ਰਾਹੋਂ (ਪ੍ਰਭਾਕਰ)— ਅੱਜ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘੱਟਣ ਦੇ ਕਾਰਨ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। 2 ਦਿਨ ਪਹਿਲਾ ਭਾਖੜਾ ਡੈਮ ਤੋਂ 2.40 ਲੱਖ ਕਿਊਸਿਕ ਪਾਣੀ ਛੱਡਣ ਨਾਲ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ 40 ਤੋਂ ਵੱਧ ਪ੍ਰਵਾਸੀ ਪਰਿਵਾਰਾਂ ਦੀਆਂ ਝੁੱਗੀਆਂ ਪਾਣੀ 'ਚ ਡੁੱਬ ਗਈਆ ਸਨ। ਜਿਸ 'ਚ ਪ੍ਰਵਾਸੀ ਮਜਦੂਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਚਾਵਲ, ਕਣਕ, ਕੱਪੜੇ, ਭਾਂਡੇ, ਬਿਸਤਰੇ ਆਦਿ ਰੁੜ ਗਏ ਸਨ। ਇਸ ਦੀ ਸੂਚਨਾ ਮਿਲਦੇ ਹੀ ਨਵਾਂਸ਼ਹਿਰ ਦੇ ਅੰਗਦ ਸਿੰਘ ਵਿਧਾਇਕ, ਡੀ. ਸੀ. ਵਿਨੇ ਬਬਲਾਨੀ, ਐੱਸ. ਡੀ. ਐੱਮ. ਵਨੀਤ ਕੁਮਾਰ, ਐੱਸ. ਐੱਸ. ਪੀ. ਅਲਕਾ ਮੀਨਾ, ਡੀ. ਐੱਸ. ਪੀ. ਕੈਲਾਸ਼ ਚੰਦਰ ਨੇ ਮੌਕੇ ਦਾ ਜਾਇਜ਼ਾ ਲਿਆ ਸੀ ਅਤੇ ਆਲੇ-ਦੁਆਲੇ ਦੇ 67 ਪਿੰਡਾਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ। ਇਸ ਮੌਕੇ ਐੱਨ. ਡੀ. ਆਰ. ਐੱਫ. ਦੇ ਜਵਾਨਾਂ ਨੇ ਪੰਜਾਬ ਪੁਲਸ ਦੇ ਜਵਾਨਾਂ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਬੀਤੀ ਰਾਤ ਹਰੇਕ ਪਿੰਡ ਵਾਸੀ ਅਤੇ ਲੋਕਾਂ ਦੇ ਮਨ 'ਚ ਇਹੀ ਗੱਲ ਸੀ ਅਤੇ ਅਰਦਾਸ ਕੀਤੀ ਕਿ ਅੱਜ ਦੀ ਕਾਲੀ ਰਾਤ ਸੁੱਖ ਦੀ ਲੰਘ ਜਾਵੇ। ਜਿਸ ਲਈ ਲੋਕਾਂ ਨੇ ਮੰਦਰਾਂ ਗੁਰਦੁਆਰਿਆਂ 'ਚ ਗੁਰੂਆਂ ਦੀ ਅਰਦਾਸ ਅਤੇ ਪ੍ਰਥਨਾ ਕੀਤੀ। ਉਨ੍ਹਾਂ ਦੀ ਅਰਦਾਸ ਨੂੰ ਕਬੂਲ ਕਰਦੇ ਹੋਏ ਗੁਰੂਆਂ ਅਤੇ ਭਗਵਾਨ ਨੇ ਇਸ ਕਾਲੀ ਰਾਤ ਨੂੰ ਟੁੱਟਣ ਵਾਲੇ ਬੰਨਾਂ ਨੂੰ ਹੱਥ ਦੇ ਕੇ ਰੱਖ ਲਿਆ। ਇਸ ਘੜੀ ਨਾਲ ਨਜਿੱਠਣ ਲਈ ਜਲੰਧਰ ਤੋਂ ਫੌਜ ਨੂੰ ਵੀ ਸੱਦਿਆ ਗਿਆ। ਬੀਤੀ ਰਾਤ ਇਸ ਪਾਣੀ ਦਾ ਪੱਧਰ ਕਾਫੀ ਘਟ ਗਿਆ ਸੀ।
