗੁਰਦੁਆਰਾ ਸਾਹਿਬ, ਜਿੱਥੇ ਸਥਿਤੀ ਬੇਹੱਦ ਖਰਾਬ ਸੀ, ਮੈਂ ਖੁਦ ਉਸ ਥਾਂ ਗਿਆ ਸੀ। ਕਰੀਬ 32 ਏਕੜ ਜ਼ਮੀਨ ਹੈ ਉਸ ਗੁਰਦੁਆਰਾ ਸਾਹਿਬ ਦੀ, ਜਿਸ ਦੀ ਦੇਖ-ਰੇਖ ਨਹੀਂ ਹੋ ਰਹੀ ਸੀ। ਮੈਂ ਨਿੱਜੀ ਤੌਰ ’ਤੇ ਉਸ ਸਮੇਂ ਦੀ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਕੋਲ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਦੀ ਬਦਹਾਲੀ ਦੀ ਦਾਸਤਾਨ ਸੁਣਾਈ। ਇਹ ਗੁਰਦੁਆਰਾ ਇਸ ਲਈ ਇਤਿਹਾਸਕ ਹੈ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਖੁਦ ਇੱਥੇ ਆਏ ਸਨ, ਜਦਕਿ ਇਸ ਦੀ ਚਾਰਦੀਵਾਰੀ ਤੱਕ ਨਹੀਂ ਸੀ। ਆਵਾਰਾ ਜਾਨਵਰ ਅਕਸਰ ਇੱਥੇ ਘੁੰਮਦੇ ਰਹਿੰਦੇ ਸਨ, ਜਿਸ ਕਾਰਨ ਗੁਰੂ ਘਰ ਦੀ ਬੇਅਦਬੀ ਹੋ ਰਹੀ ਸੀ। ਇਹ ਪੂਰੀ ਜਾਣਕਾਰੀ ਮੈਂ ਬੀਬੀ ਜਗੀਰ ਕੌਰ ਨੂੰ ਦਿੱਤੀ ਪਰ 2014 ਤੱਕ ਗੁਰੂ ਘਰ ਦੀ ਚਾਰਦੀਵਾਰੀ ਤੱਕ ਨਹੀਂ ਕਰਵਾਈ ਗਈ।
ਕਮੇਟੀ ਵੱਖਰੀ ਕਰਨਾ ਕੀ ਜ਼ਰੂਰੀ ਸੀ?
ਪੰਜਾਬ ਪੁਨਰਗਠਨ ਐਕਟ 1966 ਜਦੋਂ ਬਣਿਆ, ਉਸ ਐਕਟ ’ਤੇ ਅਕਾਲੀ ਦਲ ਨੇ ਦਸਤਖਤ ਕੀਤੇ ਸਨ, ਇਸ ਐਕਟ ਦੀ ਧਾਰਾ 72 ਵਿਚ ਇਹ ਵਿਵਸਥਾ ਸੀ ਕਿ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾਈਆਂ ਜਾ ਸਕਦੀਆਂ ਹਨ।
ਅਕਾਲੀ ਦਲ ਸਿੱਖਾਂ ਨੂੰ ਵੰਡਣ ਦਾ ਲਾ ਰਿਹੈ ਦੋਸ਼, ਤੁਹਾਡੀ ਕੀ ਹੈ ਸੋਚ?
