ਫਾਜ਼ਿਲਕਾ/ਜਲਾਲਾਬਾਦ (ਸੇਤੀਆ)— 25 ਅਗਸਤ ਨੂੰ ਡੇਰਾ ਸੱਚਾ ਸੌਦਾ ਮੁੱਖੀ ਦੇ ਮਾਮਲੇ ਦੇ ਫੈਸਲੇ ਦੀ ਸੁਣਵਾਈ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਪੁਲਸ ਵਿਭਾਗ,ਪੈਰਾ ਮਿਲਟਰੀ ਫੋਰਸ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੇ ਨਾਲ ਹੀ ਐੱਸ. ਪੀ. ਡੀ. ਮੁਖਤਿਆਰ ਸਿੰਘ, ਡੀ. ਐੱਸ. ਪੀ. ਅਸ਼ੋਕ ਸ਼ਰਮਾ, ਐੱਸ. ਐੱਚ. ਓ. ਅਭਿਨਵ ਚੌਹਾਨ ਦੀ ਮੌਜੂਦਗੀ 'ਚ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਅਤੇ ਪੈਰਾ ਮਿਲਟਰੀ ਫੋਰਸ ਨੂੰ ਡੇਰਾ ਸੱਚਾ ਸੌਦਾ ਦੇ ਨਾਮ-ਚਰਚਾ ਘਰਾਂ ਦੇ ਨੇੜੇ ਚੌਕਸੀ ਬਣਾਈ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਐੱਸ. ਡੀ. ਐਮਜ਼ ਨੂੰ ਆਪਣੇ ਪੱਧਰ 'ਤੇ ਡੇਰਾ ਪ੍ਰਮੁੱਖਾਂ ਅਤੇ ਸਿੱਖ ਆਗੂਆਂ ਨਾਲ ਸ਼ਾਂਤੀ ਬਣਾਈ ਰੱਖਣ ਸਬੰਧੀ ਮੀਟਿੰਗ ਕਰਨ ਦੀ ਵੀ ਹਿਦਾਇਤ ਕੀਤੀ। ਉਨ੍ਹਾਂ ਨੇ 5 ਤੋਂ ਵਧੇਰੇ ਵਿਅਕਤੀਆਂ ਦੇ ਇੱਕਠੇ ਖੜ੍ਹੇ ਹੋਣ 'ਤੇ ਮਨਾਹੀ ਕੀਤੀ ਹੈ। ਉਨ੍ਹਾਂ ਨੇ ਜ਼ਿਲੇ ਅੰਦਰ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਹਾਈ ਅਲਰਟ ਐਲਾਨ ਕੀਤਾ ਹੈ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਅਫਵਾਹ ਨਾ ਫੈਲਾਈ ਜਾਵੇ।
ਚੀਫ ਸੈਕਟਰੀ ਵੱਲੋਂ ਡਿਪਟੀ ਕਮਿਸ਼ਨਰ ਨਾਲ ਡੇਰਾ ਸੱਚਾ ਸੌਦਾ ਦੇ ਫੈਸਲੇ ਸਬੰਧੀ ਕੀਤੀ ਗਈ ਵੀਡੀਓ ਕਨਫਰੈਸਿੰਗ ਉਪਰੰਤ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ 25 ਅਗਸਤ ਨੂੰ ਹਾਈ ਅਲਰਟ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲੇ ਅੰਦਰ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਸ ਵਿਭਾਗ ਅਤੇ ਪੈਰਾ ਮਿਲਟਰੀ ਫੋਰਸ ਨੂੰ ਨਾਮ-ਚਰਚਾ ਘਰਾਂ ਦੇ ਨੇੜੇ ਚੌਕਸੀ ਰੱਖਣ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਹਿਦਾਇਤ ਕੀਤੀ ਹੈ।
ਇਸ ਦੌਰਾਨ ਉਨ੍ਹਾਂ ਨੇ ਫੈਸਲੇ ਵਾਲੇ ਦਿਨ ਕੋਈ ਵੀ ਅਣ-ਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ ਦੇ ਆਦੇਸ਼ ਦਿੱਤੇ। ਉਨ੍ਹਾਂ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ 24 ਅਗਸਤ ਨੂੰ ਫਲੈਗ ਮਾਰਚ ਕੱਢਣ ਦੀ ਵੀ ਹਿਦਾਇਤ ਕੀਤੀ ਹੈ ਅਤੇ ਪੁਲਸ ਕਰਮਚਾਰੀਆਂ ਨੂੰ ਨਾਮ-ਚਰਚਾ ਘਰਾਂ ਦੇ ਆਸ-ਪਾਸ ਪਟਰੋਲਿੰਗ ਕਰਨ ਲਈ ਵੀ ਕਿਹਾ ਹੈ। ਇਸ ਮੌਕੇ ਉਨ੍ਹਾਂ ਸਮੂਹ ਐੱਸ. ਡੀ. ਐਮਜ਼ ਨੂੰ ਆਪਣੇ ਪੱਧਰ 'ਤੇ ਸਬੰਧਤ ਏਰੀਏ 'ਚ ਪੈਂਦੇ ਡੇਰਾ ਪੁਮੱਖਾਂ, ਸਿੱਖ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਮੀਟਿੰਗ ਕਰਕੇ ਆਪਣੇ-ਆਪਣੇ ਇਲਾਕੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਨੰਬਰਦਾਰਾਂ ਨੂੰ ਹਿਦਾਇਤ ਕੀਤੀ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਘਟਨਾ ਵਾਪਰਨ ਦੀ ਸਥਿਤੀ ਹੁੰਦੀ ਹੈ ਤਾਂ ਤੁਰੰਤ ਸਬੰਧਤ ਐੱਸ. ਡੀ. ਐਮ. ਨੂੰ ਸੂਚਨਾ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਐਮਰਜੰਸੀ ਦੌਰਾਨ ਸਿਹਤ ਸੁਵਿਧਾਵਾਂ ਦੇਣ ਵਿੱਚ ਕੋਈ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਮਾਹਰ ਡਾਕਟਰ ਅਤੇ ਦਵਾਈਆਂ ਆਦਿ ਦਾ ਪੁਖਤਾ ਪ੍ਰਬੰਧ ਕਰ ਲੈਣ ਤਾਂ ਜੋ ਲੋੜ ਪੈਣ 'ਤੇ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਸਰਕਾਰੀ ਐਂਬੂਲੈਂਸ ਦੇ ਨਾਲ-ਨਾਲ ਪ੍ਰਾਈਵੇਟ ਐਂਬੂਲੈਂਸ ਅਤੇ ਲੋੜੀਂਦੇ ਸਟਾਫ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਰੂਰਲ ਏਰੀਏ ਵਿੱਚ ਵੀ ਡਾਕਟਰ ਅਤੇ ਦਵਾਈਆਂ ਆਦਿ ਦੇ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਐੱਸ. ਐੱਸ. ਪੀ. ਡਾ. ਕੇਤਨ ਬਾਲੀਰਾਮ ਪਾਟਿਲ ਨੇ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਨਾਮ ਚਰਚਾ ਘਰਾਂ ਦੇ ਨੇੜੇ ਕਿਸੇ ਨੂੰ ਵੀ ਘਾਤਕ ਚੀਜ਼ ਜਿਵੇਂ ਕਿ ਕੈਰੋਸੀਨ, ਐਸਿਡ, ਲਾਠੀਆਂ ਆਦਿ ਨਾ ਲਿਜਾਣ ਦਿੱਤੀ ਜਾਵੇ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ ਹੋਵੇ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਜੇ ਕਿਸੇ ਜਗ੍ਹਾ 'ਤੇ 5 ਜਾਂ 5 ਤੋਂ ਵੱਧ ਵਿਅਕਤੀ ਇਕੱਠੇ ਦਿਖਾਈ ਦਿੰਦੇ ਹਨ ਤਾਂ ਤੁਰੰਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨਾਮ ਚਰਚਾ ਘਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀ ਵੀਡੀਓ ਗ੍ਰਾਫੀ ਕੀਤੀ ਜਾਵੇ ਤਾਂ ਜੋ ਹਰੇਕ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਫੈਸਲੇ ਵਾਲੇ ਦਿਨ ਅਧਿਕਾਰੀਆਂ ਨੂੰ ਆਪਣੀ ਡਿਉਟੀ ਪ੍ਰਤੀ ਅਣਗਹਿਲੀ ਨਾ ਵਰਤਣ ਅਤੇ ਕਿਸੇ ਵੀ ਅਧਿਕਾਰੀ ਨੂੰ ਛੁੱਟੀ ਨਾ ਲੈਣ ਦੇ ਆਦੇਸ਼ ਦਿੱਤੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਉਸ ਦਿਨ ਸ਼ਾਂਤੀ ਬਣਾਏ ਰੱਖਣ ਅਤੇ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ(ਅੰਡਰ ਟ੍ਰੇਨਿੰਗ) ਰਣਦੀਪ ਸਿੰਘ ਹੀਰ, ਐੱਸ. ਪੀ. ਐੱਚ. ਸ. ਜਸਵਿੰਦਰ ਸਿੰਘ, ਐੱਸ. ਡੀ. ਐੱਮ. ਅਬੋਹਰ ਮਿਸ ਪੂਨਮ ਸਿੰਘ, ਐੱਸ. ਡੀ. ਐੱਮ. ਫਾਜ਼ਿਲਕਾ ਬਲਬੀਰ ਰਾਜ ਸਿੰਘ, ਐੱਸ. ਪੀ. ਡੀ. ਮੁਖਤਿਆਰ ਸਿੰਘ, ਡੀ. ਐੱਸ. ਪੀ. ਅਸ਼ੋਕ ਸ਼ਰਮਾ, ਐੱਸ. ਐੱਚ. ਓ ਅਭਿਨਵ ਚੌਹਾਨ, ਐੱਸ. ਐੱਚ. ਓ. ਪ੍ਰੇਮ ਕੁਮਾਰ, ਮਿਲਟਰੀ ਫੋਰਸ ਪ੍ਰਵੀਨ ਕੁਮਾਰ ਕੰਪਨੀ ਕਮਾਂਡਰ, ਮੈਡਮ ਸਬ ਇੰਸਪੈਕਟਰ ਪਰਮਿਲਾ ਰਾਣੀ, ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਸ਼ਾਮਲ ਹੋਏ ਸਨ।
ਗੁਰਦੁਆਰਾ ਘੱਲੂਘਾਰਾ ਵਿਵਾਦ ਨੇ ਲਿਆ ਨਵਾਂ ਮੋੜ, ਪ੍ਰਬੰਧਕ ਨੇ ਦਿੱਤਾ ਵੱਡਾ ਬਿਆਨ
NEXT STORY