ਅੱਜ ਦੁਪਹਿਰ 12 ਵਜੇ ਦੇ ਕਰੀਬ ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਅਲਕਾ ਮੀਨਾ ਸਮੇਤ ਡੀ. ਐੱਸ. ਪੀ. ਕੈਲਾਸ਼ ਚੰਦਰ ਨੇ ਸਤਲੁਜ ਦਰਿਆ 'ਤੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ। ਖਬਰ ਲਿਖਣ ਤੱਕ ਸਤਲੁਜ ਦਰਿਆ ਦਾ ਪਾਣੀ 4-5 ਫੁੱਟ ਘਟ ਚੁੱਕਿਆ ਸੀ। ਜਿਸ 'ਤੇ ਜ਼ਿਲਾ ਪ੍ਰਸ਼ਾਸਨ ਦੀ ਪੂਰੀ ਚੌਕਸੀ ਰੱਖੀ ਹੋਈ ਹੈ। ਜੇਕਰ ਕੋਈ ਵੀ ਖਤਰਾ ਨਜ਼ਰ ਆਉਂਦਾ ਹੈ ਤਾਂ ਉਸ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਤਲੁਜ ਦਰਿਆ ਦੇ ਕਿਨਾਰੇ ਵਸੇ 200 ਤੋਂ ਵੱਧ ਪ੍ਰਵਾਸੀ ਮਜਦੂਰਾਂ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਨੂੰ ਗੁਹਾਰ ਲਗਾਉਂਦੇ ਕਿਹਾ ਕਿ ਪਿਛਲੇ 30 ਘੰਟਿਆਂ ਤੋਂ ਉਹ ਭੁੱਖੇ ਪਿਆਸੇ ਬੈਠੇ ਸਨ, ਕਿਸੇ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਅੱਜ ਦੁਪਹਿਰ 1 ਵਜੇ ਦੇ ਕਰੀਬ ਸੰਤ ਬਾਬਾ ਸ਼ੁੱਧ ਸਿੰਘ ਜੀ ਟੂਸਿਆ ਵਾਲੇ ਅਤੇ ਬਾਬਾ ਬੂਟਾ ਸਿੰਘ ਜੀ, ਜਥੇਦਾਰ ਬਾਬਾ ਸਰਬਜੀਤ ਸਿੰਘ, ਜਥੇ ਬਾਬਾ ਸਤਵੰਤ ਸਿੰਘ, ਬਾਬਾ ਗੁਰਚਰਨ ਸਿੰਘ ਵੱਲੋਂ ਪ੍ਰਵਾਸੀ ਗਰੀਬ ਮਜ਼ਦੂਰਾਂ ਨੂੰ ਪਿੰਡ ਬੈਰਸ਼ਾਲਾ ਦੇ ਸਹਿਯੋਗ ਨਾਲ ਲੰਗਰ ਛਕਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰ ਮਹਿਗੋ, ਲਛਮਣ ਸਾਹਨੀ, ਵਿਜੇ ਸਾਹਨੀ, ਰਾਮ ਚੰਦਰ, ਗੁਲਸ਼ਨ ਸਾਹਨੀ, ਨਿਰਮਲ ਆਦਿ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਆਪਣੇ ਘਰਾਂ ਤੋਂ ਬੇਘਰ ਹੋ ਕੇ ਬੈਠੇ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਤਲੁਜ ਦਰਿਆ ਦੇ ਵਿਚ ਹੜ੍ਹ ਆਉਣ ਨਾਲ ਉਨ੍ਹਾਂ ਦੇ ਲੱਖਾਂ ਰੁਪਏ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਤਾਂਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ।
ਫਾਜ਼ਿਲਕਾ: ਹਸਪਤਾਲ ਦੀ ਲਾਪਰਵਾਹੀ ਕਾਰਨ ਨਵ-ਜੰਮੇ ਬੱਚੇ ਦੀ ਮੌਤ
NEXT STORY