ਜਦੋਂ ਤੋਂ ਵੱਖਰੀ ਕਮੇਟੀ ਬਣਾਉਣ ਦੀ ਗੱਲ ਚੱਲ ਰਹੀ ਹੈ, ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਮੈਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸੁਣਿਆ ਹੈ, ਜੋ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਾਰੀ ਕੀਤਾ ਹੈ। ਮੇਰਾ ਸਾਧਾਰਨ ਜਿਹਾ ਤਰਕ ਹੈ ਕਿ ਧਾਰਾ 72 ’ਚ ਵੱਖਰੀ ਕਮੇਟੀ ਦੇ ਗਠਨ ਦੀ ਜਦੋਂ ਵਿਵਸਥਾ ਹੈ ਤਾਂ ਫਿਰ ਉਸ ਵਿਚ ਕਿਤੂੰ-ਪ੍ਰੰਤੂ ਕਿਉਂ ਕੀਤੀ ਜਾ ਰਹੀ ਹੈ। ਇਸ ਵਿਵਸਥਾ ਨੂੰ ਅਸੀਂ ਨਹੀਂ, ਸਗੋਂ ਉਸ ਸਮੇਂ ਦੇ ਲੋਕਾਂ ਨੇ ਬਣਾਇਆ ਸੀ, ਹਰ ਸੂਬੇ ਦੇ ਗੁਰੂ ਘਰਾਂ ਦੀ ਦੇਖ-ਰੇਖ ਲਈ ਜੋ ਕਮੇਟੀ ਬਣੇਗੀ, ਉਸ ਦਾ ਅਧਿਕਾਰ ਸੂਬੇ ਦੀ ਕਮੇਟੀ ਕੋਲ ਹੀ ਰਹੇਗਾ। ਇਸ ਧਾਰਾ ਵਿਚ ‘ਸ਼ੈਲ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਜਿਸ ਕਮੇਟੀ ਨੂੰ ਧਾਰਾ ਅਧੀਨ ਅਧਿਕਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਵੀ ਇਨ੍ਹਾਂ ਅਧਿਕਾਰਾਂ ਨੂੰ ਬਦਲਣ ਦਾ ਅਧਿਕਾਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਸ ’ਚ ਕੋਈ ਬਦਲ ਨਹੀਂ ਹੋਵੇਗਾ। ਅਸੀਂ ਉਸ ਸਮੇਂ ਦੇ ਉਨ੍ਹਾਂ ਸਾਰੇ ਲੋਕਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਸਬੰਧ ਵਿਚ ਇਹ ਐਕਟ ਤਿਆਰ ਕਰਵਾਇਆ, ਜਿਸ ਕਾਰਨ ਅੱਜ ਹਰਿਆਣਾ ਨੂੰ ਵੱਖਰੀ ਪ੍ਰਬੰਧਕੀ ਕਮੇਟੀ ਮਿਲ ਸਕੀ। ਇਸੇ ਕਾਨੂੰਨ ਦਾ ਸਹਾਰਾ ਲੈ ਕੇ ਅਸੀਂ 14 ਸਾਲ ਲੜ ਕੇ ਜਿੱਤੇ ਹਾਂ।
ਕੀ ਸਿੱਖ ਵਰਗ ਵੰਡਿਆ ਜਾਵੇਗਾ?
ਮੈਂ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਪੰਜਾਬ ਹਰਿਆਣਾ ਹਾਈਕੋਰਟ ਦੇ ਤਤਕਾਲੀ ਚੀਫ਼ ਜਸਟਿਸ ਸ. ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ। ਉਸ ਕਮੇਟੀ ਵੱਲੋਂ ਆਲ ਇੰਡੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਜਾਂਦੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਅਸੀਂ ਤਾਂ ਇਸ ਗੱਲ ਨੂੰ ਲੈ ਕੇ ਖੁਸ਼ ਹੁੰਦੇ ਕਿ ਬਾਘਾ ਬਾਰਡਰ ਤੋਂ ਲੈ ਕੇ ਮੁੰਬਈ-ਗੋਆ ਤੱਕ ਭਾਰਤ ਦੇ ਜਿੰਨੇ ਵੀ ਸਿੱਖ ਹਨ, ਉਹ ਇਕ ਹੀ ਕਮੇਟੀ ਦੇ ਤਹਿਤ ਹੁੰਦੇ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਸਰਦਾਰੀ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਜੇਕਰ ਸਾਰਾ ਸਿੱਖ ਸਮਾਜ ਇਕ ਥਾਂ ਇਕੱਠਾ ਹੋ ਗਿਆ ਤਾਂ ਉਨ੍ਹਾਂ ਨੂੰ ਵੀ ਸਿੱਖ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਇਸੇ ਕਾਰਨ ਇਹ ਆਈਡੀਆ ਡਰਾਪ ਕਰ ਦਿੱਤਾ। ਸਿੱਖ ਸਮਾਜ ਨੂੰ ਵੰਡਣ ਲਈ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ। ਸਿੱਖ ਸਮਾਜ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਸਮਝ ਆ ਗਈਆਂ ਹਨ ਅਤੇ ਸਮਾਜ ਦੇ ਵਿਰੋਧ ਤੋਂ ਬਚਣ ਲਈ ਹੀ ਉਹ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।
ਕਿਤੇ ਭਾਜਪਾ ਦੀ ਸਾਜ਼ਿਸ਼ ਤਾਂ ਨਹੀਂ?
ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਉਣ ਪਿੱਛੇ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਦੀ ਕੋਈ ਸਾਜ਼ਿਸ਼ ਹੈ, ਸਗੋਂ ਹਰਿਆਣਾ ਦਾ ਸਿੱਖ ਸਮਾਜ ਵੱਖਰੀ ਗੁਰੂ ਘਰਾਂ ਦੇ ਪ੍ਰਬੰਧ ਲਈ ਕਮੇਟੀ ਚਾਹੁੰਦਾ ਹੈ ਕਿਉਂਕਿ ਹਰਿਆਣਾ ਦੇ ਗੁਰਦੁਆਰਿਆਂ ਵਿਚ ਸੁਧਾਰ ਨਹੀਂ ਹੋ ਰਿਹਾ ਸੀ। ਅਸੀਂ ਜਦੋਂ ਵੱਖਰੀ ਕਮੇਟੀ ਲਈ ਆਵਾਜ਼ ਉਠਾਈ ਤਾਂ ਐੱਸ. ਜੀ. ਪੀ. ਸੀ. ਅਤੇ ਸ਼੍ਰੋਮਣੀ ਅਕਾਲੀ ਦਲ ਸਾਡੇ ਖਿਲਾਫ ਸੁਪਰੀਮ ਕੋਰਟ ’ਚ ਗਿਆ। ਉਨ੍ਹਾਂ ਨੇ ਸਾਡੇ 9 ਸਾਲ ਹੋਰ ਖਰਾਬ ਕਰ ਦਿੱਤੇ।
ਕਮੇਟੀ ਵੱਖਰੀ ਪਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ’ਤੇ ਕੀ ਹੈ ਸੋਚ?
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ ਅਤੇ ਇਸ ਤਖਤ ਨੂੰ ਸਥਾਪਿਤ ਕਰਨ ਲਈ ਨਾ ਤਾਂ ਕੋਈ ਓਨੀ ਪ੍ਰਤਿਭਾ ਵਾਲਾ ਵਿਅਕਤੀ ਹੋਵੇਗਾ ਅਤੇ ਨਾ ਹੀ ਕੋਈ ਇਸਦੀ ਜੁਰਰਤ ਕਰ ਸਕਦਾ ਹੈ। ਦੁਨੀਆ ਭਰ ਦੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਦੀ ਹੈ। ਹਰਿਆਣਾ ਦੇ ਸਿੱਖ ਕੋਈ ਵੱਖਰੇ ਨਹੀਂ ਹਨ, ਉਨ੍ਹਾਂ ਲਈ ਅਕਾਲ ਤਖ਼ਤ ਸਾਹਿਬ ਓਨਾ ਹੀ ਸਤਿਕਾਰਯੋਗ ਹੈ, ਜਿੰਨਾ ਬਾਕੀ ਸਿੱਖ ਕੌਮ ਲਈ ਹੈ।
ਤੁਸੀਂ ਅਕਾਲ ਤਖ਼ਤ ਸਾਹਿਬ ਕਿਉਂ ਨਤਮਸਤਕ ਨਹੀਂ ਹੋਏ?
ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤਹਿਤ ਹੀ ਦੇਰ ਰਾਤ ਜਥੇਦਾਰ ਵੱਲੋਂ ਪੱਤਰ ਕਢਵਾ ਕੇ ਮੈਨੂੰ, ਜਗਦੀਸ਼ ਸਿੰਘ ਝੀਂਡਾ ਨੂੰ ਸਿੱਖ ਪੰਥ ’ਚੋਂ ਕੱਢਿਆ ਗਿਆ। ਉਸ ਸਮੇਂ ਤੋਂ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਮੈਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਆਪਣੀ ਆਵਾਜ਼ ਉਠਾਈ ਸੀ, ਜਿਸ ਵਿਚ ਮੈਨੂੰ ਉਥੋਂ ਦੇ ਸਿੱਖ ਭਾਈਚਾਰੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਮੈਂ ਉਨ੍ਹਾਂ ਦੇ ਸਾਹਮਣੇ ਗੱਦਾਰ ਨਹੀਂ ਬਣਨਾ ਚਾਹੁੰਦਾ।
ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ?
