ਜਲੰਧਰ (ਪੁਨੀਤ)— ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਵਰ ਨਿਗਮ ਵੱਲੋਂ ਆਪਣੇ ਖਰਚ 'ਤੇ ਖਰਾਬ ਹੋਏ ਮੀਟਰ ਅਤੇ ਤਾਰਾਂ ਬਦਲੀਆਂ ਜਾਣਗੀਆਂ। ਇਸ ਦੇ ਲਈ ਖਪਤਕਾਰ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਵਰ ਨਿਗਮ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨੇ ਬੀਤੇ ਦਿਨ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਲੋਹੀਆਂ ਅਤੇ ਸੁਲਤਾਨਪੁਰ ਦੇ ਇਲਾਕਿਆਂ 'ਚ ਉਨ੍ਹਾਂ ਮੌਕਾ ਵੇਖਿਆ ਅਤੇ ਪਾਵਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਸਥਿਤੀ 'ਤੇ ਨਜ਼ਰ ਰੱਖਣ ਲਈ ਕਿਹਾ।
ਇਥੇ ਜਲੰਧਰ ਦੇ ਪਾਵਰ ਨਿਗਮ ਦੇ ਗੈਸਟ ਹਾਊਸ 'ਚ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਰੋਪੜ ਦੇ 2, ਜਦੋਂਕਿ ਲੋਹੀਆਂ ਦਾ 1 ਸਬ-ਸਟੇਸ਼ਨ ਬੰਦ ਕੀਤਾ ਗਿਆ ਸੀ, ਇਨ੍ਹਾਂ 'ਚੋਂ ਰੋਪੜ ਵਾਲੇ ਸਬ-ਸਟੇਸ਼ਨ 'ਚੋਂ ਪਾਣੀ ਨਿਕਲ ਜਾਣ ਕਾਰਣ ਚਾਲੂ ਕਰ ਦਿੱਤੇ ਗਏ ਹਨ। ਲੋਹੀਆਂ ਦੇ ਮਹਿਰਾਜਵਾਲਾ ਸਬ-ਸਟੇਸ਼ਨ 'ਚ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਉਸ ਨੂੰ ਚਾਲੂ ਨਹੀਂ ਕੀਤਾ ਜਾ ਸਕਿਆ। ਇਸ ਸਬ-ਸਟੇਸ਼ਨ ਨਾਲ 16 ਪਿੰਡ ਚੱਲਦੇ ਹਨ ਜੋ ਕਿ ਬੰਦ ਹਨ। ਇਸੇ ਤਰ੍ਹਾਂ ਸੁਲਤਾਨਪੁਰ ਦੇ ਪਿੰਡ ਮਾਨੂਮੱਚੀ, ਮੰਡਇੰਦਰਪੁਰ, ਜਮਾਲੀਵਾਲ ਸਣੇ ਫਤਿਹਪੁਰ ਦੀ ਸਪਲਾਈ ਵੀ ਬੰਦ ਹੈ। ਇਸੇ ਤਰ੍ਹਾਂ 66 ਕੇ. ਵੀ. ਭਾਗੋਮੁੰਡਾ ਸਬ ਸਟੇਸ਼ਨ ਨਾਲ ਚੱਲਦੇ 11 ਕੇ. ਵੀ. ਸ਼ੇਰਪੁਰ ਫੀਡਰ ਦੀ ਸਪਲਾਈ ਬੰਦ ਹੈ। ਜਿਸ ਦੇ ਤਹਿਤ ਆਉਂਦੇ ਕਈ ਫਾਰਮ ਹਾਊਸ ਸੁਰੱਖਿਆ ਦੇ ਮੱਦੇਨਜ਼ਰ ਬੰਦ ਪਏ ਹਨ।
ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੀ. ਐੱਮ. ਡੀ. ਸਰਾਂ ਨੇ ਇਥੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਐੱਨ. ਕੇ. ਸ਼ਰਮਾ, ਚੀਫ ਇੰਜੀਨੀਅਰ ਸੰਜੀਵ ਕੁਮਾਰ, ਚੀਫ ਇੰਜੀਨੀਅਰ ਇਨਫੋਰਸਮੈਂਟ ਗੋਪਾਲ ਸ਼ਰਮਾ, ਸੁਪਰਿੰਟੈਂਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ, ਕਪੂਰਥਲਾ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਇੰਦਰਪਾਲ ਸਿੰਘ, ਸੋਮਨਾਥ ਮਾਹੀ, ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ, ਡਿਪਟੀ ਚੀਫ ਇੰਜੀਨੀਅਰ ਮੀਟਰਿੰਗ ਆਰ. ਕੇ. ਭਾਰਦਵਾਜ ਸਣੇ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਕਿਹਾ। ਸਰਾਂ ਨੇ ਕਿਹਾ ਕਿ ਜਿਵੇਂ ਹੀ ਸਬ-ਸਟੇਸ਼ਨਾਂ 'ਚੋਂ ਪਾਣੀ ਨਿਕਲ ਜਾਵੇਗਾ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਚਾਲੂ ਕਰਵਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਮੀਟਰਾਂ 'ਚ ਪਾਣੀ ਪੈ ਜਾਣ ਕਾਰਨ ਉਹ ਖਰਾਬ ਹੋ ਚੁੱਕੇ ਹਨ ਉਨ੍ਹਾਂ ਨੂੰ ਬਦਲਣ ਦੇ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ। ਇਸ ਦੇ ਨਾਲ-ਨਾਲ ਸਪਲਾਈ ਚਾਲੂ ਕਰਨ ਲਈ ਜਿਨ੍ਹਾਂ ਉਪਕਰਣਾਂ ਦੀ ਲੋੜ ਪਵੇਗੀ ਉਨ੍ਹਾਂ ਦਾ ਵੀ ਪ੍ਰਬੰਧ ਹੋ ਚੁੱਕਾ ਹੈ।
ਸਰਕਾਰੀਆ ਨੇ ਮੀਓਂਵਾਲ 'ਚ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
NEXT STORY