ਚੰਡੀਗੜ੍ਹ - ਮਾਨਸੂਨ ਹਰ ਸਾਲ ਆਉਂਦਾ ਹੈ ਅਤੇ ਸਿੰਚਾਈ ਵਿਭਾਗ ਨੂੰ ਮਾਨਸੂਨ ਤੋਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ ਤਿਆਰ ਰਹਿਣਾ ਹੁੰਦਾ ਹੈ ਪਰ ਸਮੱਸਿਆ ਤਾਂ ਇਹ ਹੈ ਕਿ ਪੰਜਾਬ ਦੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਪੂਰਾ ਸਮੇਂ ਰੇਤ ਦੇ ਵਪਾਰ 'ਤੇ ਲਗਾ ਰਹੇ ਹਨ, ਚਾਹੇ ਉਹ ਨਾਜਾਇਜ਼ ਮਾਈਨਿੰਗ ਹੋਵੇ ਜਾਂ ਫਿਰ ਖੁਦ ਨੂੰ ਜਸਟਿਸ ਨਾਰੰਗ ਕਮਿਸ਼ਨ ਤੋਂ ਕਲੀਨ ਚਿੱਟ ਦਿਵਾਉਣਾ ਹੋਵੇ। ਅਜਿਹੇ ਵਿਚ ਮਾਨਸੂਨ ਦੇ ਖਤਰੇ ਨਾਲ ਨਜਿੱਠਣ ਲਈ ਸਿੰਚਾਈ ਵਿਭਾਗ ਨੂੰ ਚੁਸਤ-ਦਰੁਸਤ ਕਰਨ ਦਾ ਰਾਣਾ ਗੁਰਜੀਤ ਕੋਲ ਸਮਾਂ ਹੀ ਨਹੀਂ ਹੈ। ਸਮਾਂ ਹੁੰਦਾ ਤਾਂ ਕਿਸਾਨਾਂ ਦੇ ਹਜ਼ਾਰਾਂ ਏਕੜ ਖੇਤ ਜਲਮਗਨ ਨਾ ਹੁੰਦੇ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਦਾ ਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਕੌਮੀ ਸਕੱਤਰ ਤਰੁਣ ਚੁੱਘ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਪ੍ਰੋ. ਰਜਿੰਦਰ ਭੰਡਾਰੀ ਅਤੇ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ। ਉਹ ਅੱਜ ਇਥੇ ਕੈਪਟਨ ਸਰਕਾਰ ਦੇ ਪੰਜ ਮਹੀਨੇ ਦੇ ਕਾਰਜਕਾਲ ਦੇ ਸੰਬੰਧ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਭਾਜਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਤੁਰੰਤ ਆਪਣੇ ਚੋਣ ਵਾਅਦੇ ਮੁਤਾਬਿਕ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਵੇ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਕੈਪਟਨ ਵੱਲੋਂ ਪੂਰਾ ਕਰਜ਼ਾ ਮੁਆਾਫ ਨਾ ਕਰਨ ਦੇ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਹੁਣ ਤਹਿਸੀਲ ਅਜਨਾਲਾ ਦੇ ਪਿੰਡ ਤੇੜਾਕਲਾਂ ਦੇ ਕਿਸਾਨ ਮੇਜਰ ਸਿੰਘ ਨੇ ਆਪਣੇ ਸੁਸਾਈਡ ਨੋਟ ਵਿਚ ਕਾਂਗਰਸ ਸਰਕਾਰ ਨੂੰ ਜ਼ਿੰਮੇਦਾਰ ਠਹਿਰਾ ਕੇ ਸਾਰਾ ਕੁੱਝ ਸਪੱਸ਼ਟ ਕਰ ਦਿੱਤਾ ਹੈ। ਕੈਪਟਨ ਸਰਕਾਰ ਦੇ 150 ਦਿਨਾਂ ਵਿਚ 180 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸ਼ਰਮਸਾਰ ਕਰਨ ਵਾਲੀ ਗੱਲ ਇਹ ਹੈ ਕਿ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ ਮੁਆਵਜ਼ੇ ਦੇ ਲਈ ਧਰਨੇ ਲਾਉਣੇ ਪੈ ਰਹੇ ਹਨ। ਕਰਜ਼ਾ ਮੁਆਫੀ ਦੀ ਆਸ ਵਿਚ ਕਿਸਾਨ ਬੈਂਕਾਂ ਅਤੇ ਕੋ-ਆਪਰੇਟਿਵ ਸੋਸਾਇਟੀਆਂ ਦਾ ਡਿਫਾਲਟਰ ਹੋ ਗਿਆ ਹੈ ਅਤੇ ਹੁਣ ਨਵੀਂ ਫਸਲ ਦੇ ਲਈ ਉਸ ਨੂੰ ਸ਼ਾਹੂਕਾਰਾਂ ਤੋਂ 15 ਤੋਂ 18 ਫੀਸਦੀ ਵਿਆਜ 'ਤੇ ਕਰਜ਼ਾ ਚੁੱਕਣਾ ਪੈ ਰਿਹਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਤੋਂ ਨਸ਼ਾ ਖਤਮ ਕਰਨ ਅਤੇ ਗੈਂਗਸਟਰ ਕੰਟਰੋਲ ਕਰਨ ਦਾ ਜੋ ਦਾਅਵਾ ਕੀਤਾ ਜਾ ਰਿਹਾ ਸੀ, ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਹੋਰ ਕਿਸੇ ਨੇ ਨਹੀਂ, ਬਲਕਿ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਖੋਲ੍ਹ ਕੇ ਰੱਖ ਦਿੱਤੀ। ਧੀਮਾਨ ਵੱਲੋਂ ਪੰਜਾਬ ਵਿਚ ਨਸ਼ੇ ਦੇ ਵਪਾਰ ਨੂੰ ਲੈ ਕੇ ਜੋ ਦੋਸ਼ ਕਾਂਗਰਸੀ ਆਗੂਆਂ ਅਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਲਾਏ ਗਏ ਹਨ, ਉਹ ਅਤਿ ਗੰਭੀਰ ਹਨ।
ਸੀ. ਐੱਮ. ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਟੋਲ ਪਲਾਜ਼ਾ ਵਸੂਲ ਰਿਹਾ ਹੈ ਪੱਤਰਕਾਰਾਂ ਤੋਂ ਟੋਲ ਟੈਕਸ
NEXT STORY