ਮੈਂ 10 ਪਾਤਸ਼ਾਹੀ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਹਾਂ। ਆਜ਼ਾਦੀ ਲਈ ਉਸ ਸਮੇਂ ਦੀ ਹਕੂਮਤ ਖਿਲਾਫ ਮੂਵਮੈਂਟ ਸ਼ੁਰੂ ਕੀਤੀ ਗਈ ਸੀ, ਆਵਾਜ਼ ਬੁਲੰਦ ਕੀਤੀ ਗਈ। ਕਈ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਉਸ ਸਮੇਂ ਦੇ ਹਕੂਮਤਾਂ ਖਿਲਾਫ ਕੁਰਬਾਨ ਕਰ ਦਿੱਤਾ। ਆਜ਼ਾਦੀ ਲਈ ਹਰ ਵਿਅਕਤੀ ਦਾ ਅਧਿਕਾਰ ਹੈ। ਮੈਂ ਨਿਮਰਤਾ ਨਾਲ ਇਹ ਕਹਾਂਗਾ ਕਿ ਆਜ਼ਾਦੀ ਨੂੰ ਰੋਕਣ ਦਾ ਅਧਿਕਾਰ ਐੱਸ. ਜੀ. ਪੀ. ਸੀ. ਨੇ ਦਿੱਤਾ ਸੀ, ਐੱਸ. ਜੀ. ਪੀ. ਸੀ. ਨੇ ਹੀ ਸਾਡੇ ਖਿਲਾਫ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕੀਤਾ ਹੈ। ਇਨ੍ਹਾਂ ਨੂੰ ਚਾਹੀਦਾ ਕਿ ਉਹ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ।
ਜਗਦੀਸ਼ ਸਿੰਘ ਝੀਂਡਾ ਨਾਲੋਂ ਕਿਵੇਂ ਵੱਖ ਹੋਏ ਤੁਹਾਡੇ ਰਸਤੇ?
ਜੋ ਸਾਡੀ ਆਧਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਲੜਾਈ ਬਣ ਰਹੀ ਸੀ, ਉਸ ’ਚ ਜਗਦੀਸ਼ ਸਿੰਘ ਝੀਂਡਾ ਇਕ ਮਤੇ ਨੂੰ ਲੈ ਕੇ ਆਏ ਸੀ ਕਿ ਸਾਨੂੰ ਸ਼ੁਕਰਾਨਾ ਯਾਤਰਾ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਸਿੱਖ ਧਰਮ ’ਚ ਜਦੋਂ ਅਸੀਂ ਕੋਈ ਅਰਦਾਸ ਲਾਉਂਦੇ ਹਾਂ ਤਾਂ ਅਸੀਂ ਗੁਰੂ ਘਰ ’ਚ ਸ਼ੁਕਰਾਨਾ ਅਦਾ ਕਰਦੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਸਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਜਾਵੇਗੀ ਉਦੋਂ ਅਸੀਂ ਸ਼ੁਕਰਾਨਾ ਅਦਾ ਕਰਾਂਗੇ। ਜੇਕਰ ਅਸੀਂ ਹੁਣ ਤੋਂ ਸ਼ੁਕਰਾਨਾ ਯਾਤਰਾ ਕੱਢਾਂਗੇ ਤਾਂ ਲੋਕ ਇਸ ’ਤੇ ਸਵਾਲ ਕਰ ਸਕਦੇ ਹਨ ਪਰ ਉਹ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਏ। ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝੇ, ਜਿਸ ਤੋਂ ਬਾਅਦ ਮੈਂ ਫੈਸਲਾ ਕਰ ਿਲਆ ਕਿ ਮੈਂ ਉਨ੍ਹਾਂ ਨਾਲ ਨਹੀਂ ਚੱਲ ਸਕਦਾ, ਜਿਸ ਤੋਂ ਬਾਅਦ ਅਸੀਂ ਵੱਖ ਹੋ ਗਏ। ਇਸ ਤੋਂ ਬਾਅਦ ਇਸ ਮੂਵਮੈਂਟ ’ਚ ਲੋਕ ਉਨ੍ਹਾਂ ਨਾਲ ਜੁੜਦੇ ਗਏ ਅਤੇ ਉਨ੍ਹਾਂ ਦੀ ਲਕੀਰ ਜਗਦੀਸ਼ ਸਿੰਘ ਝੀਂਡਾ ਤੋਂ ਵੱਡੀ ਹੋ ਗਈ। ਹੁਣ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਜਿਸ ਦਿਨ ਸਾਡੀ ਕਮੇਟੀ ਬਣ ਜਾਵੇਗੀ ਅਤੇ ਸਾਨੂੰ ਗੁਰੂ ਘਰ ਦੀ ਦੇਖ-ਰੇਖ ਦਾ ਚਾਰਜ ਮਿਲ ਜਾਵੇਗਾ, ਉਸ ਦਿਨ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਜਾਵਾਂਗੇ।
ਸੁਪਰੀਮ ਕੋਰਟ ਦੇ ਹੁਕਮ ਆਉਣ ਤੋਂ ਬਾਅਦ ਤਸਵੀਰਾਂ ਤੋਂ ਤੁਸੀਂ ਗਾਇਬ ਕਿਉਂ ਰਹੇ?
ਮੇਰੇ ਕੋਲ ਸਬਰ ਹੈ। ਮੈਂ ਜਲਦਬਾਜ਼ੀ ’ਚ ਨਹੀਂ ਪੈਂਦਾ। ਸੁਪਰੀਮ ਕੋਰਟ ਦਾ ਹੁਕਮ ਆ ਗਿਆ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਆਸੀ ਆਗੂਆਂ ਨਾਲ ਭੱਜੀਏ ਅਤੇ ਇਸ ਮਾਮਲੇ ’ਚ ਭੱਜਦੌੜ ਸ਼ੁਰੂ ਕਰ ਦੇਈਏ ਅਤੇ ਅਸੀਂ ਲਾਈਮਲਾਈਟ ’ਚ ਆਈਏ ਅਤੇ ਇਹ ਸੰਦੇਸ਼ ਦੀ ਕੋਸ਼ਿਸ਼ ਕਰੀਏ ਕਿ ਪ੍ਰਧਾਨ ਬਣਨ ਦੇ ਅਧਿਕਾਰੀ ਅਸੀਂ ਹੀ ਹਾਂ। ਮੇਰੀ ਉਸ ਤਰ੍ਹਾਂ ਦੀ ਸੋਚ ਨਹੀਂ ਹੈ। ਮੇਰਾ ਤਾਂ ਵਿਸ਼ਵਾਸ ਗੁਰੂ ਸਾਹਿਬਾਨ ਜਾਂ ਸੰਗਤ ’ਚ ਹੈ ਅਤੇ ਮੈਂ ਕਿਤੇ ਵੀ ਕਿਸੇ ਅਹੁਦੇ ਲਈ ਕਲੇਮ ਨਹੀਂ ਕਰਦਾ ਪਰ ਮੈਨੂੰ ਸੰਦੇਸ਼ ਮਿਲ ਰਹੇ ਹਨ ਕਿ ਉਨ੍ਹਾਂ ਦੇ ਅਨੁਸਾਰ ਸ਼ਾਇਦ ਸਿੱਖ ਸੰਗਤ ਮੈਨੂੰ ਪ੍ਰਧਾਨ ਵਜੋਂ ਪਸੰਦ ਕਰਦੀ ਹੈ। ਮੈਨੂੰ ਅਕਸਰ ਫੋਨ ਆਉਂਦੇ ਹਨ ਕਿ ਤੁਸੀਂ ਜੋ ਲੜਾਈ ਲੜ ਰਹੇ ਸੀ, ਘਰ ਬੈਠੇ ਹੋ ਪਰ ਕੁਝ ਲੋਕ ਖੂਬ ਭੱਜਦੌੜ ਕਰ ਰਹੇ ਹਨ। ਹਰਿਆਣਾ ਕਮੇਟੀ ਨੂੰ ਈਮਾਨਦਾਰੀ ਨਾਲ ਸੰਭਾਲਣ ਲਈ ਦੀਦਾਰ ਸਿੰਘ ਨਲਵੀ ਹੀ ਸਹੀ ਵਿਅਕਤੀ ਹਨ। ਜਦੋਂ ਸਾਰੇ ਕੰਮ ਦੀਦਾਰ ਸਿੰਘ ਨਲਵੀ ਨੇ ਕੀਤੇ ਹਨ ਤਾਂ ਕਮੇਟੀ ਦੀ ਅਗਵਾਈ ਦਾ ਅਧਿਕਾਰ ਵੀ ਤੁਹਾਡਾ ਹੀ ਬਣਦਾ ਹੈ। ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਘਰੋਂ ਨਿਕਲੋ, ਹਰਿਆਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ, ਅਸੀਂ ਤੁਹਾਡੇ ਨਾਲ ਹਾਂ।
ਕਾਂਗਰਸ ਨਾਲ ਨੇੜਤਾ ’ਤੇ ਸਵਾਲ ਨਹੀਂ ਹੋਣਗੇ?
ਮੈਂ ਕਾਂਗਰਸ ਪਾਰਟੀ ਦੇ ਕਿਸੇ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨਾਲ ਕਦੇ ਮਿਲਿਆ ਹਾਂ ਤਾਂ ਕੇਵਲ ਸਿੱਖ ਸੰਗਤ ਨਾਲ ਜਾ ਕੇ ਹੀ ਮਿਲਿਆ ਹਾਂ। ਕੋਈ ਵੀ ਇਹ ਗੱਲ ਸਾਬਤ ਕਰ ਦੇਵੇ ਕਿ ਦੀਦਾਰ ਸਿੰਘ ਨਲਵੀ ਇਕੱਲਾ ਕਿਸੇ ਕਾਂਗਰਸੀ ਨੇਤਾ ਕੋਲ ਗਿਆ ਹੈ, ਉਹ ਵੀ ਆਪਣੇ ਨਿੱਜੀ ਕੰਮ ਲਈ ਤਾਂ ਮੈਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ।
ਅੱਗੇ ਦੀ ਪ੍ਰਕਿਰਿਆ ਕੀ, ਕਿਵੇਂ ਕਰੋਗੇ ਦਾਅਵਾ?
ਮੈਨੂੰ ਤੇ ਜਗਦੀਸ਼ ਸਿੰਘ ਝੀਂਡਾ ਅਤੇ ਦਾਦੂਵਾਲ ਨੂੰ ਦੋ ਦਿਨ ਪਹਿਲਾਂ ਹਰਿਆਣਾ ਰਾਜ ਭਵਨ ਬੁਲਾਇਆ ਗਿਆ ਸੀ ਅਤੇ ਕਿਸੇ ਖਿਲਾਫ ਬਿਆਨਬਾਜ਼ੀ ਕਰਨ ਤੋਂ ਰੋਕਿਆ ਗਿਆ ਸੀ ਕਿਉਂਕਿ ਝੀਂਡਾ ਅਤੇ ਬਲਜੀਤ ਸਿੰਘ ਦਾਦੂਵਾਲ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਰੋਕਿਆ। ਸਰਕਾਰ ਨੂੰ ਇਹ ਗੱਲ ਠੀਕ ਨਹੀਂ ਲੱਗੀ ਅਤੇ ਇਸ ਨਾਲ ਜਿੱਥੇ ਆਪਸੀ ਫੁੱਟ ਨਜ਼ਰ ਆ ਹੈ, ਉਥੇ ਹਰਿਆਣਾ ਦੀ ਸਿੱਖ ਕੌਮ ਨੂੰ ਵੀ ਦੁਚਿੱਤੀ ’ਚ ਪੈ ਰਹੀ ਹੈ। ਜਿੱਥੋਂ ਤੱਕ ਮੇਰੀ ਗੱਲ ਹੈ ਤਾਂ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜੇਕਰ ਮੈਨੂੰ ਕੋਈ ਵੀ ਅਹਿਮ ਜ਼ਿੰਮੇਵਾਰੀ ਮਿਲਦੀ ਹੈ ਤਾਂ ਮੈਂ ਹਰਿਆਣਾ ਦੇ ਸਿੱਖ ਸਮਾਜ ਲਈ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਤਿਆਰ ਰਹਾਂਗਾ।
ਪੰਜਾਬ ਵਿਧਾਨ ਸਭਾ 'ਚ ਕਾਂਗਰਸੀਆਂ ਦਾ ਜ਼ਬਰਦਸਤ ਹੰਗਾਮਾ, ਬੋਲੇ-ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰੋ
NEXT STORY